T20 WC : ਕੈਨੇਡਾ ਵਿਰੁੱਧ ਕੋਹਲੀ ਦੀ ਫਾਰਮ ’ਤੇ ਰਹਿਣਗੀਆਂ ਨਜ਼ਰਾਂ, ਮੀਂਹ ਦੇ ਅੜਿੱਕੇ ਦੀ ਸੰਭਾਵਨਾ

06/15/2024 10:24:12 AM

ਲਾਡਰਹਿਲ (ਅਮਰੀਕਾ)–ਭਾਰਤ ਟੀ-20 ਵਿਸ਼ਵ ਕੱਪ ਦੇ ਆਪਣੇ ਆਖਰੀ ਗਰੁੱਪ-ਏ ਮੈਚ ਵਿਚ ਸ਼ਨੀਵਾਰ ਨੂੰ ਇੱਥੇ ਜਦੋਂ ਕੈਨੇਡਾ ਨਾਲ ਭਿੜੇਗਾ ਤਾਂ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੇ ਪਿਛਲੇ ਕੁਝ ਮੈਚਾਂ ਵਿਚ ਘੱਟ ਸਕੋਰ ਉਸਦੇ ਲਈ ਚਿੰਤਾ ਦੀ ਗੱਲ ਹੋਵੇਗਾ। ਟੀਮ ਨੂੰ ਨਾਲ ਹੀ ਉਮੀਦ ਹੋਵੇਗੀ ਕਿ ਮੁਕਾਬਲੇ ਵਿਚ ਮੀਂਹ ਦਾ ਅੜਿੱਕਾ ਨਾ ਪਵੇਗਾ ਕਿਉਂਕਿ ਫਲੋਰਿਡਾ ਦੇ ਕਈ ਹਿੱਸਿਆਂ ਵਿਚ ਲਗਾਤਾਰ ਮੀਂਹ ਪੈ ਰਿਹਾ ਹੈ। ਤਿੰਨ ਮੈਚਾਂ ਵਿਚ ਤਿੰਨ ਜਿੱਤਾਂ ਨਾਲ ਭਾਰਤ ਪਹਿਲਾਂ ਹੀ ਸੁਪਰ-8 ਵਿਚ ਪਹੁੰਚ ਚੁੱਕਾ ਹੈ, ਜਿਸ ਦੇ ਸਾਰੇ ਮੁਕਾਬਲੇ ਵੈਸਟਇੰਡੀਜ਼ ਵਿਚ ਹੋਣਗੇ।
ਆਈ. ਪੀ. ਐੱਲ. ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਵੱਲੋਂ 150 ਤੋਂ ਵੱਧ ਦੀ ਸਟ੍ਰਾਈਕ ਰੇਟ ਨਾਲ 700 ਤੋਂ ਵੱਧ ਦੌੜਾਂ ਬਣਾਉਣ ਤੋਂ ਬਾਅਦ ਕੋਹਲੀ ਟੀ-20 ਵਿਸ਼ਵ ਕੱਪ ਵਿਚ ਆਇਆ ਸੀ ਪਰ ਸ਼ੁਰੂਆਤੀ ਮੁਕਾਬਲਿਆਂ ਵਿਚ ਚੰਗਾ ਪ੍ਰਦਰਸ਼ਨ ਕਰਨ ਵਿਚ ਅਸਫਲ ਰਿਹਾ। ਉਹ ਹੁਣ ਤਿੰਨ ਮੈਚਾਂ ਵਿਚ 1.66 ਦੀ ਔਸਤ ਨਾਲ 5 ਹੀ ਦੌੜਾਂ ਬਣਾ ਸਕਿਆ ਹੈ, ਜਿਸ ਵਿਚ ਅਮਰੀਕਾ ਵਿਰੁੱਧ ‘ਗੋਲਡਨ ਡੱਕ’ (ਪਹਿਲੀ ਗੇਂਦ ’ਤੇ ਖਾਤਾ ਖੋਲ੍ਹੇ ਬਿਨਾਂ ਆਊਟ ਹੋਣਾ) ਵੀ ਸ਼ਾਮਲ ਹੈ। ਉਮੀਦ ਹੈ ਕਿ ਉਹ ਇਕ ਵਾਰ ਫਿਰ ਆਈ. ਸੀ. ਸੀ. ਪ੍ਰਤੀਯੋਗਿਤਾ ਵਿਚ ਚੰਗਾ ਪ੍ਰਦਰਸ਼ਨ ਕਰੇਗਾ ਜਿਹੜਾ ਉਸਦੇ ਲਈ 13 ਸਾਲ ਬਾਅਦ ਭਾਰਤ ਲਈ ਇਕ ਹੋਰ ਆਈ. ਸੀ. ਸੀ. ਖਿਤਾਬ ਜਿੱਤਣ ਦਾ ਸੰਭਾਵਿਤ ਆਖਰੀ ਮੌਕਾ ਹੈ।
