ਸੂਰਯਕੁਮਾਰ ਨੇ 29 ਗੇਂਦਾਂ ''ਚ ਠੋਕ ''ਤੀਆਂ 82 ਦੌੜਾਂ ! ਮੁੰਬਈ ਨੇ ਗੁਜਰਾਤ ਨੂੰ ਆਸਾਨੀ ਨਾਲ ਹਰਾਇਆ
Tuesday, Nov 17, 2026 - 05:09 PM (IST)
ਸਪੋਰਟਸ ਡੈਸਕ: ਟੀ-20 ਵਿਸ਼ਵ ਕੱਪ ਜੇਤੂ ਕਪਤਾਨ ਸੂਰਯਕੁਮਾਰ ਯਾਦਵ ਨੇ ਸੋਮਵਾਰ ਨੂੰ ਇੱਥੇ 29 ਗੇਂਦਾਂ ’ਚ 82 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਤੇ ਉਸ ਦੀ ਲਗਾਤਾਰ ਦੂਜੀ ਅਰਧ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਮੁੰਬਈ ਨੇ ਸਈਅਦ ਮੁਸ਼ਤਾਕ ਅਲੀ ਟਰਾਫੀ ਦੇ ਮੁਕਾਬਲੇ ’ਚ ਗੁਜਰਾਤ ’ਤੇ 5 ਵਿਕਟਾਂ ਨਾਲ ਜਿੱਤ ਦਰਜ ਕੀਤੀ। ਗੁਜਰਾਤ ਨੇ ਆਸ਼ੂਤੋਸ਼ ਸ਼ਰਮਾ (22 ਗੇਂਦਾਂ ’ਚ 42 ਦੌੜਾਂ) ਤੇ ਵਿਸ਼ਾਲ ਜਾਇਸਵਾਲ (21 ਗੇਂਦਾਂ ’ਚ 38 ਦੌੜਾਂ) ਦੀ ਆਖਰੀ ਓਵਰਾਂ ’ਚ ਹਮਲਾਵਰ ਬੱਲੇਬਾਜ਼ੀ ਦੀ ਬਦੌਲਤ 20 ਓਵਰਾਂ ’ਚ 197 ਦੌੜਾਂ ਬਣਾਈਆਂ ਪਰ ਕਪਤਾਨ ਸੂਰਯਕੁਮਾਰ ਦੀ 7 ਛੱਕਿਆਂ ਤੇ 9 ਚੌਕਿਆਂ ਵਾਲੀ ਪਾਰੀ ਦੀ ਮਦਦ ਨਾਲ ਮੁੰਬਈ ਨੇ 198 ਦੌੜਾਂ ਦਾ ਟੀਚਾ 15.4 ਓਵਰਾਂ ’ਚ ਹੀ ਹਾਸਲ ਕਰ ਲਿਆ। ਸਰਫਰਾਜ਼ ਖਾਨ ਨੇ 17 ਗੇਂਦਾਂ ’ਚ ਅਜੇਤੂ 40 ਦੌੜਾਂ ਦਾ ਯੋਗਦਾਨ ਪਾਇਆ।
ਸੂਰਯਕੁਮਾਰ ਟੀਮ ਇੰਡੀਆ ਨੂੰ ਆਪਣੀ ਅਗਵਾਈ ’ਚ ਲਗਾਤਾਰ ਦੂਜੀ ਵਾਰ ਵਿਸ਼ਵ ਕੱਪ ਟਰਾਫੀ ਦਿਵਾਉਣ ਤੋਂ ਬਾਅਦ ਟੀਮ ’ਚ ਆਪਣੀ ਜਗ੍ਹਾ ਗੁਆ ਬੈਠਾ ਸੀ। ਉਸ ਨੇ ਟੂਰਨਾਮੈਂਟ ਦੇ 14 ਨਵੰਬਰ ਨੂੰ ਖੇਡੇ ਗਏ ਪਹਿਲੇ ਮੈਚ ’ਚ ਹੈਦਰਾਬਾਦ ਵਿਰੁੱਧ 21 ਗੇਂਦਾਂ ’ਚ 60 ਦੌੜਾਂ ਬਣਾਈਆਂ ਸਨ। ਗਰੁੱਪ-ਡੀ ਦੇ ਇਕ ਹੋਰ ਮੁਕਾਬਲੇ ’ਚ ਉੱਤਰਾਖੰਡ ਨੇ ਗੋਆ ਨੂੰ 5 ਵਿਕਟਾਂ ਨਾਲ ਹਰਾਇਆ। ਸਲਾਮੀ ਬੱਲੇਬਾਜ਼ ਅਭਿਨਵ ਤੇਜਰਾਨਾ ਨੇ 36 ਗੇਂਦਾਂ ’ਚ 76 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਪਰ ਇਸ ਦੇ ਬਾਵਜੂਦ ਗੋਆ ਦੀ ਟੀਮ 19.4 ਓਵਰਾਂ ’ਚ 168 ਦੌੜਾਂ ’ਤੇ ਸਿਮਟ ਗਈ। ਉੱਤਰਾਖੰਡ ਨੇ 18.1 ਓਵਰਾਂ ’ਚ ਟੀਚਾ ਹਾਸਲ ਕਰ ਲਿਆ। ਵਿਦਰਭ ਨੇ ਓਡਿਸ਼ਾ ਨੂੰ 8 ਵਿਕਟਾਂ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ।
ਪਾਟੀਦਾਰ ਦੀ ਅਜੇਤੂ 135 ਦੌੜਾਂ ਦੀ ਪਾਰੀ ਨਾਲ ਮੱਧ ਪ੍ਰਦੇਸ਼ ਨੇ ਅਸਾਮ ਨੂੰ ਹਰਾਇਆ
ਮੁੱਲਾਂਪੁਰ, (ਏਜੰਸੀ)–ਕਪਤਾਨ ਰਜਤ ਪਾਟੀਦਾਰ (48 ਗੇਂਦਾਂ ’ਚ ਅਜੇਤੂ 135 ਦੌੜਾਂ) ਦੇ ਤੂਫਾਨੀ ਸੈਂਕੜੇ ਦੀ ਬਦੌਲਤ ਮੱਧ ਪ੍ਰਦੇਸ਼ ਨੇ ਸੋਮਵਾਰ ਨੂੰ ਇੱਥੇ ਸਈਅਦ ਮੁਸ਼ਤਾਕ ਅਲੀ ਟੀ-20 ਟਰਾਫੀ ਦੇ ਗਰੁੱਪ-ਸੀ ਮੁਕਾਬਲੇ ’ਚ ਅਸਾਮ ਨੂੰ 131 ਦੌੜਾਂ ਨਾਲ ਕਰਾਰੀ ਹਾਰ ਦਿੱਤੀ। ਸੱਟਾਂ ਤੋਂ ਉੱਭਰਨ ਲਈ ‘ਏ. ਸੀ. ਸੀ. ਰਾਈਜ਼ਿੰਗ ਸਟਾਰਜ਼ ਏਸ਼ੀਆ ਕੱਪ’ ਦੀ ਭਾਰਤੀ ਟੀਮ ’ਚੋਂ ਹਟਣ ਵਾਲੇ ਪਾਟੀਦਾਰ ਨੇ ਆਪਣੀ ਪਾਰੀ ’ਚ 13 ਛੱਕੇ ਤੇ 8 ਚੌਕੇ ਲਾਏ। ਉਸ ਦੀ ਇਸ ਪਾਰੀ ਨਾਲ ਮੱਧ ਪ੍ਰਦੇਸ਼ ਨੇ 6 ਵਿਕਟਾਂ ’ਤੇ 250 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਇਸ ਦੇ ਜਵਾਬ ’ਚ ਅਸਾਮ ਦੀ ਟੀਮ 17.4 ਓਵਰਾਂ ’ਚ 119 ਦੌੜਾਂ ’ਤੇ ਆਊਟ ਹੋ ਗਈ। ਮੋਹਾਲੀ ’ਚ ਖੇਡੇ ਗਏ ਇਕ ਹੋਰ ਮੁਕਾਬਲੇ ’ਚ ਹਿਮਾਚਲ ਪ੍ਰਦੇਸ਼ ਨੇ ਰੋਮਾਂਚਕ ਮੁਕਾਬਲੇ ’ਚ ਆਂਧਰਾ ਪ੍ਰਦੇਸ਼ ਨੂੰ 8 ਦੌੜਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਹਿਮਾਚਲ ਪ੍ਰਦੇਸ਼ ਨੇ 9 ਵਿਕਟਾਂ ’ਤੇ 158 ਦੌੜਾਂ ਬਣਾਈਆਂ। ਇਸ ਤੋਂ ਬਾਅਦ ਆਂਧਰਾ ਪ੍ਰਦੇਸ਼ ਨੇ ਆਖਰੀ ਓਵਰਾਂ ’ਚ ਵਾਪਸੀ ਦੀ ਕੋਸ਼ਿਸ਼ ਕੀਤੀ ਪਰ ਹਿਮਾਚਲ ਦੇ ਗੇਂਦਬਾਜ਼ਾਂ ਨੇ ਕਰੀਬੀ ਮੁਕਾਬਲੇ ’ਚ ਜਿੱਤ ਯਕੀਨੀ ਕਰ ਦਿੱਤੀ।
