ਤੇਂਦੁਲਕਰ ਨੇ ਫਰਜ਼ੀ ਹੈਲਮਟ ਨਿਰਮਾਤਾਵਾਂ ਦੇ ਖਿਲਾਫ ਕਾਰਵਾਈ ਦੀ ਕੀਤੀ ਅਪੀਲ
Tuesday, Mar 20, 2018 - 03:01 PM (IST)

ਨਵੀਂ ਦਿੱਲੀ, (ਬਿਊਰੋ)— ਚੈਂਪੀਅਨ ਕ੍ਰਿਕਟਰ ਅਤੇ ਰਾਜਸਭਾ ਸੰਸਦ ਮੈਂਬਰ ਸਚਿਨ ਤੇਂਦੁਲਕਰ ਨੇ ਦੁਪਹੀਆ ਵਾਹਨਾਂ ਨੂੰ ਚਲਾਉਂਦੇ ਸਮੇਂ ਸੁਰੱਖਿਆ ਵਰਤਨ ਦੇ ਲਈ ਆਪਣੀ ਮੁਹਿੰਮ ਦੇ ਤਹਿਤ ਘਟੀਆ ਹੈਲਮਟ ਬਣਾਉਣ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੂੰ ਲਿਖੀ ਚਿੱਠੀ 'ਚ ਤੇਂਦੁਲਕਰ ਨੇ ਕਿਹਾ ਕਿ ਦੋ ਪਹੀਆ ਵਾਹਨਾਂ ਦੇ ਵਧਦੇ ਹਾਦਸਿਆਂ ਨੂੰ ਲੈ ਕੇ ਇਹ ਜ਼ਰੂਰੀ ਹੈ ਕਿ ਸੁਰੱਖਿਆ ਉਪਕਰਨ ਉੱਚ ਪੱਧਰ ਦੇ ਹੋਣ।
ਉਨ੍ਹਾਂ ਲਿਖਿਆ, ''ਮੈਂ ਤੁਹਾਡੇ ਮੰਤਰਾਲਾ ਤੋਂ ਬੇਨਤੀ ਕਰਾਂਗਾ ਕਿ ਘਟੀਆ ਕਿਸਮ ਦੇ ਹੈਲਮਟ ਬਣਾਉਣ ਵਾਲਿਆਂ ਅਤੇ ਫਰਜ਼ੀ ਆਈ.ਐੱਸ.ਆਈ. ਮਾਰਕ ਦੇ ਨਾਲ ਉਸ ਨੂੰ ਵੇਚਣ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਕ ਖਿਡਾਰੀ ਹੋਣ ਦੇ ਕਰਕੇ ਮੈਂ ਸੋਚਦਾ ਹਾਂ ਕਿ ਮੈਦਾਨ 'ਤੇ ਜਦੋਂ ਅਸੀਂ ਖੇਡਦੇ ਹਾਂ ਤਾਂ ਉੱਚ ਪੱਧਰ ਦੇ ਸੁਰੱਖਿਆ ਉਪਕਰਨ ਕਿੰਨੇ ਜ਼ਰੂਰੀ ਹੁੰਦੇ ਹਨ।''
ਉਨ੍ਹਾਂ ਕਿਹਾ, ''ਹੈਲਮਟ ਦੇ ਲਈ ਵੀ ਇਹ ਜ਼ਰੂਰੀ ਹੈ ਕਿ ਗੁਣਵੱਤਾ ਦਾ ਪੱਧਰ ਬਰਕਰਾਰ ਰਖਿਆ ਜਾਵੇ।'' ਸੜਕ ਸੁਰੱਖਿਆ ਦੇ ਹਿਮਾਇਤੀ ਤੇਂਦੁਲਕਰ ਲੋਕਾਂ ਨੂੰ ਹੈਲਮਟ ਦਾ ਇਸਤੇਮਾਲ ਕਰਨ ਦੇ ਲਈ ਸੋਸ਼ਲ ਮੀਡੀਆ 'ਤੇ ਲਗਾਤਾਰ ਲਿਖਦੇ ਰਹੇ ਹਨ। ਉਨ੍ਹਾਂ ਨੇ ਚੰਗੀ ਕਿਸਮ ਦੇ ਹੈਲਮਟ ਦੀਆਂ ਕੀਮਤਾਂ ਘੱਟ ਕਰਨ ਦੀ ਵੀ ਅਪੀਲ ਕੀਤੀ ਤਾਂ ਜੋ ਦੁਪਹੀਆ ਵਾਹਨ ਚਾਲਕ ਸਸਤੇ ਦੇ ਚੱਕਰ 'ਚ ਘਟੀਆ ਹੈਲਮਟ ਨਾ ਖਰੀਦਣ।