ਸੁਰੈਸ਼ ਰੈਨਾ ਦੀ ਟੀਮ ਨੇ ਜਿੱਤਿਆ ਇੰਡੀਅਨ ਵੈਟਰਨ ਕ੍ਰਿਕਟ ਲੀਗ ਦਾ ਖਿਤਾਬ, ਫਾਈਨਲ ''ਚ ਇਸ ਨੂੰ ਦਿੱਤੀ ਮਾਤ
Tuesday, Mar 05, 2024 - 11:45 AM (IST)
ਸਪੋਰਟਸ ਡੈਸਕ : ਚੇਨਈ ਸੁਪਰ ਕਿੰਗਜ਼ 'ਚ ਜੂਨੀਅਰ ਥਾਲਾ ਦੇ ਨਾਂ ਨਾਲ ਜਾਣੇ ਜਾਂਦੇ ਸੁਰੇਸ਼ ਰੈਨਾ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਇੰਡੀਅਨ ਵੈਟਰਨ ਪ੍ਰੀਮੀਅਰ ਲੀਗ 'ਚ ਬਤੌਰ ਕਪਤਾਨ ਹਿੱਸਾ ਲਿਆ ਸੀ। ਸੋਮਵਾਰ ਨੂੰ ਰੈਨਾ ਦੀ ਕਪਤਾਨੀ ਵਾਲੀ ਵੀਵੀਆਈਪੀ ਉੱਤਰ ਪ੍ਰਦੇਸ਼ ਦੀ ਟੀਮ ਨੇ ਮੁੰਬਈ ਕੈਪੀਟਲਸ ਨੂੰ ਹਰਾ ਕੇ ਖਿਤਾਬ ਜਿੱਤਿਆ। ਉਕਤ ਟੂਰਨਾਮੈਂਟ ਦਾ ਆਯੋਜਨ ਗ੍ਰੇਟਰ ਨੋਇਡਾ 'ਚ ਕੀਤਾ ਗਿਆ ਸੀ, ਜਿਸ 'ਚ ਦੁਨੀਆ ਭਰ ਤੋਂ ਕ੍ਰਿਕਟ ਦੇ ਦਿੱਗਜ ਹਿੱਸਾ ਲੈਣ ਲਈ ਪਹੁੰਚੇ ਸਨ। ਫਾਈਨਲ ਮੈਚ ਉੱਤਰ ਪ੍ਰਦੇਸ਼ ਅਤੇ ਮੁੰਬਈ ਵਿਚਾਲੇ ਖੇਡਿਆ ਗਿਆ ਜੋ ਕਾਫੀ ਦਿਲਚਸਪ ਰਿਹਾ।
ਮੁਕਾਬਲੇ ਦੀ ਗੱਲ ਕਰੀਏ ਤਾਂ ਮੁੰਬਈ ਚੈਂਪੀਅਨਜ਼ ਨੇ ਪਹਿਲਾਂ ਖੇਡਦੇ ਹੋਏ ਸ਼ਾਨਦਾਰ ਸ਼ੁਰੂਆਤ ਕੀਤੀ ਸੀ। 7 ਦੌੜਾਂ 'ਤੇ ਨਿਰਵਾਣ ਅੱਤਰੀ ਦੀ ਵਿਕਟ ਡਿੱਗਣ ਤੋਂ ਬਾਅਦ ਫਿਲ ਮਸਟਰਡ ਅਤੇ ਅਭਿਸ਼ੇਕ ਝੁਨਝੁਨਵਾਲਾ ਨੇ ਸਕੋਰ ਨੂੰ 67 ਤੱਕ ਪਹੁੰਚਾਇਆ। ਅਭਿਸ਼ੇਕ ਨੇ 23 ਗੇਂਦਾਂ 'ਤੇ 36 ਦੌੜਾਂ ਬਣਾਈਆਂ। ਉਥੇ ਹੀ ਮਸਟਰਡ ਨੇ 45 ਗੇਂਦਾਂ 'ਚ 8 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 76 ਦੌੜਾਂ ਦਾ ਯੋਗਦਾਨ ਪਾਇਆ। ਇਸ ਤੋਂ ਬਾਅਦ ਪੀਟਰ ਟਰੇਗੋ ਨੇ 33 ਗੇਂਦਾਂ 'ਚ 3 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 57 ਦੌੜਾਂ ਬਣਾਈਆਂ। ਰਜਤ ਸਿੰਘ ਨੇ 12 ਗੇਂਦਾਂ ਵਿੱਚ 18 ਦੌੜਾਂ ਬਣਾ ਕੇ ਸਕੋਰ ਨੂੰ 214 ਤੱਕ ਪਹੁੰਚਾਇਆ। ਯੂਪੀ ਲਈ ਕ੍ਰਿਸ ਮੋਰਫੂ ਨੇ 43 ਦੌੜਾਂ ਦੇ ਕੇ ਤਿੰਨ ਵਿਕਟਾਂ ਅਤੇ ਪਵਨ ਨੇਗੀ ਨੇ ਇਕ ਵਿਕਟ ਲਈ।
Raina in Yellow 🤝 Lifting trophies 💛
— FanCode (@FanCode) March 4, 2024
.
