ਸਟੋਕਸ ਦੀ ਉਪਲੱਬਧਤਾ 'ਤੈਅ ਨਹੀਂ' : ਰਾਜਸਥਾਨ ਰਾਇਲਜ਼ ਕੋਚ
Tuesday, Sep 15, 2020 - 07:20 PM (IST)
ਦੁਬਈ– ਰਾਜਸਥਾਨ ਰਾਇਲਜ਼ ਦੇ ਮੁੱਖ ਕੋਚ ਐਂਡ੍ਰਿਊ ਮੈਕਡੋਨਾਲਡ ਨੇ ਕਿਹਾ ਹੈ ਕਿ ਫ੍ਰੈਂਚਾਇਜ਼ੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਧਾਕੜ ਆਲਰਊਂਡਰ ਬੇਨ ਸਟੋਕਸ ਦੀ ਉਪਲੱਬਧਤਾ ਨੂੰ ਲੈ ਕੇ 'ਤੈਅ ਨਹੀਂ' ਹੈ, ਜਿਹੜਾ ਨਿਊਜ਼ੀਲੈਂਡ ਵਿਚ ਆਪਣੇ ਬੀਮਾਰ ਪਿਤਾ ਦੇ ਨਾਲ ਹੈ। ਪਿਛਲੇ ਸਾਲ ਇੰਗਲੈਂਡ ਦੀ ਵਿਸ਼ਵ ਕੱਪ ਖਿਤਾਬੀ ਜਿੱਤ ਦਾ ਹੀਰੋ ਰਿਹਾ ਸਟੋਕਸ ਮੁਸ਼ਕਿਲ ਦੌਰ ਵਿਚੋਂ ਲੰਘ ਰਿਹਾ ਹੈ। ਆਪਣੇ ਪਿਤਾ ਨੂੰ ਬ੍ਰੇਨ ਕੈਂਸਰ ਹੋਣ ਦਾ ਪਤਾ ਲੱਗਣ ਤੋਂ ਬਾਅਦ ਉਹ ਪਾਕਿਸਤਾਨ ਵਿਰੁੱਧ ਲੜੀ ਦੇ ਦੂਜੇ ਟੈਸਟ ਤੋਂ ਪਹਿਲਾਂ ਅਗਸਤ ਵਿਚ ਹੀ ਟੀਮ ਵਿਚੋਂ ਹਟ ਗਿਆ ਸੀ। ਮੈਕਡਾਨੋਲਡ ਨੇ ਕਿਹਾ,''ਸਭ ਤੋਂ ਪਹਿਲਾਂ ਅਤੇ ਜ਼ਰੂਰੀ ਇਹ ਹੈ ਕਿ ਸਾਡੀਆਂ ਸੰਵੇਦਨਾਵਾਂ ਸਟੋਕਸ ਦੇ ਪਰਿਵਾਰ ਦੇ ਨਾਲ ਹਨ। ਇਹ ਮੁਸ਼ਕਿਲ ਹਾਲਾਤ ਹਨ, ਇਸ ਲਈ ਉਸ ਨੂੰ ਓਨਾ ਸਮਾਂ ਦੇ ਰਹੇ ਹਾਂ, ਜਿੰਨਾ ਉਸ ਨੂੰ ਚਾਹੀਦਾ ਹੈ।''
ਉਸ ਨੇ ਕਿਹਾ, ''ਸਟੋਕਸ ਦੀ ਸਥਿਤੀ ਅਜੇ ਕੀ ਹੈ, ਸਾਨੂੰ ਨਹੀਂ ਪਤਾ ਪਰ ਇਕ ਵਾਰ ਚੀਜ਼ਾਂ ਸਾਫ ਹੋ ਜਾਣ ਤਾਂ ਅਸੀਂ ਕੋਈ ਫੈਸਲਾ ਕਰ ਸਕਾਂਗੇ। ਅਸੀਂ ਅਜੇ ਇਹ ਅੰਦਾਜ਼ਾ ਨਹੀਂ ਲਾ ਸਕਦੇ ਕਿ ਉਸਦਾ ਕੀ ਹੋਵੇਗਾ।'' ਟੀਮ ਦੇ ਕਪਤਾਨ ਸਟੀਵ ਸਮਿਥ ਦੇ ਆਸਟਰੇਲੀਆ-ਇੰਗਲੈਂਡ ਵਨ ਡੇ ਸੀਰੀਜ਼ ਦੇ ਪਹਿਲੇ ਦੋ ਮੈਚਾਂ ਵਿਚ ਨਾ ਖੇਡਣ ਦੇ ਬਾਰੇ ਵਿਚ ਪੁੱਛੇ ਜਾਣ 'ਤੇ ਮੈਕਡੋਨਾਲਡ ਜ਼ਿਆਦਾ ਚਿੰਤਤ ਨਹੀਂ ਦਿਸਿਆ।