ਭਾਰਤੀ ਟੀਮ ਨਿਊਯਾਰਕ ਤੋਂ 1859 ਕਿ. ਮੀ. ਦੀ ਯਾਤਰਾ ਕਰਕੇ ਫਲੋਰਿਡਾ ਪਹੁੰਚੀ ਹੈ ਤੇ ਉਮੀਦ ਹੈ ਕਿ ਸ਼ਹਿਰ ਬਦਲਣ ਦੇ ਨਾਲ ਕੋਹਲੀ ਦੀ ਕਿਸਮਤ ਵੀ ਬਦਲੇਗੀ। ਬ੍ਰੇਵਾਰਡ ਕਾਊਂਟੀ ਸਟੇਡੀਅਮ ਦੀ ਪਿੱਚ ਤੋਂ ਗੇਂਦਬਾਜ਼ਾਂ ਨੂੰ ਸ਼ਾਇਦ ਓਨੀ ਮਦਦ ਨਾ ਮਿਲੇ, ਜਿੱਥੋਂ ਦੀ ਪਿੱਚ ’ਤੇ ਅਸਮਾਨੀ ਉਛਾਲ ਸੀ ਤੇ ਹੌਲੀ ਆਊਟਫੀਲਡ ਕਾਰਨ ਕ੍ਰਿਕਟ ਤੋਂ ਵੱਧ ਮੈਦਾਨ ਤੇ ਪਿੱਚ ਦੀ ਚਰਚਾ ਹੋ ਰਹੀ ਸੀ। ਕੋਹਲੀ ਦੇ ਉੱਪਰ ਤੋਂ ਹਾਲਾਂਕਿ ਇਸ ਤੱਥ ਨਾਲ ਦਬਾਅ ਕੁਝ ਘੱਟ ਹੋਵੇਗਾ ਕਿ ਉਸਦੇ ਖਰਾਬ ਪ੍ਰਦਰਸ਼ਨ ਦਾ ਅਸਰ ਟੀਮ ਦੇ ਪ੍ਰਦਰਸ਼ਨ ’ਤੇ ਨਹੀਂ ਪਿਆ ਹੈ।
ਕਪਤਾਨ ਰੋਹਿਤ ਸ਼ਰਮਾ ਦੇ ਨਾਲ ਪਾਰੀ ਦਾ ਆਗਾਜ਼ ਕਰ ਰਹੇ ਕੋਹਲੀ ਦੇ ਆਊਟ ਹੋਣ ਨਾਲ ਹਾਲਾਂਕਿ ਟੀਮ ਨੂੰ ਚੰਗੀ ਸ਼ੁਰੂਆਤ ਨਹੀਂ ਮਿਲ ਰਹੀ ਤੇ ਬਾਅਦ ਵਿਚ ਆਉਣ ਵਾਲੇ ਬੱਲੇਬਾਜ਼ਾਂ ’ਤੇ ਦਬਾਅ ਬਣ ਰਿਹਾ ਹੈ। ਰਿਸ਼ਭ ਪੰਤ ਤੇ ਸੂਰਯਕੁਮਾਰ ਯਾਦਵ ਵਰਗੇ ਬੱਲੇਬਾਜ਼ ਹਾਲਾਂਕਿ ਕੋਹਲੀ ਦੇ ਖਰਾਬ ਪ੍ਰਦਰਸ਼ਨ ਦੀ ਭਰਪਾਈ ਕਰਨ ਵਿਚ ਕਾਫੀ ਹੱਦ ਤਕ ਸਫਲ ਰਹੇ ਹਨ। ਪੰਤ ਨੇ ਆਇਰਲੈਂਡ ਤੇ ਇੰਗਲੈਂਡ ਵਿਰੁੱਧ ਕ੍ਰਮਵਾਰ 36 ਤੇ 42 ਦੌੜਾਂ ਦੀਆਂ ਪਾਰੀਆਂ ਖੇਡ ਕੇ ਇਨ੍ਹਾਂ ਦੋਵਾਂ ਮੈਚਾਂ ਵਿਚ ਭਾਰਤ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ।
ਸੂਰਯਕੁਮਾਰ ਨੇ ਟੂਰਨਾਮੈਂਟ ਵਿਚ ਖਰਾਬ ਸ਼ੁਰੂਆਤ ਤੋਂ ਉੱਭਰਦੇ ਹੋਏ ਅਮਰੀਕਾ ਵਿਰੁੱਧ ਮਹੱਤਵਪੂਰਨ ਅਰਧ ਸੈਂਕੜਾ ਲਾਇਆ। ਸ਼ਿਵਮ ਦੂਬੇ ਨੇ ਵੀ ਸਾਂਝੇ ਮੇਜ਼ਬਾਨ ਵਿਰੁੱਧ 35 ਗੇਂਦਾਂ ਵਿਚ 31 ਦੌੜਾਂ ਬਣਾਈਆਂ, ਜਿਸ ਨਾਲ ਸੰਜੂ ਸੈਮਸਨ ਤੇ ਯਸ਼ਸਵੀ ਜਾਇਸਵਾਲ ’ਤੇ ਉਨ੍ਹਾਂ ਨੂੰ ਇਕ ਵਾਰ ਫਿਰ ਤਰਜੀਹ ਮਿਲਣ ਦੀ ਉਮੀਦ ਹੈ।
