ਇਸ ਉਮਰ ’ਚ ਵੀ ਖੇਡਣ ਦੀ ਭੁੱਖ ਬਰਕਰਾਰ ਰੱਖਣ ਲਈ ਕੋਹਲੀ ਦੀ ਸ਼ਲਾਘਾ ਕੀਤੀ ਸਟੇਨ ਨੇ, ਕਿਹਾ...

Tuesday, Dec 02, 2025 - 09:30 AM (IST)

ਇਸ ਉਮਰ ’ਚ ਵੀ ਖੇਡਣ ਦੀ ਭੁੱਖ ਬਰਕਰਾਰ ਰੱਖਣ ਲਈ ਕੋਹਲੀ ਦੀ ਸ਼ਲਾਘਾ ਕੀਤੀ ਸਟੇਨ ਨੇ, ਕਿਹਾ...

ਰਾਂਚੀ– ਆਪਣੇ ਕਰੀਅਰ ਦੇ ਸਰਵੋਤਮ ਦੌਰ ਵਿਚੋਂ ਲੰਘਣ ਤੋਂ ਬਾਅਦ ਜ਼ਿਆਦਾਤਰ ਖਿਡਾਰੀ ਘਰ ’ਚ ਆਪਣੇ ਪਰਿਵਾਰ ਤੇ ਕੁੱਤੇ ਦੇ ਨਾਲ ਰਹਿਣਾ ਪਸੰਦ ਕਰਦੇ ਹਨ ਪਰ 37 ਸਾਲਾ ਵਿਰਾਟ ਕੋਹਲੀ ਅਜੇ ਵੀ ਮੈਦਾਨ ’ਤੇ ਚੁਸਤੀ ਦੇ ਨਾਲ ਦੌੜਦਾ ਤੇ ਡਾਈਵ ਲਗਾਉਂਦਾ ਦੇਖਿਆ ਜਾ ਸਕਦਾ ਹੈ ਤੇ ਦੱਖਣੀ ਅਫਰੀਕਾ ਦਾ ਸਾਬਕਾ ਤੇਜ਼ ਗੇਂਦਬਾਜ਼ ਡੇਲ ਸਟੇਨ ਖੇਡਣ ਨੂੰ ਲੈ ਕੇ ਉਸਦੇ ਇਸ ਜਨੂੰਨ ਦਾ ਮੁਰੀਦ ਹੈ। ਟੀ-20 ਤੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਕੋਹਲੀ ਨੇ ਦਿਖਾਇਆ ਕਿ ਵਨ ਡੇ ਕ੍ਰਿਕਟ ਵਿਚ ਅਜੇ ਵੀ ਉਸਦਾ ਕੋਈ ਸਾਨੀ ਨਹੀਂ ਹੈ। ਕੋਹਲੀ ਨੇ ਦੱਖਣੀ ਅਫਰੀਕਾ ਵਿਰੁੱਧ ਪਹਿਲੇ ਵਨ ਵਿਚ ਇੱਥੇ ਆਪਣੇ ਕਰੀਅਰ ਦਾ 52ਵਾਂ ਸੈਂਕੜਾ ਲਾਇਆ।

ਸਟੇਨ ਨੇ ਕਿਹਾ, ‘‘ਜਦੋਂ ਤੁਸੀਂ 37 ਜਾਂ 38 ਸਾਲ ਦੇ ਜ਼ਿਆਦਾਤਰ ਖਿਡਾਰੀਆਂ ਨਾਲ ਗੱਲ ਕਰਦੇ ਹੋ ਤਾਂ ਕਹਿੰਦੇ ਹੋ ਕਿ ਉਨ੍ਹਾਂ ਨੂੰ ਘਰ, ਆਪਣੇ ਕੁੱਤੇ, ਆਪਣੇ ਬੱਚੇ ਛੱਡਣਾ ਪਸੰਦ ਨਹੀਂ ਹੈ ਪਰ ਕੋਹਲੀ ਮਾਨਸਿਕ ਤੌਰ ’ਤੇ ਅਜਿਹੀ ਸਥਿਤੀ ਵਿਚ ਹੈ, ਜਿੱਥੇ ਉਹ ਪਹਿਲਾਂ ਦੀ ਤਰ੍ਹਾਂ ਭਾਰਤ ਲਈ ਖੇਡਣ ਲਈ ਉਤਸ਼ਾਹਿਤ ਹੈ। ਉਸ ਨੂੰ ਨੂੰ ਵਿਕਟਾਂ ਵਿਚਾਲੇ ਦੌੜ, ਫੀਲਡਿੰਗ ਕਰਦੇ ਤੇ ਡਾਈਵ ਲਗਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਉਹ ਮਾਨਸਿਕ ਤੌਰ ’ਤੇ ਨੌਜਵਾਨ ਤੇ ਤਰੋਤਾਜ਼ਾ ਹੈ ਤੇ ਕ੍ਰਿਕਟ ਵਿਚ ਬਣਿਆ ਰਹਿਣਾ ਚਾਹੁੰਦਾ ਹੈ।’’

