ਪੰਕਜ ਅਡਵਾਨੀ ਨੇ ਰਚਿਆ ਇਤਿਹਾਸ, ਜਿੱਤਿਆ ਕਰੂਸਿਬਲ ਕੱਪ ਸਨੂਕਰ ਟੂਰਨਾਮੈਂਟ
Thursday, Nov 26, 2026 - 05:17 PM (IST)
ਨਵੀਂ ਦਿੱਲੀ : ਭਾਰਤ ਦੇ ਮੌਜੂਦਾ ਵਿਸ਼ਵ ਬਿਲਿਅਰਡਜ਼ ਚੈਂਪੀਅਨ ਪੰਕਜ ਅਡਵਾਨੀ ਨੇ ਬ੍ਰਿਟੇਨ ਦੇ ਰੀਡਿੰਗ ਵਿੱਚ ਖੇਡੇ ਗਏ ਪ੍ਰਤਿਸ਼ਠਿਤ 'ਕਰੂਸਿਬਲ ਕੱਪ ਸਨੂਕਰ ਟੂਰਨਾਮੈਂਟ' ਦਾ ਖ਼ਿਤਾਬ ਜਿੱਤ ਕੇ ਨਵਾਂ ਇਤਿਹਾਸ ਰਚ ਦਿੱਤਾ ਹੈ। ਉਹ ਇਹ ਵੱਕਾਰੀ ਟੂਰਨਾਮੈਂਟ ਜਿੱਤਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣ ਗਏ ਹਨ। 'ਸਨੂਕਰ 900' ਫਾਰਮੈਟ ਵਿੱਚ ਖੇਡੇ ਗਏ ਇਸ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿੱਚ ਅਡਵਾਨੀ ਨੇ ਮਾਲਟਾ ਦੇ ਸਾਬਕਾ ਪੇਸ਼ੇਵਰ ਖਿਡਾਰੀ ਟੋਨੀ ਡ੍ਰੈਗੋ ਨੂੰ 6-0 ਦੇ ਫ਼ਰਕ ਨਾਲ ਕਰਾਰੀ ਮਾਤ ਦਿੱਤੀ।
ਇਸ ਟੂਰਨਾਮੈਂਟ ਵਿੱਚ ਪੰਕਜ ਅਡਵਾਨੀ ਦਾ ਸਫ਼ਰ ਬਹੁਤ ਹੀ ਸ਼ਾਨਦਾਰ ਰਿਹਾ। ਆਪਣੇ ਪਹਿਲੇ ਮੈਚ ਵਿੱਚ ਉਨ੍ਹਾਂ ਨੇ ਆਸਟ੍ਰੇਲੀਆ ਦੇ ਸਾਬਕਾ ਵਿਸ਼ਵ ਸਨੂਕਰ ਚੈਂਪੀਅਨ ਨੀਲ ਰੌਬਰਟਸਨ ਨੂੰ 5-2 ਨਾਲ ਹਰਾਇਆ। ਇਸ ਤੋਂ ਬਾਅਦ ਸੈਮੀਫ਼ਾਈਨਲ ਵਿੱਚ ਉਨ੍ਹਾਂ ਨੇ ਜੋ ਪੈਰੀ ਨੂੰ 5-1 ਨਾਲ ਆਸਾਨੀ ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।