ਜੰਮੂ-ਕਸ਼ਮੀਰ ਨੇ ਤਾਮਿਲਨਾਡੂ ਨੂੰ 6 ਦੌੜਾਂ ਨਾਲ ਹਰਾਇਆ, ਸੌਰਾਸ਼ਟਰ ਨੇ ਹਰਿਆਣਾ ਨੂੰ 6 ਵਿਕਟਾਂ ਨਾਲ ਹਰਾਇਆ
ਇੰਦੌਰ–ਸਲਾਮੀ ਬੱਲੇਬਾਜ਼ ਕਾਮਰਾਨ ਇਕਬਾਲ ਦੀ 37 ਗੇਂਦਾਂ ’ਚ 70 ਦੌੜਾਂ ਦੀ ਤੂਫਾਨੀ ਪਾਰੀ ਦੀ ਬਦੌਲਤ ਜੰਮੂ-ਕਸ਼ਮੀਰ ਨੇ ਗਰੁੱਪ-ਬੀ ਮੁਕਾਬਲੇ ’ਚ ਤਾਮਿਲਨਾਡੂ ਨੂੰ 6 ਦੌੜਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਜੰਮੂ-ਕਸ਼ਮੀਰ ਦੀ ਟੀਮ ਨੇ ਇਕਬਾਲ ਦੀ 10 ਚੌਕਿਆਂ ਤੇ 3 ਛੱਕਿਆਂ ਵਾਲੀ ਸ਼ਾਨਦਾਰ ਪਾਰੀ ਦੇ ਦਮ ’ਤੇ 7 ਵਿਕਟਾਂ ’ਤੇ 201 ਦੌੜਾਂ ਬਣਾਈਆਂ। ਤਾਮਿਲਨਾਡੂ ਦੀ ਟੀਮ ਨਿਯਮਤ ਵਕਫੇ ’ਤੇ ਵਿਕਟਾਂ ਗੁਆਉਂਦੀ ਰਹੀ ਤੇ ਨਿਰਧਾਰਤ ਓਵਰਾਂ ’ਚ 9 ਵਿਕਟਾਂ ’ਤੇ 195 ਦੌੜਾਂ ਹੀ ਬਣਾ ਸਕੀ। ਗਰੁੱਪ-ਬੀ ਦੇ ਇਕ ਹੋਰ ਮੁਕਾਬਲੇ ’ਚ ਸੌਰਾਸ਼ਟਰ ਨੇ ਹਰਿਆਣਾ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਸੌਰਾਸ਼ਟਰ ਨੇ 119 ਦੌੜਾਂ ਦੇ ਮਾਮੂਲੀ ਟੀਚੇ ਦਾ ਪਿੱਛਾ ਕਰਦੇ ਹੋਏ 13.5 ਓਵਰਾਂ ’ਚ ਹੀ 4 ਵਿਕਟਾਂ ਗੁਆ ਕੇ ਜਿੱਤ ਹਾਸਲ ਕਰ ਲਈ। ਇਕ ਹੋਰ ਮੁਕਾਬਲੇ ’ਚ ਬਿਹਾਰ ਨੇ ਰੇਲਵੇ ਨੂੰ 4 ਵਿਕਟਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਰੇਲਵੇ ਦੀ ਟੀਮ 9 ਵਿਕਟਾਂ ’ਤੇ 137 ਦੌੜਾਂ ਹੀ ਬਣਾ ਸਕੀ। ਬਿਹਾਰ ਨੇ 18.2 ਓਵਰਾਂ ’ਚ 6 ਵਿਕਟਾਂ ਗੁਆ ਕੇ 141 ਦੌੜਾਂ ਬਣਾਉਂਦੇ ਹੋਏ ਮੁਕਾਬਲਾ ਆਪਣੇ ਨਾਂ ਕਰ ਲਿਆ।
