ਸਨਵੇ ਸਿਟਜਸ ਇੰਟਰਨੈਸ਼ਨਲ : ਸੇਥੂਰਮਨ ਨੂੰ ਹਰਾ ਕੇ ਨੋਦਿਰਬੇਕ ਨਿਕਲੇ ਅੱਗੇ
Tuesday, Dec 21, 2021 - 11:03 AM (IST)
ਸਿਟਜਸ (ਸਪੇਨ), ਨਿਕਲੇਸ਼ ਜੈਨ- ਸਨਵੇ ਸਿਟਜਸ ਇੰਟਰਨੈਸ਼ਨਲ ਦੇ ਛੇਵੇਂ ਰਾਊਂਡ 'ਚ ਭਾਰਤ ਦੇ ਗ੍ਰੈਂਡ ਮਾਸਟਰਸ ਐੱਸ. ਪੀ. ਸੇਥੂਰਮਨ ਦੇ ਜੇਤੂ ਰੱਥ ਨੂੰ ਉਜ਼ਬੇਕਿਸਤਾਨ ਦੇ ਯੁਵਾ ਖਿਡਾਰੀ ਅਬਦੁਸਤਾਰੋਵ ਨੋਦਿਰਬੇਕ ਨੇ ਰੋਕ ਲਿਆ। ਨੋਦਿਰਬੇਕ ਨੇ ਸਫ਼ੈਦ ਮੋਹਰਿਆਂ ਨਾਲ ਖੇਡਦੇ ਹੋਏ ਸੇਮੀ ਸਲਾਵ ਐਕਸਚੇਂਜ ਵੈਰੀਏਸ਼ਨ 'ਚ ਸਿਰਫ਼ 36 ਚਾਲਾਂ 'ਚ ਇਹ ਜਿੱਤ ਹਾਸਲ ਕੀਤੀ। ਨੋਦਿਰਬੇਕ ਤੋਂ ਇਲਾਵਾ ਜਰਮਨੀ ਦੇ ਦਿਮਿਤ੍ਰੀਜ ਕੋਲਾਰਸ ਨੇ ਬੇਲਾਰੂਸ ਦੇ ਡੇਨੀਅਲ ਦਰਧਾ ਨੂੰ ਹਰਾਉਂਦੇ ਹੋਏ 5.5 ਅੰਕਾਂ ਦੇ ਨਾਲ ਸੰਯੁਕਤ ਬੜ੍ਹਤ ਹਾਸਲ ਕਰ ਲਈ ਤੇ ਹੁਣ ਦੋਵੇਂ ਅਗਲੇ ਰਾਊਂਡ 'ਚ ਆਪਸ 'ਚ ਮੁਕਾਬਲਾ ਖੇਡਣਗੇ।
ਭਾਰਤੀ ਖਿਡਾਰੀਆਂ 'ਚੋਂ ਅਭਿਮਨਿਊ ਪੌਰਾਣਿਕ ਨੇ ਕੋਲੰਬੀਆ ਦੇ ਕ੍ਰਿਸਟੀਆਨ ਰਿਓਸ ਤੋਂ, ਨੀਲੋਤਪਲ ਦਾਸ ਨੇ ਟਾਪ ਸੀਡ ਯੂਕ੍ਰੇਨ ਦੇ ਅੰਟੋਨ ਕੋਰੋਬੋਵ ਤੋਂ, ਅਰਜੁਨ ਐਰੀਗਾਸੀ ਨੇ ਨੀਦਰਲੈਂਡ ਦੇ ਲੁਕਾਸ ਵਾਨ ਫਾਰੇਸਟ ਤੋਂ ਤੇ ਮੇਰੀ ਗੋਮਸ ਨੇ ਈਰਾਨ ਦੇ ਅਮੀਨ ਤਾਬਤਬਾਈ ਤੋਂ ਬਾਜ਼ੀ ਡਰਾਅ ਖੇਡੀ। ਨਿਹਾਲ ਸਰੀਨ ਇਕ ਵਾਰ ਫਿਰ ਜਿੱਤ ਕੇ ਵਾਪਸੀ ਕਰਦੇ ਹੋਏ ਨਜ਼ਰ ਆਏ। ਉਨ੍ਹਾਂ ਨੇ ਬੁਲਗਾਰੀਆ ਦੇ ਟਸਟਵੇਟਨ ਸਟੋਏਨੋਵ ਨੂੰ ਹਰਾਇਆ ਤੇ ਹੁਣ ਸੰਯੁਕਤ ਤੀਜੇ ਸਥਾਨ 'ਤੇ ਪਹੁੰਚ ਗਏ ਹਨ।