ਸੂਰਯਕੁਮਾਰ ਯਾਦਵ ਪੂਰੀ ਤਰ੍ਹਾਂ ਫਿੱਟ ਹੋਣ ਲਈ ਐੱਨ. ਸੀ. ਏ. ਵਿਚ ਮੌਜੂਦ
Tuesday, Aug 05, 2025 - 10:39 AM (IST)

ਬੈਂਗਲੁਰੂ– ਭਾਰਤੀ ਟੀ-20 ਟੀਮ ਦਾ ਕਪਤਾਨ ਸੂਰਯਕੁਮਾਰ ਯਾਦਵ ਸਰਜਰੀ ਤੋਂ ਬਾਅਦ ਏਸ਼ੀਆ ਕੱਪ ਤੋਂ ਪਹਿਲਾਂ ਪੂਰੀ ਤਰ੍ਹਾਂ ਨਾਲ ਫਿੱਟ ਹੋਣ ਲਈ ਇਸ ਸਮੇਂ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਵਿਚ ਹੈ।
ਸੂਰਯਕੁਮਾਰ ਯਾਦਵ ਨੇ ਹਾਲ ਹੀ ਵਿਚ ਫਿਟਨੈੱਸ ਮੁਲਾਂਕਣ ਲਈ ਬੈਂਗਲੁਰੂ ਸਥਿਤ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਸੈਂਟਰ ਵਿਚ ਰਿਪੋਰਟ ਕੀਤੀ ਸੀ। ਪੂਰੀ ਤਰ੍ਹਾਂ ਫਿੱਟ ਨਾ ਹੋਣ ਕਾਰਨ ਉਸ ਨੂੰ ਪੱਛਮੀ ਖੇਤਰ ਦੇ ਚੋਣਕਾਰਾਂ ਨੇ ਦਲੀਪ ਟਰਾਫੀ ਲਈ 15 ਮੈਂਬਰੀ ਟੀਮ ਵਿਚੋਂ ਬਾਹਰ ਰੱਖਿਆ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਸੂਰਯਕੁਮਾਰ ਨੇ ਉਨ੍ਹਾਂ ਨੂੰ ਸੂਚਿਤ ਕਰ ਦਿੱਤਾ ਸੀ ਕਿ ਉਸ ਨੇ ਸੀ. ਓ. ਈ. ਜਾਂਚ ਕਰਵਾ ਲਈ ਹੈ। ਮਿਊਨਿਖ ਵਿਚ ਹੋਈ ਉਸਦੀ ਹਰਨੀਆ ਦੀ ਸਰਜਰੀ ਤੋਂ ਬਾਅਦ ਉਹ ਰਿਹੈਬਿਲੀਟੇਸ਼ਨ ਦੀ ਪ੍ਰਕਿਰਿਆ ਵਿਚ ਹੈ।
ਸੂਰਯਕੁਮਾਰ ਦਾ ਅਗਲਾ ਵੱਡਾ ਟੂਰਨਾਮੈਂਟ 9 ਤੋਂ 28 ਸਤੰਬਰ ਤੱਕ ਯੂ. ਏ. ਈ. ਵਿਚ ਹੋਣ ਵਾਲਾ ਏਸ਼ੀਆ ਕੱਪ ਹੈ। ਇਸ ਧਾਕੜ ਟੀ-20 ਬੱਲੇਬਾਜ਼ ਤੋਂ ਇਸ ਟੂਰਨਾਮੈਂਟ ਵਿਚ ਭਾਰਤ ਦੀ ਕਪਤਾਨੀ ਕਰਨ ਦੀ ਉਮੀਦ ਹੈ।