ਨਿਸ਼ਾਨੇਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ : ਤੇਜਸਵਿਨੀ ਨੂੰ ਸੋਨ, ਮੁਦਗਲ ਨੂੰ ਚਾਂਦੀ ਤਮਗਾ

04/13/2018 9:45:35 AM

ਬ੍ਰਿਸਬੇਨ, (ਬਿਊਰੋ)— ਸਟਾਰ ਨਿਸ਼ਾਨੇਬਾਜ਼ ਤੇਜਸਵਿਨੀ ਸਾਵੰਤ ਨੇ ਰਾਸ਼ਟਰਮੰਡਲ ਖੇਡਾਂ 'ਚ ਮਹਿਲਾਵਾਂ ਦੀ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ 'ਚ ਖੇਡਾਂ ਦਾ ਨਵਾਂ ਰਿਕਾਰਡ ਬਣਾਉਂਦੇ ਹੋਏ ਸੋਨ ਤਮਗਾ ਜਿੱਤਿਆ ਜਦਕਿ ਅੰਜੁਮ ਮੁਦਗਲ ਨੂੰ ਚਾਂਦੀ ਦਾ ਤਮਗਾ ਮਿਲਿਆ ਹੈ। ਭਾਰਤੀ ਨਿਸ਼ਾਨੇਬਾਜ਼ਾਂ ਨੇ ਬੇਲਮੋਂਟ ਨਿਸ਼ਾਨੇਬਾਜ਼ੀ ਰੇਂਜ 'ਤੇ ਸੋਨ ਤਮਗੇ ਜਿੱਤਣ ਦਾ ਸਿਲਸਿਲਾ ਕਾਇਮ ਰਖਦੇ ਹੋਏ ਇਸ ਵਰਗ 'ਚ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ। 37 ਸਾਲ ਦੀ ਤੇਜਸਵਿਨੀ ਨੇ ਰਾਸ਼ਟਰਮੰਡਲ ਖੇਡਾਂ ਦਾ ਰਿਕਾਰਡ ਬਣਾਉਂਦੇ ਹੋਏ ਫਾਈਨਲ 'ਚ 457.9 ਸਕੋਰ ਕੀਤਾ ਜਦਕਿ ਮੁਦਗਲ ਦਾ ਸਕੋਰ 455.7 ਰਿਹਾ। ਸਕਾਟਲੈਂਡ ਦੀ ਸਿਓਨੇਡ ਮੈਕਿਨਟੋਸ਼ ਨੇ ਕਾਂਸੀ ਤਮਗਾ ਜਿੱਤਿਆ। 

ਤੇਜਸਵਿਨੀ ਦਾ ਇਹ 7ਵਾਂ ਰਾਸ਼ਟਰਮੰਡਲ ਤਮਗਾ ਹੈ ਜਿਸ ਨੇ 2006 'ਚ ਦੋ ਸੋਨ ਜਿੱਤੇ ਸਨ। ਇਸ ਤੋਂ ਇਲਾਵਾ ਉਨ੍ਹਾਂ 2010 'ਚ 2 ਚਾਂਦੀ ਅਤੇ ਇਕ ਕਾਂਸੀ ਤਮਗਾ ਜਿੱਤਿਆ ਸੀ ਜਦਕਿ ਮੌਜੂਦਾ ਖੇਡਾਂ 'ਚ ਵੀਰਵਾਰ ਨੂੰ 50 ਮੀਟਰ ਰਾਈਫਲ ਪ੍ਰੋਨ 'ਚ ਚਾਂਦੀ ਤਮਗਾ ਜਿੱਤਿਆ। ਦੂਜੇ ਪਾਸੇ ਮੁਦਗਲ ਪਹਿਲੀ ਵਾਰ ਇਨ੍ਹਾਂ ਖੇਡਾਂ 'ਚ ਹਿੱਸਾ ਲੈ ਰਹੀ ਹੈ ਅਤੇ ਇਹ ਉਸ ਦਾ ਪਹਿਲਾ ਤਮਗਾ ਹੈ। ਉਹ ਪ੍ਰੋਨ 'ਚ 16ਵੇਂ ਸਥਾਨ 'ਤੇ ਰਹੀ ਸੀ। ਕੁਆਲੀਫਿਕੇਸ਼ਨ 'ਚ ਮੁਦਗਲ ਨੇ ਰਾਸਟਰਮੰਡਲ ਕੁਆਲੀਫਾਇੰਗ ਰਿਕਾਰਡ ਤੋੜਦੇ ਹੋਏ 589 (ਨੀਲਿੰਗ 'ਚ 196, ਪ੍ਰੋਨ 'ਚ 199 ਅਤੇ ਸਟੈਂਡਿੰਗ 'ਚ 194) ਸਕੋਰ ਕੀਤਾ ਸੀ। ਜਦਕਿ ਤੇਜਸਵਿਨੀ 582 (194, 196, 192) ਤੀਜੇ ਸਥਾਨ 'ਤੇ ਰਹੀ ਸੀ। ਤੇਜਸਵਿਨੀ ਨੇ ਇਸ ਤੋਂ ਪਹਿਲਾਂ 2010 'ਚ ਯੂਨਿਖ ਵਿਸ਼ਵ ਚੈਂਪੀਅਨਸ਼ਿਪ 'ਚ 50 ਮੀਟਰ ਰਾਈਫਲ ਪ੍ਰੋਨ 'ਚ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ ਸੀ।


Related News