ਮਿੰਟ, ਜ਼ਿੱਪਰ, ਦੰਦ ਤੇ ਹੁਣ ਰੇਗਮਾਰ, ਜਾਣੋ ਗੇਂਦ ਨਾਲ ਛੇੜਖਾਨੀ ਕਰਨ ਦੇ ਅਨੋਖੇ ਹੱਥਕੰਡੇ
Tuesday, Mar 27, 2018 - 10:46 AM (IST)

ਨਵੀਂ ਦਿੱਲੀ (ਭਾਸ਼ਾ)— ਆਸਟਰੇਲੀਆਈ ਟੀਮ ਦੇ ਖਿਡਾਰੀਆਂ ਵਲੋਂ ਗੇਂਦ ਨਾਲ ਛੇੜਖਾਨੀ ਕਰਨ ਦੇ ਤਾਜ਼ਾ ਮਾਮਲੇ ਤੋਂ ਬਾਅਦ ਇਸ ਦੇ ਤਰੀਕਿਆਂ 'ਤੇ ਇਕ ਵਾਰ ਫਿਰ ਤੋਂ ਬਹਿਸ ਛਿੜ ਗਈ ਹੈ, ਜਿਸ 'ਚ ਦੰਦ, ਜ਼ਿੱਪਰ (ਚੇਨ), ਮਿੰਟ, ਮਿੱਟੀ ਤੇ ਹੁਣ ਰੇਗਮਾਰ ਦਾ ਨਾਂ ਸ਼ਾਮਲ ਹੋ ਗਿਆ ਹੈ।
ਆਸਟਰੇਲੀਆ ਦੇ ਕੈਮਰੂਨ ਬੈਨਕ੍ਰਾਫਟ ਨੂੰ ਪੀਲੇ ਰੰਗ ਦੀ ਪੱਟੀ ਨਾਲ ਗੇਂਦ ਨੂੰ ਰਗੜਨ ਦਾ ਦੋਸ਼ੀ ਪਾਇਆ ਗਿਆ ਹੈ। ਉਸ ਦੀ ਇਹ ਹਰਕਤ ਮੈਦਾਨ ਵਿਚ ਮੌਜੂਦ ਕੈਮਰਾਮੈਨ ਆਸਕਰ ਦੀਆਂ ਨਜ਼ਰਾਂ ਤੋਂ ਨਹੀਂ ਬਚ ਸਕੀ।
ਜੈਂਟਲਮੈਨਾਂ ਦੀ ਖੇਡ ਦੇ ਨਾਂ ਨਾਲ ਮਸ਼ਹੂਰ ਇਸ ਖੇਡ 'ਚ ਕਈ ਦਹਾਕਿਆਂ ਤੋਂ ਖਿਡਾਰੀਆਂ 'ਤੇ ਗੇਂਦ ਨਾਲ ਛੇੜਖਾਨੀ ਦੇ ਦੋਸ਼ ਲੱਗਦੇ ਰਹੇ ਹਨ।
ਪਹਿਲਾ ਦੋਸ਼ 70 ਦੇ ਦਹਾਕੇ 'ਚ ਲੱਗਾ ਸੀ
ਗੇਂਦ ਨਾਲ ਛੇੜਖਾਨੀ ਦਾ ਪਹਿਲਾ ਦੋਸ਼ 70 ਦੇ ਦਹਾਕੇ ਦੇ ਮੱਧ 'ਚ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜਾਨ ਲੀਵਰ 'ਤੇ ਲੱਗਾ ਸੀ। ਭਾਰਤੀ ਕਪਤਾਨ ਬਿਸ਼ਨ ਸਿੰਘ ਬੇਦੀ ਨੇ ਲੀਵਰ 'ਤੇ 1976 ਵਿਚ ਐੱਮ.ਸੀ.ਸੀ. ਦੇ ਭਾਰਤੀ ਦੌਰੇ ਦੌਰਾਨ ਗੇਂਦ 'ਤੇ ਵੈਸਲੀਨ ਲਾਉਣ ਦਾ ਦੋਸ਼ ਲਾਇਆ ਸੀ, ਜਿਸ ਤੋਂ ਬਾਅਦ ਬੇਦੀ ਬ੍ਰਿਟਿਸ਼ ਮੀਡੀਆ ਦੇ ਨਿਸ਼ਾਨੇ 'ਤੇ ਆ ਗਿਆ ਸੀ।
ਸਭ ਤੋਂ ਪਹਿਲੀ ਪਾਬੰਦੀ ਵੱਕਾਰ ਯੂਨਿਸ 'ਤੇ ਲੱਗੀ
ਗੇਂਦ ਨਾਲ ਛੇੜਖਾਨੀ ਦੇ ਮਾਮਲੇ ਵਿਚ ਸਭ ਤੋਂ ਪਹਿਲਾਂ 2000 ਵਿਚ ਪਾਕਿਸਤਾਨ ਦੇ ਗੇਂਦਬਾਜ਼ ਵੱਕਾਰ ਯੂਨਿਸ ਨੂੰ ਪਾਬੰਦੀਸ਼ੁਦਾ ਕੀਤਾ ਗਿਆ ਸੀ। ਯੂਨਿਸ ਤੇ ਪਾਕਿਸਤਾਨ ਦੇ ਦੂਜੇ ਗੇਂਦਬਾਜ਼ ਵਸੀਮ ਅਕਰਮ 'ਤੇ 1992 'ਚ ਰਿਵਰਸ ਸਵਿੰਗ ਲਈ ਗੇਂਦ ਨਾਲ ਛੇੜਖਾਨੀ ਦਾ ਦੋਸ਼ ਲੱਗਾ ਸੀ।