ਉਸ ਨੇ ਕਿਹਾ, ‘‘ਕੋਹਲੀ ਨੇ ਪਿਛਲੇ 15-16 ਸਾਲ ਵਿਚ 300 ਤੋਂ ਵੱਧ ਵਨ ਡੇ ਖੇਡੇ ਹਨ, ਇਸ ਲਈ ਉਹ ਕਾਫੀ ਤਜਰਬਾ ਰੱਖਦਾ ਹੈ। ਇਹ ਉਸਦੇ ਕਰੀਅਰ ਤੇ ਦਿਮਾਗ ਵਿਚ ਹੈ। ਜੇਕਰ ਉਹ ਤਿੰਨ ਦਿਨ ਦੇ ਮੀਂਹ ਤੋਂ ਬਾਅਦ ਵੀ ਇੱਥੇ ਪਹੁੰਚਦਾ ਹੈ ਤਾਂ ਵੀ ਉਸਦੀ ਤਿਆਰੀ ’ਤੇ ਕੋਈ ਅਸਰ ਨਹੀਂ ਪੈਂਦਾ। ਉਹ ਮਾਨਸਿਕ ਤੌਰ ’ਤੇ ਮਜ਼ਬੂਤ ਹੈ, ਚੰਗੀ ਤਰ੍ਹਾਂ ਨਾਲ ਸੋਚ ਸਕਦਾ ਹੈ ਤੇ ਗੇਂਦ ਨੂੰ ਬੱਲੇ ’ਤੇ ਆਉਂਦੇ ਹੋਏ ਦੇਖ ਸਕਦਾ ਹੈ। ਦੁਨੀਆ ਦੇ ਸਰਵੋਤਮ ਖਿਡਾਰੀ ਇਹ ਹੀ ਕਰਦੇ ਹਨ।’’

ਸਟੇਨ ਨੇ ਕਿਹਾ, ‘‘ਉਹ ਖੁਦ ’ਤੇ ਭਰੋਸਾ ਰੱਖਦਾ ਹੈ ਕਿਉਂਕਿ ਉਹ ਪਿਛਲੇ ਲੰਬੇ ਸਮੇਂ ਤੋਂ ਖੇਡ ਰਿਹਾ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਉਹ ਅਜੇ ਵੀ ਪਹਿਲਾਂ ਦੀ ਤਰ੍ਹਾਂ ਖੇਡਣ ਨੂੰ ਲੈ ਕੇ ਉਤਸ਼ਾਹਿਤ ਰਹਿੰਦਾ ਹੈ।’’

ਕੌਮਾਂਤਰੀ ਕ੍ਰਿਕਟ ਵਿਚ ਆਪਣਾ 83ਵਾਂ ਸੈਂਕੜਾ ਲਾਉਣ ਤੋਂ ਬਾਅਦ ਕੋਹਲੀ ਨੇ ਆਪਣੇ ਕਰੀਅਰ ਦੇ ਇਸ ਦੌਰ ਵਿਚ ਆਪਣੀ ਮਾਨਸਿਕਤਾ ਤੇ ਤਿਆਰੀ ਦੇ ਬਾਰੇ ਵਿਚ ਗੱਲ ਕੀਤੀ ਸੀ।


author

Tarsem Singh

Content Editor

Related News