ਜੇਕਰ ਭਾਰਤ ਜਾਇਸਵਾਲ ਨੂੰ ਮੌਕਾ ਦਿੰਦਾ ਹੈ ਤਾਂ ਉਹ ਪਾਰੀ ਦਾ ਆਗਾਜ਼ ਕਰੇਗਾ ਤੇ ਅਜਿਹੇ ਵਿਚ ਕੋਹਲੀ ਨੂੰ ਆਪਣੇ ਤੀਜੇ ਨੰਬਰ ’ਤੇ ਪਰਤਣਾ ਪਵੇਗਾ। ਭਾਰਤੀ ਬੱਲੇਬਾਜ਼ਾਂ ਨੂੰ ਭਾਵੇਂ ਹੀ ਨਿਊਯਾਰਕ ਦੀਆਂ ‘ਡ੍ਰਾਪ ਇਨ ਪਿੱਚਾਂ’ (ਦੂਜੀ ਜਗ੍ਹਾ ਤਿਆਰ ਕਰਕੇ ਲਿਆਂਦੀਆਂ ਗਈਆਂ ਪਿੱਚਾਂ) ਉੱਪਰ ਜੂਝਣਾ ਪਿਆ ਹੋਵੇ ਪਰ ਇਨ੍ਹਾਂ ਵਿਕਟਾਂ ’ਤੇ ਉਸਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਜਸਪ੍ਰੀਤ ਬੁਮਰਾਹ (5 ਵਿਕਟਾਂ), ਹਾਰਦਿਕ ਪੰਡਯਾ (7 ਵਿਕਟਾਂ) ਤੇ ਅਰਸ਼ਦੀਪ ਸਿੰਘ (7 ਵਿਕਟਾਂ) ਦੀ ਤਿੱਕੜੀ ਨੇ ਵਿਰੋਧੀ ਬੱਲੇਬਾਜ਼ਾਂ ਨੂੰ ਲਗਾਤਾਰ ਪ੍ਰੇਸ਼ਾਨ ਕੀਤਾ ਹੈ।
ਪੰਡਯਾ ਤੇ ਅਰਸ਼ਦੀਪ ਦਾ ਪ੍ਰਦਰਸ਼ਨ ਟੀਮ ਮੈਨੇਜਮੈਂਟ ਲਈ ਰਾਹਤ ਭਰਿਆ ਹੈ ਕਿਉਂਕਿ ਇਹ ਦੋਵੇਂ ਆਈ. ਪੀ. ਐੱਲ. ਵਿਚ ਅਸਫਲ ਰਹੇ ਸਨ। ਟੀਮ ਨੂੰ ਹਾਲਾਂਕਿ ਮੁਹੰਮਦ ਸਿਰਾਜ (1 ਵਿਕਟ) ਤੇ ਰਵਿੰਦਰ ਜਡੇਜਾ (1 ਵਿਕਟ) ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਭਾਰਤੀ ਟੀਮ ਕੈਨੇਡਾ ਵਿਰੁੱਧ ਕੁਲਦੀਪ ਯਾਦਵ ਜਾਂ ਯੁਜਵੇਂਦਰ ਚਾਹਲ ਜਾਂ ਫਿਰ ਦੋਵਾਂ ਨੂੰ ਮੌਕਾ ਦੇਣ ਦੇ ਬਾਰੇ ਵਿੱਚ ਸੋਚ ਸਕਦੀ ਹੈ। ਅਜਿਹੇ ਵਿਚ ਭਾਰਤ ਨੂੰ ਜਡੇਜਾ ਤੇ ਅਕਸ਼ਰ ਨੂੰ ਬ੍ਰੇਕ ਦੇਣੀ ਪੈ ਸਕਦੀ ਹੈ। ਅਕਸ਼ਰ ਨੇ ਗੇਂਦ ਤੇ ਬੱਲੇ ਦੋਵਾਂ ਨਾਲ ਚੰਗਾ ਪ੍ਰਦਰਸ਼ਨ ਕੀਤਾ ਹੈ। ਇਸ ਨਾਲ ਗੇਂਦਬਾਜ਼ੀ ਇਕਾਈ ਨੂੰ ਕੈਰੇਬੀਆ ਦੀਆਂ ਪਿੱਚਾਂ ਲਈ ਤਿਆਰੀ ਦਾ ਮੌਕਾ ਮਿਲੇਗਾ ਜਿੱਥੋਂ ਦੀਆਂ ਪਿੱਚਾਂ ਤੋਂ ਸਪਿਨਰਾਂ ਨੂੰ ਵਧੇਰੇ ਮਦਦ ਮਿਲਣ ਦੀ ਉਮੀਦ ਹੈ।