ਮਾਈਕਲ ਆਰਥਟਨ ਵੀ ਫਸਿਆ ਸੀ
ਇੰਗਲੈਂਡ ਦਾ ਕਪਤਾਨ ਮਾਈਕਲ ਆਰਥਟਨ ਵੀ ਜੇਬ ਵਿਚ ਰੱਖੀ ਮਿੱਟੀ ਦੀ ਮਦਦ ਨਾਲ ਗੇਂਦ ਨਾਲ ਛੇੜਖਾਨੀ ਦੇ ਮਾਮਲੇ 'ਚ ਫਸਿਆ ਸੀ। ਉਸ ਨੇ ਆਪਣਾ ਬਚਾਅ ਕਰਦਿਆਂ ਕਿਹਾ ਸੀ ਕਿ ਉਸ ਨੇ ਹੱਥ ਸੁਖਾਉਣ ਲਈ ਮਿੱਟੀ ਰੱਖੀ ਸੀ ਪਰ ਫਿਰ ਵੀ ਉਸ 'ਤੇ 2000 ਪੌਂਡ ਦਾ ਜੁਰਮਾਨਾ ਲੱਗਾ ਸੀ।
ਮਾਰਕਸ ਨੇ ਕਰੀਅਰ ਖਤਮ ਹੋਣ ਤੋਂ ਬਾਅਦ ਮੰਨੀ ਸੀ ਗੇਂਦ ਨਾਲ ਛੇੜਖਾਨੀ ਦੀ ਗੱਲ
ਕੁਝ ਅਜਿਹੇ ਵੀ ਖਿਡਾਰੀ ਹਨ, ਜਿਨ੍ਹਾਂ ਨੇ ਕਰੀਅਰ ਖਤਮ ਹੋਣ ਤੋਂ ਬਾਅਦ ਗੇਂਦ ਨਾਲ ਛੇੜਖਾਨੀ ਦੀ ਗੱਲ ਮੰਨੀ। ਇਨ੍ਹਾਂ ਵਿਚ ਇੰਗਲੈਂਡ ਦਾ ਮਾਰਕਸ ਟ੍ਰੈਸਕੋਟਿਕ ਸ਼ਾਮਲ ਹੈ, ਜਿਸ ਨੇ ਆਪਣੀ ਕਿਤਾਬ ਵਿਚ 2005 'ਚ ਏਸ਼ੇਜ਼ ਸੀਰੀਜ਼ ਵਿਚ ਮਿੰਟ ਨਾਲ ਗੇਂਦ ਚਮਕਾਉਣ ਦੀ ਗੱਲ ਮੰਨੀ ਸੀ।
ਗੇਂਦ ਨੂੰ ਦੰਦਾਂ ਨਾਲ ਕੱਟਦਾ ਫੜਿਆ ਗਿਆ ਸੀ ਅਫਰੀਦੀ
ਪਾਕਿਸਤਾਨ ਦਾ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਵੀ ਕੈਮਰੇ ਦੀ ਨਜ਼ਰ ਤੋਂ ਗੇਂਦ ਨਾਲ ਛੇੜਖਾਨੀ ਕਰਦਾ ਫੜਿਆ ਗਿਆ ਸੀ, ਜਿਸ ਵਿਚ ਉਸ ਨੂੰ ਗੇਂਦ ਨੂੰ ਦੰਦ ਨਾਲ ਕੱਟਦੇ ਹੋਏ ਦੇਖਿਆ ਗਿਆ। ਇਸ ਤੋਂ ਬਾਅਦ ਉਸ 'ਤੇ ਦੋ ਮੈਚਾਂ ਦੀ ਪਾਬੰਦੀ ਲੱਗੀ, ਹਾਲਾਂਕਿ ਉਸ ਨੇ ਅਜੀਬੋ-ਗਰੀਬ ਤਰੀਕੇ ਨਾਲ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕਰਦਿਆਂ ਕਿਹਾ ਕਿ ਉਹ ਗੇਂਦ ਨੂੰ ਸੁੰਘ ਰਿਹਾ ਸੀ। ਦੱਖਣੀ ਅਫਰੀਕਾ ਦਾ ਮੌਜੂਦਾ ਕਪਤਾਨ ਫਾਫ ਡੂ ਪਲੇਸਿਸ ਵੀ ਦੋ ਵਾਰ ਗੇਂਦ ਨਾਲ ਛੇੜਖਾਨੀ ਕਰਦਾ ਫੜਿਆ ਗਿਆ ਸੀ।