ਟੈਨਿਸ ਖਿਡਾਰਨਾਂ ਨੂੰ ਮਿਲੇਗੀ ਹੁਣ ਪੇਡ ਮੈਟਰਨਿਟੀ ਲੀਵ
Saturday, Mar 08, 2025 - 06:55 PM (IST)

ਵਾਸ਼ਿੰਗਟਨ– ਮਹਿਲਾ ਟੈਨਿਸ ਟੂਰ ’ਤੇ ਗਰਭਵਤੀ ਖਿਡਾਰਨਾਂ ਨੂੰ ਹੁਣ 12 ਮਹੀਨਿਆਂ ਦੀ ਪੇਡ ਮੈਟਰਨਿਟੀ ਲੀਵ ਮਿਲ ਸਕਦੀ ਹੈ ਅਤੇ ਉਹ ਜੋ ਪਾਰਟਨਰ ਗਰਭ ਅਵਸਥਾ, ਸਰੋਗੇਸੀ ਜਾਂ ਗੋਦ ਲੈਣ ਦੇ ਜ਼ਰੀਏ ਮਾਪੇ ਬਣਦੇ ਹਨ, ਉਹ ਸਾਊਦੀ ਅਰਬ ਦੇ ਪਬਲਿਕ ਇਨਵੈਸਟਮੈਂਟ ਫੰਡ ਦੁਆਰਾ ਸਪਾਂਸਰ ਕੀਤੇ ਗਏ ਅਤੇ ਡਬਲਯੂ.ਟੀ.ਏ. ਵੱਲੋਂ ਐਲਾਨ ਕੀਤੇ ਗਏ ਪ੍ਰੋਗਰਾਮ ਦੇ ਤਹਿਤ ਤਨਖਾਹ ਦੇ ਨਾਲ ਦੋ ਮਹੀਨਿਆਂ ਦੀ ਛੁੱਟੀ ਪ੍ਰਾਪਤ ਕਰ ਸਕਦੇ ਹਨ।
ਡਬਲਯੂ. ਟੀ. ਏ. ਦੇ ਸੀ. ਈ. ਓ. ਪੋਰਟੀਆ ਆਰਚਰ ਨੇ ਕਿਹਾ ਕਿ ਆਜ਼ਾਦ ਕਰਾਰ ਵਾਲੇ ਤੇ ਸਵੈ-ਰੋਜ਼ਗਾਰ ਵਾਲੇ ਵਿਅਕਤੀਆਂ ਕੋਲ ਆਮ ਤੌਰ ’ਤੇ ਇਸ ਕਿਸਮ ਦੇ ਜਣੇਪਾ ਲਾਭ ਉਪਲੱਬਧ ਨਹੀਂ ਹੁੰਦੇ ਹਨ। ਉਨ੍ਹਾਂ ਨੂੰ ਆਪਣੇ ਲਈ ਉਹ ਲਾਭ ਲੱਭਣੇ ਪੈਂਦੇ ਹਨ। ਇਹ ਸੱਚਮੁੱਚ ਵਿਲੱਖਣ ਅਤੇ ਬੇਮਿਸਾਲ ਹੈ।
ਇਸ ਫੰਡ ਤੋਂ ਲਾਭ ਲੈਣ ਲਈ 300 ਤੋਂ ਵੱਧ ਖਿਡਾਰਨਾਂ ਯੋਗ ਹੋਣਗੀਆਂ। ਡਬਲਯੂ. ਟੀ. ਏ. ਨੇ ਇਹ ਨਹੀਂ ਦੱਸਿਆ ਕਿ ਕਿੰਨਾ ਪੈਸਾ ਇਸ ਵਿਚ ਮਿਲੇਗਾ। ਇਸ ਦੇ ਤਹਿਤ ਅੰਡੇ ਦੀ ਫਰੀਜ਼ਿੰਗ ਅਤੇ ਆਈ.ਵੀ.ਐੱਫ. ਵਰਗੇ ਪ੍ਰਜਨਨ ਇਲਾਜ ਲਈ ਵੀ ਗ੍ਰਾਂਟ ਮਿਲੇਗੀ।
ਹਾਲ ਹੀ ਵਿਚ, ਬਹੁਤ ਸਾਰੀਆਂ ਖਿਡਾਰਨਾਂ ਮਾਵਾਂ ਬਣਨ ਤੋਂ ਬਾਅਦ ਕੋਰਟ ਵਿਚ ਵਾਪਸ ਆਈਆਂ ਹਨ, ਉਦਾਹਰਣ ਵਜੋਂ, ਟੋਕੀਓ ਓਲੰਪਿਕ ਦੀ ਸੋਨ ਤਗਮਾ ਜੇਤੂ ਬੇਲਿੰਡਾ ਬੈਂਚਿਚ ਨੇ ਅਕਤੂਬਰ ਵਿਚ ਜਣੇਪਾ ਛੁੱਟੀ ਤੋਂ ਵਾਪਸ ਆਉਣ ਤੋਂ ਬਾਅਦ ਇਹ ਖਿਤਾਬ ਜਿੱਤਿਆ ਸੀ। ਦੁਨੀਆ ਦੀ ਸਾਬਕਾ ਨੰਬਰ ਇਕ ਖਿਡਾਰਨ ਸੇਰੇਨਾ ਵਿਲੀਅਮਸ, ਨਾਓਮੀ ਓਸਾਕਾ, ਕਿਮ ਕਲਾਈਜਰਜ਼, ਕੈਰਿਲੋਨ ਵੋਜਨਿਆਕੀ ਤੇ ਵਿਕਟੋਰੀਆ ਅਜਾਰੇਂਕਾ ਨੇ ਵੀ ਮਾਂ ਬਣਨ ਤੋਂ ਬਾਅਦ ਵਾਪਸੀ ਕੀਤੀ।
ਡਬਲਯੂ. ਟੀ. ਏ. ਖਿਡਾਰੀਆਂ ਦੀ ਪ੍ਰੀਸ਼ਦ ਦੀ ਮੈਂਬਰ ਤੇ ਇਸ ਪਹਿਲ ਵਿਚ ਪ੍ਰਮੁੱਖ ਯੋਗਦਾਨ ਦੇਣ ਵਾਲੀ ਅਜਾਰੇਂਕਾ ਨੇ ਕਿਹਾ,‘‘ਸਾਨੂੰ ਮਹਿਲਾ ਖਿਡਾਰੀਆਂ ਤੋਂ ਇਹ ਫੀਡਬੈਕ ਮਿਲੀ ਹੈ ਕਿ ਉਹ ਇਸ ਨੂੰ ਲੈ ਕੇ ਬਹੁਤ ਖੁਸ਼ ਹਨ। ਇਹ ਖੇਡ ਵਿਚ ਗੱਲਬਾਤ ਨੂੰ ਬਦਲੇਗਾ ਤੇ ਖੇਡ ਤੋਂ ਇਲਾਵਾ ਵੀ ਇਹ ਇਕ ਵਿਸ਼ਵ ਪੱਧਰੀ ਗੱਲਬਾਤ ਹੈ ਤੇ ਮੈਨੂੰ ਖੁਸ਼ੀ ਹੈ ਕਿ ਅਸੀਂ ਇਸਦਾ ਹਿੱਸਾ ਹਾਂ।’’