ਸਨਵੇ ਸਿਟਜਸ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ : ਸੇਥੂਰਮਨ ਦੀ ਪੰਜਵੀਂ ਜਿੱਤ, ਬਣਾਈ ਸਿੰਗਲ ਬੜ੍ਹਤ

Sunday, Dec 19, 2021 - 02:24 PM (IST)

ਸਿਟਜਸ (ਸਪੇਨ), (ਨਿਕਲੇਸ਼ ਜੈਨ)- ਸਨਵੇ ਸਿਟਜਸ ਇੰਟਰਨੈਸ਼ਨਲ ਟੂਰਨਾਮੈਂਟ ਦੇ ਪੰਜਵੇਂ ਰਾਊਂਡ ਵਿਚ ਵੀ ਭਾਰਤ ਦੇ ਗ੍ਰੈਂਡ ਮਾਸਟਰ ਐੱਸ. ਪੀ. ਸੇਥੂਰਮਨ ਦੀ ਸ਼ਾਨਦਾਰ ਖੇਡ ਜਾਰੀ ਰਹੀ ਤੇ ਉਸ ਨੇ ਗ੍ਰੈਂਡ ਮਾਸਟਰ ਡੈਨਿਸ ਕਡਰਿਕ ਨੂੰ ਹਰਾਉਂਦਿਆਂ ਲਗਾਤਾਰ ਆਪਣੀ 5ਵੀਂ ਜਿੱਤ ਹਾਸਲ ਕੀਤੀ ਤੇ ਇਸਦੇ ਨਾਲ ਹੀ ਹੁਣ ਉਹ ਟੂਰਨਾਮੈਂਟ ਵਿਚ ਸਿੰਗਲ ਬੜ੍ਹਤ ’ਤੇ ਆ ਗਿਆ ਹੈ।
 
ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਸੇਥੂਰਮਨ ਨੇ ਰਾਏ ਲੋਪੇਜ ਓਪਨਿੰਗ ਵਿਚ ਹਮਲਾਵਰ ਖੇਡ ਦਾ ਪ੍ਰਦਰਸ਼ਨ ਕੀਤਾ ਤੇ ਕਈ ਬਿਹਤਰੀਨ ਚਾਲਾਂ ਦੇ ਨਾਲ 44 ਚਾਲਾਂ ਵਿਚ ਮੈਚ ਜਿੱਤ ਲਿਆ। ਦੂਜੇ ਬੋਰਡ ’ਤੇ ਇਕ ਬੇਹੱਦ ਹੀ ਰੋਮਾਂਚਕ ਨਤੀਜਾ ਆਇਆ ਜਦੋਂ ਕੋਲੰਬੀਆ ਦੇ ਗ੍ਰੈਂਡ ਮਾਸਟਰ ਕ੍ਰਿਸਟਿਆਨੋ ਰਿਓਸ ਵਿਰੁੱਧ ਪੂਰੀ ਤਰ੍ਹਾਂ ਨਾਲ ਹਾਰ ਚੁੱਕੀ ਬਾਜ਼ੀ ਟਾਪ ਸੀਡ ਯੂਕ੍ਰੇਨ ਦਾ ਅੰਤੋਨ ਕੋਰੋਬੋਵ ਬਚਾਉਣ ਵਿਚ ਕਾਮਯਾਬ ਰਿਹਾ ਤੇ ਮੈਚ ਬਰਾਬਰੀ ’ਤੇ ਖ਼ਤਮ ਹੋਇਆ। ਚੌਥੇ ਬੋਰਡ ’ਤੇ ਭਾਰਤ ਦੇ ਸੰਕਲਪ ਗੁਪਤਾ ਨੂੰ ਯੂ. ਐੱਸ. ਏ. ਦੇ ਨਿਮਾਨ ਹੰਸ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ 8ਵੇਂ ਬੋਰਡ ’ਤੇ ਅਭਿਮਨਯੂ ਪੌਰਾਣਿਕ ਨੇ ਸਪੇਨ ਦੇ ਪੇਰੇ ਕਜਰੋਲਾ ਨੂੰ ਹਰਾਇਆ ਤੇ 4.5 ਅੰਕ ਬਣਾ ਕੇ ਸਾਂਝੇ ਤੌਰ ’ਤੇ ਦੂਜਾ ਸਥਾਨ ਹਾਸਲ ਕੀਤਾ।

ਹੋਰਨਾਂ ਭਾਰਤੀ ਖਿਡਾਰੀਆਂ ਵਿਚ ਨੀਲੋਪਤਲ ਦਾਸ ਨੇ ਅਜਰਬੈਜਾਨ ਸੁਲੇਮਨਲੀ ਅਦਿਨ ਨਾਲ ਤੇ ਨਿਹਾਲ ਸਰੀਨ ਨੇ ਹਮਵਤਨ ਪ੍ਰਾਣੇਸ਼ ਨਾਲ ਬਾਜ਼ੀ ਡਰਾਅ ਖੇਡੀ। ਮਹਿਲਾ ਵਰਗ ਵਿਚ ਸੌਮਿਆ ਸਵਾਮੀਨਾਥਨ  ਨੂੰ ਆਪਣੀ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ। ਉਸ ਨੂੰ ਬੇਲਾਰੂਸ ਦੇ ਡੇਨੀਅਲ ਦਰਘਾ ਨੇ ਹਰਾਇਆ। ਮੈਰੀ ਗੋਮਸ ਨੇ ਬ੍ਰਾਜ਼ੀਲ ਦੇ ਪਿੰਟੋ ਰੇਨਤੋ ਨੂੰ ਹਰਾਇਆ। 


Tarsem Singh

Content Editor

Related News