ਪਹਿਲੇ ਹੀ ਰਾਊਂਡ 'ਚ ਹਾਰ ਕੇ ਭਾਰਤੀ ਸਟਾਰ ਪਹਿਲਵਾਨ ਸੁਸ਼ੀਲ ਕੁਮਾਰ ਵਰਲਡ ਚੈਂਪੀਅਨਸ਼ਿਪ 'ਚੋ ਬਾਹਰ
Friday, Sep 20, 2019 - 02:25 PM (IST)

ਸਪੋਰਟਸ ਡੈਸਕ—ਅੱਠ ਸਾਲ ਬਾਅਦ ਵਰਲਡ ਰੈਸਲਿੰਗ ਚੈਂਪੀਅਨਸ਼ਿਪ 'ਚ ਉਤਰੇ ਸੁਸ਼ੀਲ ਕੁਮਾਰ ਤੋਂ ਭਾਰਤੀ ਫੈਨਜ਼ ਨੂੰ ਕਾਫ਼ੀ ਉਮੀਦਾਂ ਸਨ ਪਰ ਉਨ੍ਹਾਂ ਨੂੰ ਨਿਰਾਸ਼ਾ ਹੱਥ ਲੱਗੀ। ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਸੁਸ਼ੀਲ ਕੁਮਾਰ 74 ਕਿ.ਗ੍ਰਾ. ਵਰਗ ਦੇ ਪਹਿਲੇ ਹੀ ਦੌਰ 'ਚ ਹਾਰ ਗਏ। ਸੁਸ਼ੀਲ ਪਹਿਲੀ ਵਾਰ 74 ਕਿ.ਗ੍ਰਾ. ਵਰਗ 'ਚ ਉਤਰੇ ਸਨ ਪਰ ਉਨ੍ਹਾਂ ਨੂੰ ਜਿੱਤ ਹਾਸਲ ਨਹੀਂ ਹੋਈ।
ਸੁਸ਼ੀਲ ਦਾ ਮੁਕਾਬਲਾ ਅਜਰਬੈਜਾਨ ਦੇ ਖਾਦਜੀਮੁਰਾਦ ਨਾਲ ਸੀ। ਸੁਸ਼ੀਲ ਨੇ ਬਾਊਟ ਦੀ ਸ਼ੁਰੂਆਤ 'ਚ ਲੀਡ ਬਣਾਈ ਸੀ ਬ੍ਰੇਕ ਟਾਈਮ ਤੱਕ ਉਹ 9-4 ਤੋਂ ਅੱਗੇ ਸਨ। ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਦੇ ਵਿਰੋਧੀ ਨੇ ਤੇਜੀ ਨਾਲ ਹਮਲਾ ਕਰਦੇ ਹੋਏ ਅੰਕ ਹਾਸਲ ਕੀਤੇ। ਉਨ੍ਹਾਂ ਨੇ ਅਖੀਰ ਦੇ ਦੋ ਮਿੰਟ 'ਚ ਛੇ ਅੰਕ ਹਾਸਲ ਕੀਤੇ ਅਤੇ ਆਖਰ 'ਚ ਸੁਸ਼ੀਲ ਨੂੰ ਮੈਟ ਤੋਂ ਬਾਹਰ ਕਰਦੇ ਹੋਏ ਇਕ ਹੋਕ ਅੰਕ ਹਾਸਲ ਕੀਤਾ। ਸੁਸ਼ੀਲ ਇਹ ਬਾਊਟ 11-9 ਨਾਲ ਹਾਰ ਗਏ। ਸੁਸ਼ੀਲ ਨੂੰ ਹੁਣ ਇੰਤਜ਼ਾਰ ਕਰਨਾ ਹੋਵੇਗਾ ਕਿਊਂਕਿ ਜੇਕਰ ਖਾਦਜੀਮੁਰਾਦ ਫਾਈਨਲ 'ਚ ਪੁੱਜ ਜਾਂਦੇ ਹਨ ਤਾਂ ਉਨ੍ਹਾਂ ਨੂੰ ਓਲਪਿੰਕ ਕੁਆਲੀਫਿਕੇਸ਼ਨ ਅਤੇ ਕਾਂਸੀ ਤਮਗੇ ਲਈ ਮੌਕਾ ਮਿਲ ਸਕਦਾ ਹੈ।
ਉਥੇ ਹੀ ਇਸ ਤੋਂ ਪਹਿਲਾਂ ਭਾਰਤ ਦੇ ਕਰਣ ਨੂੰ 70 ਕਿ.ਗ੍ਰਾ. ਵਰਗ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਉਜਬੇਕਿਸਤਾਨ ਦੇ ਰੈਸਲਰ ਨੇ 0-7 ਨਾਲ ਹਾਰ ਦਿੱਤੀ।