ਤੇਂਦੁਲਕਰ ਨੇ BCCI ਸਕੱਤਰ ਵਜੋਂ ਜੈ ਸ਼ਾਹ ਦੇ ਕੰਮਕਾਜ਼ ਦੀ ਕੀਤੀ ਪ੍ਰਸ਼ੰਸਾ
Wednesday, Aug 28, 2024 - 06:06 PM (IST)
ਮੁੰਬਈ- ਦਿੱਗਜ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ਨਵ-ਨਿਯੁਕਤ ਪ੍ਰਧਾਨ ਜੈ ਸ਼ਾਹ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸਕੱਤਰ ਵਜੋਂ ਪੁਰਸ਼ ਅਤੇ ਮਹਿਲਾ ਕ੍ਰਿਕਟ ਨੂੰ ਸਮਾਨ ਤਰਜੀਹ ਦੇਣ ਦੀ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੇ ਸਦਕਾਂ ਭਾਰਤੀ ਬੋਰਡ ਹੋਰ ਪ੍ਰਬੰਧਕ ਸੰਸਥਾਵਾਂ ਤੋਂ ਬਹੁਤ ਅੱਗੇ ਨਿਕਲ ਗਿਆ। ਸ਼ਾਹ ਨੇ ਅਕਤੂਬਰ 2019 ਵਿੱਚ ਬੀਸੀਸੀਆਈ ਦਾ ਅਹੁਦਾ ਸੰਭਾਲਿਆ ਸੀ। ਉਹ ਪੰਜ ਸਾਲ ਇਸ ਅਹੁਦੇ 'ਤੇ ਰਹੇ ਅਤੇ ਹੁਣ ਉਨ੍ਹਾਂ ਨੂੰ ਇਸ ਅਹੁਦੇ ਨੂੰ ਛੱਡਣਾ ਪਵੇਗਾ। ਉਹ 1 ਦਸੰਬਰ ਨੂੰ ਆਈਸੀਸੀ ਵਿੱਚ ਆਪਣਾ ਅਹੁਦਾ ਸੰਭਾਲਣਗੇ।
ਤੇਂਦੁਲਕਰ ਨੇ ਸ਼ਾਹ ਨੂੰ ਵਧਾਈ ਦਿੰਦੇ ਹੋਏ ਐਕਸ 'ਤੇ ਲਿਖਿਆ, ''ਉਤਸਾਹਿਤ ਹੋਣਾ ਅਤੇ ਕ੍ਰਿਕਟ ਲਈ ਕੁਝ ਚੰਗਾ ਕਰਨ ਦੀ ਭਾਵਨਾ ਇੱਕ ਕ੍ਰਿਕਟ ਪ੍ਰਸ਼ਾਸਕ ਲਈ ਜ਼ਰੂਰੀ ਗੁਣ ਹਨ। ਜੈ ਸ਼ਾਹ ਨੇ ਬੀਸੀਸੀਆਈ ਸਕੱਤਰ ਵਜੋਂ ਆਪਣੇ ਕਾਰਜਕਾਲ ਦੌਰਾਨ ਇਨ੍ਹਾਂ ਗੁਣਾਂ ਦੀ ਚੰਗੀ ਵਰਤੋਂ ਕੀਤੀ।
ਉਨ੍ਹਾਂ ਨੇ ਕਿਹਾ, "ਮਹਿਲਾ ਕ੍ਰਿਕਟ ਅਤੇ ਪੁਰਸ਼ ਕ੍ਰਿਕਟ ਦੋਵਾਂ ਨੂੰ ਪਹਿਲ ਦੇਣ ਦੇ ਉਨ੍ਹਾਂ ਦੇ ਯਤਨਾਂ ਨੇ ਬੀਸੀਸੀਆਈ ਨੂੰ ਇੱਕ ਪਾਇਨੀਅਰ ਬਣਾਇਆ ਹੈ ਜਿਸਦਾ ਹੋਰ ਬੋਰਡ ਵੀ ਪਾਲਣਾ ਕਰ ਸਕਦੇ ਹਨ। ਮੈਂ ਉਨ੍ਹਾਂ ਨੂੰ ਉਸਦੀ ਅਗਲੀ ਪਾਰੀ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ। ਉਹ ਆਈਸੀਸੀ ਦੇ ਸਭ ਤੋਂ ਨੌਜਵਾਨ ਪ੍ਰਧਾਨ ਬਣ ਗਏ ਹਨ। ਸ਼ਾਹ ਆਈਸੀਸੀ ਮੁਖੀ ਬਣਨ ਵਾਲੇ ਪੰਜਵੇਂ ਭਾਰਤੀ ਹੋਣਗੇ ਅਤੇ ਤੇਂਦੁਲਕਰ ਨੂੰ ਉਮੀਦ ਹੈ ਕਿ ਉਹ ਵਿਰਾਸਤ ਨੂੰ ਅੱਗੇ ਲਿਜਾਣ ਵਿੱਚ ਸਫਲ ਹੋਣਗੇ।