ਅਕਸ਼ਰ ਪਟੇਲ ਦੀ ਫਿਟਨੈੱਸ ਲਈ ਜੱਦੋਜਹਿਦ ਕਰ ਰਹੀ ਹੈ ਟੀਮ ਇੰਡੀਆ
Friday, Feb 12, 2021 - 03:04 AM (IST)
ਚੇਨਈ– ਇੰਗਲੈਂਡ ਤੋਂ ਪਹਿਲਾ ਟੈਸਟ 227 ਦੌੜਾਂ ਨਾਲ ਹਾਰ ਜਾਣ ਤੋਂ ਬਾਅਦ ਟੀਮ ਇੰਡੀਆ ਲੈਫਟ ਆਰਮ ਸਪਿਨਰ ਆਲਰਾਊਂਡਰ ਅਕਸ਼ਰ ਪਟੇਲ ਦੀ ਚੇਨਈ ਵਿਚ ਸ਼ਨੀਵਾਰ ਨੂੰ ਹੋਣ ਵਾਲੇ ਦੂਜੇ ਟੈਸਟ ਵਿਚ ਖੇਡਣਾ ਚਾਹੁੰਦੀ ਹੈ ਪਰ ਅਕਸ਼ਰ ਦੀ ਫਿਟਨੈੱਸ ਨੂੰ ਲੈ ਕੇ ਟੀਮ ਜੱਦੋਜਹਿਦ ਕਰ ਰਹੀ ਹੈ ਤਾਂ ਕਿ ਦੂਜੇ ਟੈਸਟ ਵਿਚ ਉਪਯੋਗੀ ਸੰਜੋਸ਼ਨ ਦੇ ਨਾਲ ਸਰਵਸ੍ਰੇਸ਼ਠ ਇਲੈਵਨ ਨੂੰ ਖਿਡਾਇਆ ਜਾ ਸਕੇ।
ਅਕਸ਼ਰ ਨੂੰ ਪਹਿਲੇ ਟੈਸਟ ਦੀ ਪੂਰਬਲੀ ਸ਼ਾਮ ’ਤੇ ਖੱਬੇ ਗੋਡੇ ਵਿਚ ਦਰਦ ਦੇ ਕਾਰਣ ਆਖਰੀ ਮੌਕੇ ’ਤੇ ਮੈਚ ਤੋਂ ਹਟਾਉਣਾ ਪਿਆ ਸੀ। ਅਕਸ਼ਰ ਨੇ ਦੂਜੇ ਟੈਸਟ ਲਈ ਨੈੱਟ ’ਤੇ ਗੇਂਦਬਾਜ਼ੀ ਅਭਿਆਸ ਸ਼ੁਰੂ ਕਰ ਦਿੱਤਾ ਹੈ। ਅਕਸ਼ਰ ਦਾ ਫਿਟਨੈੱਸ ਟੈਸਟ ਕੀਤਾ ਜਾਣਾ ਹੈ, ਜਿਸ ਤੋਂ ਬਾਅਦ ਜਾ ਕੇ ਹੀ ਉਸਦੇ ਖੇਡਣ ਨੂੰ ਲੈ ਕੇ ਸਥਿਤੀ ਸਾਫ ਹੋ ਸਕੇਗੀ। ਇਸ ਵਿਚ ਕੋਈ ਦੋ ਰਾਏ ਨਹੀਂ ਹੈ ਕਿ ਪਟੇਲ ਦੇ ਫਿੱਟ ਨਾ ਹੋਣ ਨਾਲ ਟੀਮ ਵਿਚ ਇਕ ਹੋਰ ਗੇਂਦਬਾਜ਼ ਤੇ ਬੱਲੇਬਾਜ਼ ਦੀ ਕਮੀ ਮਹਿਸੂਸ ਹੋ ਰਹੀ ਹੈ। ਪਹਿਲੇ ਟੈਸਟ ਦੀ ਪਹਿਲੀ ਪਾਰੀ ਵਿਚ ਜਿੱਥੇ ਤਿੰਨੇ ਪ੍ਰਮੁੱਖ ਗੇਂਦਬਾਜ਼ਾਂ ਇਸ਼ਾਂਤ ਸ਼ਰਮਾ, ਜਸਪ੍ਰੀਤ ਬੁਮਰਾਹ ਤੇ ਆਰ. ਅਸ਼ਵਿਨ ਨੇ ਸਪਾਟ ਪਿੱਚ ’ਤੇ ਬੱਲੇਬਾਜ਼ਾਂ ’ਤੇ ਕੰਟਰੋਲ ਰੱਖਿਆ ਤਾਂ ਉਥੇ ਹੀ ਆਫ ਸਪਿਨਰ ਵਾਸ਼ਿੰਗਟਨ ਸੁੰਦਰ ਤੇ ਲੈਫਟ ਆਰਮ ਸਪਿਨਰ ਸ਼ਾਹਬਾਜ ਨਦੀਮ ਨੇ ਦੌੜਾਂ ਦਿੱਤੀਆਂ।
ਹੌਲੀ ਪਿੱਚ ’ਤੇ ਨਦੀਮ ਸਟੀਕ ਜਗ੍ਹਾ ’ਤੇ ਸਹੀ ਗੇਂਦ ਸੁੱਟਣ ਲਈ ਜੂਝ ਰਿਹਾ ਸੀ ਜਦਕਿ ਪਟੇਲ ਨਦੀਮ ਦੀ ਤੁਲਨਾ ਵਿਚ ਸੁਭਾਵਿਕ ਤੌਰ ’ਤੇ ਹੀ ਤੇਜ਼ ਗੇਂਦ ਸੁੱਟਦਾ ਹੈ, ਜਿਸ ’ਤੇ ਸਵੀਪ ਸ਼ਾਟ ਲਾਉਣਾ ਮੁਸ਼ਕਿਲ ਹੁੰਦਾ ਹੈ। ਚਿੰਤਾ ਦਾ ਵਿਸ਼ਾ ਇਹ ਹੈ ਕਿ ਜੇਕਰ ਪਟੇਲ ਫਿੱਟ ਨਹੀਂ ਹੁੰਦਾ ਤਾਂ ਭਾਰਤ ਲਈ ਫੈਸਲਾ ਲੈਣਾ ਮੁਸ਼ਕਿਲ ਹੋਵੇਗਾ ਤੇ ਨਦੀਮ ਜਾਂ ਰਾਹੁਲ ਚਾਹਰ ਵਿਚੋਂ ਕਿਸੇ ਇਕ ਨੂੰ ਆਖਰੀ-11 ਵਿਚ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਜੇਕਰ ਚਾਇਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦੀ ਟੀਮ ਵਿਚ ਜਗ੍ਹਾ ਬਣਦੀ ਹੈ ਤਾਂ ਸੁੰਦਰ ਨੂੰ ਬਾਹਰ ਬੈਠਣਾ ਪੈ ਸਕਦਾ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।