ਦੂਜੇ ਪਾਸੇ ਕੈਨੇਡਾ ਨੇ ਆਇਰਲੈਂਡ ਵਿਰੁੱਧ 12 ਦੌੜਾਂ ਦੀ ਜਿੱਤ ਦੇ ਨਾਲ ਆਪਣੀ ਸਮਰੱਥਾ ਦਿਖਾਈ ਹੈ। ਸਲਾਮੀ ਬੱਲੇਬਾਜ਼ ਆਰੋਨ ਜਾਨਸੇਨ ਵਰਗੇ ਖਿਡਾਰੀ ਵਿਰੋਧੀ ਟੀਮ ਨੂੰ ਹੈਰਾਨ ਕਰਨ ਵਿਚ ਸਮਰਥ ਹਨ। ਹਾਲਾਂਕਿ ਕੈਨੇਡਾ ਦੇ ਬੱਲੇਬਾਜ਼ਾਂ ਲਈ ਭਾਰਤ ਦੀ ਮਜ਼ਬੂਤ ਟੀਮ ਨੂੰ ਹਰਾਉਣਾ ਸੌਖਾਲਾ ਨਹੀਂ ਹੋਵੇਗਾ।
ਮੈਚ ਵਿਚ ਹਾਲਾਂਕਿ ਮੀਂਹ ਦਾ ਅੜਿੱਕਾ ਪੈਣ ਦਾ ਸ਼ੱਕ ਹੈ। ਲਾਡਰਹਿਲ ਮਿਆਮੀ ਤੋਂ ਲੱਗਭਗ 50 ਕਿ. ਮੀ. ਦੂਰ ਹੈ ਜਿਹੜਾ ਭਿਆਨਕ ਤੂਫਾਨ ਕਾਰਨ ਆਏ ਹੜ੍ਹ ਨਾਲ ਜੂਝ ਰਿਹਾ ਹੈ। ਇਹ ਟੂਰਨਾਮੈਂਟ ਦੇ ਆਯੋਜਕਾਂ ਲਈ ਚਿੰਤਾ ਦੀ ਸਥਿਤੀ ਹੈ, ਜਿਹੜੇ ਅਮਰੀਕੀ ਬਾਜ਼ਾਰ ਵਿਚ ਕ੍ਰਿਕਟ ਲਈ ਜਗ੍ਹਾ ਬਣਾਉਣ ਦੀ ਉਮੀਦ ਕਰ ਰਹੇ ਹਨ।
ਟੀਮਾਂ ਇਸ ਤਰ੍ਹਾਂ ਹਨ
ਭਾਰਤ :
ਰੋਹਿਤ ਸ਼ਰਮਾ (ਕਪਤਾਨ), ਹਾਰਦਿਕ ਪੰਡਯਾ, ਯਸ਼ਸਵੀ ਜਾਇਸਵਲ, ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ, ਰਿਸ਼ਭ ਪੰਤ, ਸੰਜੂ ਸੈਮਸਨ, ਸ਼ਿਵਮ ਦੂਬੇ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸਿਰਾਜ।
ਕੈਨੇਡਾ : ਸਾਦ ਬਿਨ ਜ਼ਫਰ (ਕਪਤਾਨ), ਆਰੋਨ ਜਾਨਸਨ, ਡਾਈਲਨ ਹੇਲਿਗਰ, ਦਿਲਪ੍ਰੀਤ ਬਾਜਵਾ, ਰਿਸ਼ਭ ਜੋਸ਼ੀ, ਜੇਰੇਮੀ ਗਾਰਡਨ, ਜੁਨੈਦ ਸਿੱਦਿਕੀ, ਕਲੀਮ ਸਨਾ ਕੰਵਰਪਾਲ ਤਥਗੁਰ, ਨਵਨੀਤ ਧਾਲੀਵਾਲ, ਨਿਕੋਲਸ ਕਿਰਟਨ, ਪਰਗਟ ਸਿੰਘ, ਰਵਿੰਦਪਾਲ ਸਿੰਘ, ਰਿਆਨਖਾਨ ਪਠਾਨ ਤੇ ਸ਼੍ਰੇਯਸ ਮੋਵਵਾ (ਵਿਕਟਕੀਪਰ)।

 


Aarti dhillon

Content Editor

Related News