ਡਿਵਿਲੀਅਰਸ ਤੋਂ ਮਿਲੀ ਸਲਾਹ ਦਾ ਮੇਰੇ ਕਰੀਅਰ ''ਤੇ ਵੱਡਾ ਅਸਰ ਪੈ ਰਿਹੈ : ਹਰਸ਼ਲ ਪਟੇਲ
Saturday, Nov 20, 2021 - 01:24 PM (IST)
ਰਾਂਚੀ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਦੌਰਾਨ ਏ. ਬੀ. ਡਿਵਿਲੀਅਰਸ ਤੋਂ ਮਿਲੀ ਸਲਾਹ ਨੂੰ ਯਾਦ ਕਰਦੇ ਹੋਏ ਭਾਰਤ ਦੇ ਤੇਜ਼ ਗੇਂਦਬਾਜ਼ ਹਰਸ਼ਲ ਪਟੇਲ ਨੇ ਕਿਹਾ ਕਿ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੇ ਸਾਬਕਾ ਸਾਥੀ ਖਿਡਾਰੀ ਏ. ਬੀ. ਡਿਵਿਲੀਅਰਸ ਦਾ ਉਨ੍ਹਾਂ ਦੇ ਕਰੀਅਰ 'ਤੇ ਵੱਡਾ ਅਸਰ ਰਿਹਾ ਹੈ। ਹਰਸ਼ਲ ਨੇ ਨਿਊਜ਼ੀਲੈਂਡ ਖ਼ਿਲਾਫ਼ ਦੂਜੇ ਟੀ-20 ਮੈਚ ਦੇ ਜ਼ਰੀਏ ਸ਼ੁੱਕਰਵਾਰ ਨੂੰ ਕੌਮਾਂਤਰੀ ਕ੍ਰਿਕਟ 'ਚ ਡੈਬਿਊ ਕੀਤਾ ਤੇ 25 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਭਾਰਤ ਨੇ ਮੈਚ 7 ਵਿਕਟਾਂ ਨਾਲ ਜਿੱਤਿਆ ਤੇ ਹਰਸ਼ਲ ਮੈਨ ਆਫ਼ ਦਿ ਮੈਚ ਰਹੇ। ਇਸੇ ਦਿਨ ਦੱਖਣੀ ਅਫ਼ਰੀਕਾ ਦੇ ਮਹਾਨ ਕ੍ਰਿਕਟਰ ਡਿਵਿਲੀਅਰਸ ਨੇ ਕ੍ਰਿਕਟ ਦੇ ਸਾਰੇ ਫ਼ਾਰਮੈਟਸ ਤੋਂ ਸੰਨਿਆਸ ਦਾ ਐਲਾਨ ਕੀਤਾ ਸੀ।
ਹਰਸ਼ਲ ਨੇ ਮੈਚ ਦੇ ਬਾਅਦ ਪ੍ਰੈੱਸ ਕਾਨਫਰੰਸ 'ਚ ਕਿਹਾ, 'ਏ. ਬੀ. ਦਾ ਮੇਰੇ ਕਰੀਅਰ 'ਤੇ ਬਹੁਤ ਅਸਰ ਰਿਹਾ ਹੈ। ਮੈਂ ਹਮੇਸ਼ਾ ਉਨ੍ਹਾਂ ਨੂੰ ਚੁੱਪਚਾਪ ਦੇਖਦਾ ਆਇਆ ਹਾਂ। ਹਾਲ ਹੀ 'ਚ ਮੈਂ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 'ਚ ਮੈਂ ਉਨ੍ਹਾਂ ਤੋਂ ਪੁੱਛਿਆ ਕਿ ਕਿ ਵੱਡੇ ਓਵਰਾਂ 'ਚ ਕਿਫ਼ਾਇਤੀ ਗੇਂਦਬਾਜ਼ੀ ਕਿਵੇਂ ਕਰਾਂ। ਉਨ੍ਹਾਂ ਕਿਹਾ ਕਿ ਬੱਲੇਬਾਜ਼ ਚੰਗੀ ਗੇਂਦ ਨੂੰ ਵੀ ਹਿੱਟ ਕਰੇ ਤਾਂ ਵੀ ਬਦਲਾਅ ਨਾ ਕਰੋ। ਚੰਗੀਆਂ ਗੇਂਦਾਂ ਨੂੰ ਮਾਰਨ ਲਈ ਬੱਲੇਬਾਜ਼ ਨੂੰ ਮਜਬੂਰ ਕਰੋ ਕਿਉਂਕਿ ਉਹ ਸੋਚੇਗਾ ਕਿ ਤੁਸੀਂ ਦੂਜੀ ਗੇਂਦ ਕਰਾਓਗੇ ਪਰ ਅਜਿਹਾ ਨਹੀਂ ਹੋਵੇਗਾ।'
ਉਨ੍ਹਾਂ ਕਿਹਾ, 'ਆਈ. ਪੀ. ਐੱਲ. ਦੇ ਦੂਜੇ ਪੜਾਅ 'ਚ ਇਹ ਗੱਲ ਮੇਰੇ ਜ਼ਹਿਨ 'ਚ ਰਹੀ ਤੇ ਹੁਣ ਪੂਰੇ ਕਰੀਅਰ 'ਚ ਰਹੇਗੀ।' ਹਰਸ਼ਲ ਨੇ ਆਈ. ਪੀ. ਐੱਲ. ਦੇ ਇਸ ਸੈਸ਼ਨ 'ਚ ਸਭ ਤੋਂ ਜ਼ਿਆਦਾ ਵਿਕਟਾਂ ਲਈਆਂ। ਅਮਰੀਕੀ ਗ੍ਰੀਨਕਾਰਡ ਹੋਲਡਰ ਹਰਸ਼ਲ ਆਪਣੇ ਭਰਾ ਦੇ ਕਹਿਣ 'ਤੇ ਭਾਰਤ 'ਚ ਰੁਕੇ ਸਨ। ਉਨ੍ਹਾਂ ਕਿਹਾ, 'ਬਚਪਨ 'ਚ ਮੈਂ ਬਹੁਤ ਬੇਸਬਰਾ ਸੀ ਪਰ ਆਪਣੇ ਤਜਰਬਿਆਂ, ਕਿਤਾਬਾਂ ਤੇ ਕਾਮਯਾਬ ਲੋਕਾਂ ਤੋਂ ਸੁਣ ਕੇ ਸਿੱਖਿਆ।' ਉਨ੍ਹਾਂ ਕਿਹਾ, 'ਸੰਜਮ ਸਭ ਤੋਂ ਜ਼ਰੂਰੀ ਹੈ ਜੋ ਹੌਲੀ-ਹੌਲੀ ਆਉਂਦਾ ਹੈ। ਜੇਕਰ ਬਿਹਤਰੀ ਲਈ ਕੋਈ ਬਦਲਾਅ ਕਰਨਾ ਹੈ ਤਾਂ ਉਸ ਦੇ ਲਈ ਕਾਫੀ ਸਬਰ ਨਾਲ ਕੰਮ ਲੈਣਾ ਹੋਵੇਗਾ। ਮੈਂ ਵੀ ਇਸ ਨੂੰ ਹੌਲੀ-ਹੌਲੀ ਹੀ ਸਿੱਖਿਆ ਹੈ।