IND vs NZ : ਸੀਰੀਜ਼ ਦਾ ਸਰਵੋਤਮ ਖਿਡਾਰੀ ਚੁਣੇ ਜਾਣ ''ਤੇ ਸੂਰਯਕੁਮਾਰ ਨੇ ਦਿੱਤਾ ਇਹ ਬਿਆਨ
Tuesday, Nov 22, 2022 - 07:58 PM (IST)
ਸਪੋਰਟਸ ਡੈਸਕ— ਨਿਊਜ਼ੀਲੈਂਡ ਅਤੇ ਭਾਰਤ ਵਿਚਾਲੇ ਖੇਡਿਆ ਗਿਆ ਤੀਜਾ ਟੀ-20 ਅੰਤਰਰਾਸ਼ਟਰੀ ਮੈਚ ਮੀਂਹ ਕਾਰਨ ਟਾਈ ਹੋ ਗਿਆ ਹੈ ਅਤੇ ਇਸ ਦੇ ਨਾਲ ਹੀ ਭਾਰਤੀ ਟੀਮ ਨੇ ਸੀਰੀਜ਼ 1-0 ਨਾਲ ਜਿੱਤ ਲਈ ਹੈ। ਪਲੇਅਰ ਆਫ ਦਿ ਸੀਰੀਜ਼ ਬਣੇ ਸੂਰਯਕੁਮਾਰ ਯਾਦਵ ਸੀਰੀਜ਼ ਦੇ ਆਖਰੀ ਮੈਚ 'ਚ ਸਿਰਫ 13 ਦੌੜਾਂ ਹੀ ਬਣਾ ਸਕੇ ਸਨ, ਪਰ ਉਨ੍ਹਾਂ ਨੇ ਦੂਜੇ ਟੀ-20 ਇੰਟਰਨੈਸ਼ਨਲ 'ਚ ਅਜੇਤੂ 111 ਦੌੜਾਂ ਦੀ ਪਾਰੀ ਖੇਡੀ ਸੀ, ਜਦਕਿ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਮੈਚ ਤੋਂ ਬਾਅਦ ਸੂਰਯਕੁਮਾਰ ਨੇ ਕਿਹਾ ਕਿ ਦਬਾਅ ਹਮੇਸ਼ਾ ਬਣਿਆ ਰਹਿੰਦਾ ਹੈ ਪਰ ਉਹ ਆਪਣੀ ਬੱਲੇਬਾਜ਼ੀ ਦਾ ਆਨੰਦ ਮਾਣ ਰਿਹਾ ਹੈ।
ਸੂਰਯਕੁਮਾਰ ਯਾਦਵ ਨੇ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਜਿਸ ਤਰ੍ਹਾਂ ਨਾਲ ਹਾਲਾਤ ਹੁਣ ਤੱਕ ਬਣੇ ਹਨ, ਉਸ ਤੋਂ ਉਹ ਸੱਚਮੁੱਚ ਖੁਸ਼ ਹਨ, ਇੱਥੇ ਪੂਰਾ ਮੈਚ ਪਸੰਦ ਕਰਨਗੇ ਪਰ ਮੌਸਮ ਸਾਡੇ ਹੱਥ 'ਚ ਨਹੀਂ ਹੈ। ਦਬਾਅ ਹਮੇਸ਼ਾ ਬਣਿਆ ਰਹਿੰਦਾ ਹੈ ਅਤੇ ਇਸ ਦੇ ਨਾਲ ਹੀ ਮੈਂ ਆਪਣੀ ਬੱਲੇਬਾਜ਼ੀ ਦਾ ਮਜ਼ਾ ਲੈ ਰਿਹਾ ਹਾਂ, ਬੱਸ ਆਪਣੇ ਆਪ ਨੂੰ ਪ੍ਰਗਟ ਕਰ ਰਿਹਾ ਹਾਂ। ਇਰਾਦਾ ਅਤੇ ਦ੍ਰਿਸ਼ਟੀਕੋਣ ਉਹੀ ਰਹੇਗਾ।
ਇਹ ਵੀ ਪੜ੍ਹੋ : FIFA 2022: ਵੱਡਾ ਉਲਟਫੇਰ, ਸਾਊਦੀ ਅਰਬ ਨੇ ਮੇਸੀ ਦੀ ਟੀਮ ਅਰਜਨਟੀਨਾ ਨੂੰ 2-1 ਨਾਲ ਹਰਾਇਆ
ਜ਼ਿਕਰਯੋਗ ਹੈ ਕਿ ਨੇਪੀਅਰ ਦੇ ਮੈਕਲਿਨ ਪਾਰਕ 'ਚ ਖੇਡੇ ਗਏ ਤੀਜੇ ਟੀ-20 ਮੈਚ 'ਚ ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਡੇਵੋਨ ਕੋਨਵੇ (59) ਅਤੇ ਗਲੇਨ ਫਿਲਿਪਸ (54) ਦੇ ਅਰਧ ਸੈਂਕੜਿਆਂ ਦੀ ਬਦੌਲਤ 19.4 ਓਵਰਾਂ 'ਚ 160 ਦੌੜਾਂ ਬਣਾਈਆਂ। ਇਸ ਦੇ ਜਵਾਬ 'ਚ ਭਾਰਤੀ ਟੀਮ ਦੀ ਸ਼ੁਰੂਆਤ ਖਰਾਬ ਰਹੀ ਅਤੇ ਟੀਮ ਨੇ ਸਿਰਫ 21 ਦੌੜਾਂ 'ਤੇ ਈਸ਼ਾਨ ਕਿਸ਼ਨ, ਰਿਸ਼ਭ ਪੰਤ ਅਤੇ ਸ਼੍ਰੇਅਸ ਅਈਅਰ ਦੀਆਂ ਵਿਕਟਾਂ ਗੁਆ ਦਿੱਤੀਆਂ।
ਸੂਰਯਕੁਮਾਰ ਯਾਦਵ ਸਿਰਫ 13 ਦੌੜਾਂ ਦੀ ਛੋਟੀ ਪਾਰੀ ਖੇਡ ਸਕੇ। ਹਾਲਾਂਕਿ ਹਾਰਦਿਕ ਪੰਡਯਾ ਅਤੇ ਦੀਪਕ ਹੁੱਡਾ ਨੇ 9 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 75 ਦੌੜਾਂ ਬਣਾਈਆਂ। ਇਸ ਤੋਂ ਬਾਅਦ ਮੀਂਹ ਕਾਰਨ ਮੈਚ ਨੂੰ ਰੋਕਣਾ ਪਿਆ ਅਤੇ ਮੈਚ ਮੁੜ ਸ਼ੁਰੂ ਨਹੀਂ ਹੋ ਸਕਿਆ। ਭਾਰਤੀ ਟੀਮ ਵੀ ਖੁਸ਼ਕਿਸਮਤ ਰਹੀ ਕਿਉਂਕਿ ਟੀਮ ਨੂੰ ਮੈਚ ਟਾਈ ਕਰਨ ਲਈ 9 ਓਵਰਾਂ ਵਿੱਚ ਸਿਰਫ਼ 75 ਦੌੜਾਂ ਦੀ ਲੋੜ ਸੀ ਅਤੇ ਟਾਈ ਹੋਣ ਕਾਰਨ ਭਾਰਤ ਨੇ ਲੜੀ ਜਿੱਤ ਲਈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।