ਵਨਡੇ ਸੀਰੀਜ਼ ਲਈ ਹੋਇਆ ਟੀਮ ਦਾ ਐਲਾਨ, 2 ਸਾਲ ਬਾਅਦ ਹੋਈ ਸਟਾਰ ਖਿਡਾਰੀ ਦੀ ਵਾਪਸੀ
Wednesday, Jan 21, 2026 - 04:45 PM (IST)
ਸਪੋਰਟਸ ਡੈਸਕ : ਸ਼੍ਰੀਲੰਕਾ ਅਤੇ ਇੰਗਲੈਂਡ ਵਿਚਕਾਰ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਖੇਡੀ ਜਾਣ ਵਾਲੀ 3 ਮੈਚਾਂ ਦੀ ਵਨਡੇ ਸੀਰੀਜ਼ ਲਈ ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਟੀਮ ਵਿੱਚ ਸਭ ਤੋਂ ਵੱਡੀ ਖ਼ਬਰ ਧਨੰਜਯ ਡੀ ਸਿਲਵਾ ਦੀ ਵਾਪਸੀ ਹੈ, ਜੋ ਲਗਭਗ 2 ਸਾਲ ਬਾਅਦ ਵਨਡੇ ਫਾਰਮੈਟ ਵਿੱਚ ਪਰਤੇ ਹਨ। ਸ਼੍ਰੀਲੰਕਾ ਦੇ ਟੈਸਟ ਕਪਤਾਨ ਡੀ ਸਿਲਵਾ ਨੇ ਆਪਣਾ ਆਖਰੀ ਵਨਡੇ ਮੁਕਾਬਲਾ 2023 ਦੇ ਵਿਸ਼ਵ ਕੱਪ ਵਿੱਚ ਖੇਡਿਆ ਸੀ।
3 ਸਟਾਰ ਤੇਜ਼ ਗੇਂਦਬਾਜ਼ ਟੀਮ 'ਚੋਂ ਬਾਹਰ
ਵਨਡੇ ਸੀਰੀਜ਼ ਲਈ ਚੁਣੀ ਗਈ ਇਸ ਟੀਮ ਵਿੱਚ ਸ਼੍ਰੀਲੰਕਾ ਦੇ ਤਿੰਨ ਪ੍ਰਮੁੱਖ ਤੇਜ਼ ਗੇਂਦਬਾਜ਼ਾਂ ਨੂੰ ਜਗ੍ਹਾ ਨਹੀਂ ਮਿਲੀ ਹੈ। ਦੁਸ਼ਮੰਥਾ ਚਮੀਰਾ ਨੂੰ ਇਸ ਸੀਰੀਜ਼ ਲਈ ਆਰਾਮ ਦਿੱਤਾ ਗਿਆ ਹੈ, ਜਦਕਿ ਦਿਲਸ਼ਾਨ ਮਦੁਸ਼ੰਕਾ ਸੱਟ ਕਾਰਨ ਟੀਮ ਤੋਂ ਬਾਹਰ ਹਨ। ਇਸ ਤੋਂ ਇਲਾਵਾ, ਨੌਜਵਾਨ ਗੇਂਦਬਾਜ਼ ਮਥੀਸ਼ਾ ਪਥੀਰਾਨਾ ਨੂੰ ਚੋਣਕਾਰਾਂ ਵੱਲੋਂ ਨਜ਼ਰਅੰਦਾਜ਼ ਕੀਤਾ ਗਿਆ ਹੈ। ਉਨ੍ਹਾਂ ਦੀ ਗੈਰ-ਹਾਜ਼ਰੀ ਵਿੱਚ ਅਸਿਥਾ ਫਰਨਾਂਡੋ, ਪ੍ਰਮੋਦ ਮਦੁਸ਼ਨ, ਈਸ਼ਾਨ ਮਲਿੰਗਾ ਅਤੇ ਆਲਰਾਊਂਡਰ ਮਿਲਨ ਰਤਨਾਇਕੇ ਤੇਜ਼ ਗੇਂਦਬਾਜ਼ੀ ਦੀ ਕਮਾਨ ਸੰਭਾਲਣਗੇ।
ਸੀਰੀਜ਼ ਦਾ ਸ਼ਡਿਊਲ ਅਤੇ ਸਥਾਨ
ਤਿੰਨਾਂ ਮੈਚਾਂ ਦੀ ਇਹ ਵਨਡੇ ਸੀਰੀਜ਼ ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ਵਿੱਚ ਖੇਡੀ ਜਾਵੇਗੀ। ਸੀਰੀਜ਼ ਦਾ ਪਹਿਲਾ ਮੈਚ ਭਲਕੇ ਯਾਨੀ 22 ਜਨਵਰੀ ਨੂੰ ਹੋਵੇਗਾ, ਜਦਕਿ ਦੂਜਾ ਮੈਚ 24 ਜਨਵਰੀ ਅਤੇ ਤੀਜਾ ਮੈਚ 27 ਜਨਵਰੀ ਨੂੰ ਖੇਡਿਆ ਜਾਵੇਗਾ। ਸਾਰੇ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 2:30 ਵਜੇ ਸ਼ੁਰੂ ਹੋਣਗੇ। ਵਨਡੇ ਸੀਰੀਜ਼ ਤੋਂ ਬਾਅਦ 30 ਜਨਵਰੀ ਤੋਂ ਦੋਵਾਂ ਟੀਮਾਂ ਵਿਚਕਾਰ ਟੀ-20 ਸੀਰੀਜ਼ ਦਾ ਆਗਾਜ਼ ਹੋਵੇਗਾ।
ਵਨਡੇ ਸੀਰੀਜ਼ ਲਈ ਸ਼੍ਰੀਲੰਕਾਈ ਟੀਮ
ਚਰਿਥ ਅਸਾਲੰਕਾ (ਕਪਤਾਨ), ਪਾਥੁਮ ਨਿਸਾਂਕਾ, ਕਾਮਿਲ ਮਿਸ਼ਾਰਾ, ਕੁਸਲ ਮੈਂਡਿਸ, ਸਦੀਰਾ ਸਮਰਵਿਕਰਮਾ, ਪਵਨ ਰਤਨਾਇਕੇ, ਧਨੰਜਯ ਡੀ ਸਿਲਵਾ, ਜੇਨਿਥ ਲਿਆਨਗੇ, ਕਾਮਿੰਡੂ ਮੈਂਡਿਸ, ਡੁਨਿਥ ਵੇਲਾਲੇਜ, ਵਾਨਿੰਦੂ ਹਸਰੰਗਾ, ਜੇਫਰੀ ਵਾਂਡਰਸੇ, ਮਹੀਸ਼ ਥੀਕਸ਼ਾਨਾ, ਮਿਲਨ ਰਤਨਾਇਕੇ, ਅਸਿਥਾ ਫਰਨਾਂਡੋ, ਪ੍ਰਮੋਦ ਮਦੁਸ਼ਨ, ਈਸ਼ਾਨ ਮਲਿੰਗਾ।
