ਟੀਮ ਇੰਡੀਆ ਸਖਤ ਪਾਬੰਦੀਆਂ ਦੇ ਨਾਲ ਬ੍ਰਿਸਬੇਨ ਜਾਣ ਨੂੰ ਤਿਆਰ ਨਹੀਂ

Monday, Jan 04, 2021 - 02:28 AM (IST)

ਟੀਮ ਇੰਡੀਆ ਸਖਤ ਪਾਬੰਦੀਆਂ ਦੇ ਨਾਲ ਬ੍ਰਿਸਬੇਨ ਜਾਣ ਨੂੰ ਤਿਆਰ ਨਹੀਂ

ਮੈਲਬੋਰਨ– ਭਾਰਤੀ ਟੀਮ ਆਸਟਰੇਲੀਆ ਵਿਰੁੱਧ ਬ੍ਰਿਸਬੇਨ ਵਿਚ ਹੋਣ ਵਾਲੇ ਚੌਥੇ ਤੇ ਆਖਰੀ ਟੈਸਟ ਮੈਚ ਲਈ ਸਖਤ ਪਾਬੰਦੀਆਂ ਦੇ ਨਾਲ ਉਥੇ ਜਾਣ ਲਈ ਤਿਆਰ ਨਹੀਂ ਹੈ। ਕਵੀਂਸਲੈਂਡ ਵਿਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਟੀਮ ਨੂੰ ਸਖਤ ਲਾਕਡਾਊਨ ਵਿਚ ਰਹਿਣਾ ਪੈ ਸਕਦਾ ਹੈ, ਜਿਸ ਵਿਚ ਉਸਦੀ ਯਾਤਰਾ ਹੋਟਲ ਤੋਂ ਸਟੇਡੀਅਮ ਤਕ ਦੀਆਂ ਗਤੀਵਿਧੀਆਂ ਸੀਮਤ ਕੀਤੀਆਂ ਜਾ ਸਕਦੀਆਂ ਹਨ। ਟੀਮ ਇੰਡੀਆ ਨੇ ਦੌਰੇ ਦੀ ਸ਼ੁਰੂਆਤ ਤੋਂ ਹੀ ਇਹ ਸਾਫ ਕੀਤਾ ਸੀ ਕਿ ਟੀਮ 14 ਦਿਨਾਂ ਦੀ ਜ਼ਰੂਰੀ ਕੁਆਰੰਟਾਈਨ ਮਿਆਦ ਨੂੰ ਪੂਰਾ ਕਰਨ ਤੋਂ ਬਾਅਦ ਕਿਸੇ ਬੰਧਨ ਵਿਚ ਨਹੀਂ ਰਹੇਗੀ ਪਰ ਬ੍ਰਿਸਬੇਨ ਵਿਚ ਉਸਦੀਆਂ ਗਤੀਵਿਧੀਆਂ ਸੀਮਤ ਕਰਨ ਦੀ ਸੰਭਾਵਨਾ ਵਿਚਾਲੇ ਟੀਮ ਸਿਡਨੀ ਵਿਚ ਹੀ ਰਹਿਣਾ ਪਸੰਦ ਕਰੇਗੀ।