.#IVPL #SureshRaina @ivplt20 pic.twitter.com/ckdfnIwWL0
ਜਵਾਬ ਵਿੱਚ ਉੱਤਰ ਪ੍ਰਦੇਸ਼ ਦੀ ਸ਼ੁਰੂਆਤ ਖ਼ਰਾਬ ਰਹੀ। ਰੋਹਿਤ ਪ੍ਰਕਾਸ਼ ਸ਼੍ਰੀਵਾਸਤਵ 0, ਅੰਸ਼ੁਲ ਕਪੂਰ 13 ਅਤੇ ਸੁਰੇਸ਼ ਰੈਨਾ 5 ਗੇਂਦਾਂ 'ਤੇ 9 ਦੌੜਾਂ ਬਣਾ ਕੇ ਆਊਟ ਹੋ ਗਏ ਪਰ ਇਸ ਦੌਰਾਨ ਪਵਨ ਨੇਗੀ ਨੇ ਇਕ ਸਿਰੇ ਦੀ ਜ਼ਿੰਮੇਵਾਰੀ ਸੰਭਾਲੀ ਅਤੇ 55 ਗੇਂਦਾਂ 'ਤੇ 14 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 105 ਦੌੜਾਂ ਬਣਾਈਆਂ। ਇਸੇ ਤਰ੍ਹਾਂ ਪਰਵਿੰਦਰ ਸਿੰਘ ਨੇ 34 ਗੇਂਦਾਂ ਵਿੱਚ 7 ਚੌਕਿਆਂ ਦੀ ਮਦਦ ਨਾਲ 51 ਦੌੜਾਂ ਬਣਾਈਆਂ ਜਦਕਿ ਪੁਨੀਤ ਬਿਸ਼ਟ ਨੇ 16 ਗੇਂਦਾਂ ਵਿੱਚ 29 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਵੱਲ ਤੋਰਿਆ। ਪਵਨ ਨੇਗੀ ਨੂੰ ਸੈਂਕੜਾ ਬਣਾਉਣ ਅਤੇ ਇੱਕ ਵਿਕਟ ਲੈਣ ਲਈ ਪਲੇਅਰ ਆਫ਼ ਦਾ ਮੈਚ ਚੁਣਿਆ ਗਿਆ।
ਤੁਹਾਨੂੰ ਦੱਸ ਦੇਈਏ ਕਿ ਇੰਡੀਅਨ ਵੈਟਰਨ ਪ੍ਰੀਮੀਅਰ ਲੀਗ 2024 ਸਟਾਰ-ਸਟਡ ਟੀ-20 ਲੀਗ ਸੀ। ਇਸ ਵਿੱਚ ਕ੍ਰਿਸ ਗੇਲ, ਵਰਿੰਦਰ ਸਹਿਵਾਗ, ਸੁਰੇਸ਼ ਰੈਨਾ, ਫਿਲ ਮਸਟਰਡ, ਰਿਚਰਡ ਲੇਵੀ ਵਰਗੇ ਦਿੱਗਜ ਖਿਡਾਰੀਆਂ ਨੇ ਹਿੱਸਾ ਲਿਆ। ਵਰਿੰਦਰ ਸਹਿਵਾਗ ਵੀ ਹਾਲ ਹੀ 'ਚ ਰੰਗਾਂ 'ਚ ਨਜ਼ਰ ਆਏ ਸਨ। ਉਨ੍ਹਾਂ ਨੇ ਦਮਦਾਰ ਪਾਰੀ ਖੇਡ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ।