ਵਾਪਸੀ ਦੇ ਬਾਅਦ ਭਾਰਤੀ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਮਿਲੀ ਕਰਾਰੀ ਹਾਰ
Saturday, Aug 10, 2019 - 12:13 PM (IST)

ਨਵੀਂ ਦਿੱਲੀ— ਧਾਕੜ ਭਾਰਤੀ ਪਹਿਲਵਾਨ ਸੁਸ਼ੀਲ ਕੁਮਾਰ ਦੀ ਇਕ ਸਾਲ ਬਾਅਦ ਵਾਪਸੀ ਚੰਗੀ ਨਹੀਂ ਰਹੀ ਅਤੇ ਉਨ੍ਹਾਂ ਨੂੰ ਬੇਲਾਰੂਸ ਦੇ ਮਿਨਸਕ 'ਚ ਮੇਦਵੇਦ ਕੁਸ਼ਤੀ ਟੂਰਨਾਮੈਂਟ ਦੇ 74 ਕਿਲੋਗ੍ਰਾਮ ਕੁਆਰਟਰ ਫਾਈਨਲ 'ਚ ਵਿਸ਼ਵ ਦੇ ਨੰਬਰ ਪੰਜ ਬੇਕਜੋਦ ਅਬਦੁਰਾਖਾਮੋਨੋਵ ਤੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਏਸ਼ੀਆਈ ਖੇਡਾਂ ਦੇ ਮੌਜੂਦਾ ਚੈਂਪੀਅਨ ਉਜ਼ਬੇਕ ਪਹਿਲਵਾਨ ਨੇ ਸੁਸ਼ੀਲ ਦੇ ਸੱਜੇ ਪੈਰ ਨੂੰ ਫੜ ਕੇ ਚਾਰ ਅੰਕ ਬਣਾਏ ਅਤੇ ਫਿਰ ਭਾਰਤੀ ਪਹਿਲਵਾਨ ਨੂੰ ਮੈਟ ਦੇ ਬਾਹਰ ਕਰਕੇ ਦੋ ਅੰਕ ਹਾਸਲ ਕੀਤੇ। ਇਸ ਤੋਂ ਬਾਅਦ ਵਿਸ਼ਵ ਚੈਂਪੀਅਨਸ਼ਿਪ ਦੇ ਮੌਜੂਦਾ ਕਾਂਸੀ ਤਮਗਾ ਜੇਤੂ ਨੇ ਫਿਰ ਤੋਂ ਸੁਸ਼ੀਲ ਦੇ ਪੈਰ 'ਤੇ ਹਮਲਾ ਕੀਤਾ ਅਤੇ ਛੇਤੀ ਹੀ ਭਾਰਤੀ ਪਹਿਲਵਾਨ ਨੂੰ ਚਿੱਤ ਕਰਕੇ 90 ਸਕਿੰਟ 'ਚ ਮੁਕਾਬਲਾ ਜਿੱਤ ਲਿਆ।
ਇਹ ਸੁਸ਼ੀਲ ਕੁਮਾਰ ਦਾ ਜਕਾਰਤਾ ਏਸ਼ੀਆਈ ਖੇਡਾਂ ਦੇ ਪਹਿਲੇ ਦੌਰ 'ਚ ਬਾਹਰ ਹੋਣ ਦੇ ਬਾਅਦ ਪਹਿਲਾ ਟੂਰਨਾਮੈਂਟ ਸੀ। ਦੋ ਵਾਰ ਦਾ ਓਲੰਪਿਕ ਤਮਗਾ ਜੇਤੂ ਵਤਨ ਪਰਤਨ 'ਤੇ ਵਿਸ਼ਵ ਚੈਂਪੀਅਨਸ਼ਿਪ ਦੇ ਟ੍ਰਾਇਲਸ 'ਚ ਹਿੱਸਾ ਲਵੇਗਾ। ਸੱਟ ਦਾ ਸ਼ਿਕਾਰ ਪ੍ਰਵੀਨ ਕੁਮਾਰ ਅਤੇ ਜਤਿੰਦਰ ਨੇ 74 ਕਿਲੋਗ੍ਰਾਮ ਦੇ ਟ੍ਰਾਇਲਸ 'ਚ ਸੁਸ਼ੀਲ ਨੂੰ ਚੁਣੌਤੀ ਦੇਣ ਲਈ ਭਾਰਤੀ ਕੁਸ਼ਤੀ ਮਹਾਸੰਘ ਤੋਂ ਸਮਾਂ ਮੰਗਿਆ ਹੈ ਜਿਸ ਕਾਰਨ ਇਸ ਵਰਗ ਦੇ ਟ੍ਰਾਇਲਸ ਟਾਲ ਦਿੱਤੇ ਗਏ ਸਨ। ਸੁਸ਼ੀਲ ਇਸ ਵਰਗ 'ਚ ਵਿਸ਼ਵ ਦੇ 20 ਪਹਿਲਵਾਨਾਂ 'ਚ ਸ਼ਾਮਲ ਨਹੀਂ ਹੈ ਜਦਕਿ ਅਖਿਲ ਕੁਮਾਰ ਧਨਕੜ 74 ਕਿਲੋਗ੍ਰਾਮ 'ਚ ਅਜੇ ਨੌਵੇਂ ਸਥਾਨ 'ਤੇ ਕਾਬਜ ਹੈ।