PunjabKesari
ਟੀਮ ਇੰਡੀਆ ਦੇ ਇਕ ਸੂਤਰ ਨੇ ਕਿਹਾ,‘‘ਜੇਕਰ ਤੁਸੀਂ ਦੇਖੋ ਤਾਂ ਟੀਮ ਆਸਟਰੇਲੀਆ ਆਉਣ ਤੋਂ ਪਹਿਲਾਂ ਦੁਬਈ ਵਿਚ 14 ਦਿਨਾਂ ਤਕ ਕੁਆਰੰਟਾਈਨ ਵਿਚ ਰਹੀ ਤੇ ਇੱਥੇ ਪਹੁੰਚਣ ਤੋਂ ਬਾਅਦ ਵੀ 14 ਦਿਨਾਂ ਦੀ ਕੁਆਰੰਟਾਈਨ ਮਿਆਦ ਨੂੰ ਪੂਰੀ ਕੀਤੀ। ਇਸਦਾ ਮਤਲਬ ਹੈ ਕਿ ਟੀਮ ਤਕਰੀਬਨ ਇਕ ਮਹੀਨੇ ਤਕ ਜੈਵ ਸੁਰੱਖਿਅਤ ਮਾਹੌਲ ਵਿਚ ਰਹੀ ਪਰ ਹੁਣ ਟੀਮ ਦੌਰੇ ਦੇ ਅੰਤ ਵਿਚ ਕੁਆਰੰਟਾਈਨ ਵਿਚ ਨਹੀਂ ਰਹਿਣਾ ਚਾਹੁੰਦੀ ਹੈ।’’
ਅਧਿਕਾਰੀ ਨੇ ਦੱਸਿਆ ਕਿ ਟੀਮ ਨੇ ਕ੍ਰਿਕਟ ਆਸਟਰੇਲੀਆ ਤੇ ਵੱਖ-ਵੱਖ ਰਾਜ ਸਰਕਾਰਾਂ ਦੇ ਪ੍ਰੋਟੋਕਾਲ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਤੇ ਉਨ੍ਹਾਂ ਦੇ ਨਾਲ ਹਰ ਸੰਭਵ ਸਹਿਯੋਗ ਕੀਤਾ ਪਰ ਹੁਣ ਟੀਮ ਵੀ ਕਿਸੇ ਤਰ੍ਹਾਂ ਦੀ ਪਾਬੰਦੀ ਵਿਚ ਨਹੀਂ ਰਹਿਣਾ ਚਾਹੁੰਦੀ ਤੇ ਅਜਿਹਾ ਹੋਣ ’ਤੇ ਉਹ ਆਖਿਰ ਦੇ ਦੋ ਟੈਸਟ ਇਕ ਹੀ ਸਥਾਨ ’ਤੇ ਖੇਡਣ ਲਈ ਤਿਆਰ ਹੈ। ਸੂਤਰ ਨੇ ਕਿਹਾ,‘‘ਜੇਕਰ ਟੀਮ ਨੂੰ ਇਕ ਵਾਰ ਫਿਰ ਹੋਟਲ ਵਿਚ ਹੀ ਰਹਿਣ ਲਈ ਮਜਬੂਰ ਕੀਤਾ ਜਾਂਦਾ ਹੈ ਤਾਂ ਟੀਮ ਬ੍ਰਿਸਬੇਨ ਨਹੀਂ ਜਾਣਾ ਚਾਹੁੰਦੀ। ਅਸੀਂ ਅਜਿਹੀ ਸਥਿਤੀ ਵਿਚ ਇਕ ਹੀ ਮੈਦਾਨ ’ਤੇ ਆਖਰੀ ਦੇ ਦੋਵੇਂ ਟੈਸਟ ਮੈਚ ਸੀਰੀਜ਼ ਪੂਰੀ ਕਰਨ ਲਈ ਤਿਆਰ ਹਾਂ।’’
ਜ਼ਿਕਰਯੋਗ ਹੈ ਕਿ ਟੀਮ ਇੰਡੀਆ ਫਿਲਹਾਲ ਮੈਲਬੋਰਨ ਵਿਚ ਹੈ ਤੇ ਉਹ ਤੀਜੇ ਟੈਸਟ ਲਈ ਸੋਮਵਾਰ ਨੂੰ ਸਿਡਨੀ ਰਵਾਨਾ ਹੋਵੇਗੀ। ਸਿਡਨੀ ਪਹੁੰਚਣ ਤੋਂ ਬਾਅਦ ਟੀਮ ਦੋ ਦਿਨਾਂ ਤਕ ਟ੍ਰੇਨਿੰਗ ਕਰੇਗੀ ਤੇ ਇਸ ਤੋਂ ਬਾਅਦ ਦੋਵੇਂ ਟੀਮਾਂ ਵਿਚਾਲੇ ਵੀਰਵਾਰ ਤੋਂ ਮੁਕਾਬਲਾ ਖੇਡਿਆ ਜਾਵੇਗਾ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News