ਸਮਿਥ ਦੀ ਨਜ਼ਰ ਲਾਸ ਏਂਜਲਸ 2028 ਓਲੰਪਿਕ ''ਤੇ, ਬਣਾਇਆ ਅਗਲੇ 4 ਸਾਲ ਦਾ ਪਲਾਨ
Tuesday, Aug 20, 2024 - 04:33 PM (IST)
ਸਪੋਰਟਸ ਡੈਸਕ- ਆਸਟ੍ਰੇਲੀਆ ਦੇ ਸਟਾਰ ਬੱਲੇਬਾਜ਼ ਸਟੀਵ ਸਮਿਥ ਲਾਸ ਏਂਜਲਸ 2028 ਓਲੰਪਿਕ 'ਚ ਦੇਸ਼ ਦੀ ਨੁਮਾਇੰਦਗੀ ਕਰਨਾ ਚਾਹੁੰਦੇ ਹਨ, ਜੋ ਸੰਭਾਵਤ ਤੌਰ 'ਤੇ ਟੀ-20 ਫਾਰਮੈਟ 'ਚ ਖੇਡਿਆ ਜਾਵੇਗਾ। ਸਟੀਵ ਸਮਿਥ ਨੂੰ ਇਸ ਸਾਲ ਜੂਨ ਵਿੱਚ ਆਸਟ੍ਰੇਲੀਆ ਦੀ ਟੀ-20 ਵਿਸ਼ਵ ਕੱਪ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ, ਪਰ ਇਹ ਅਨੁਭਵੀ ਬੱਲੇਬਾਜ਼ ਆਪਣੇ ਟੀ-20 ਅੰਤਰਰਾਸ਼ਟਰੀ ਭਵਿੱਖ ਲਈ ਵਚਨਬੱਧ ਹੈ। ਸਮਿਥ ਨੇ ਹਾਲ ਹੀ ਵਿੱਚ ਸਿਡਨੀ ਸਿਕਸਰਸ ਨਾਲ ਤਿੰਨ ਸਾਲ ਦਾ ਬੀਬੀਐੱਲ ਕਰਾਰ ਕੀਤਾ ਹੈ। ਇਸ ਦਾ ਮਤਲਬ ਹੈ ਕਿ ਉਹ ਘੱਟੋ-ਘੱਟ 2026-27 ਤੱਕ ਪੇਸ਼ੇਵਰ ਕ੍ਰਿਕਟ ਖੇਡਦੇ ਰਹਿਣਗੇ। ਪਰ ਕੀ ਉਹ ਆਸਟ੍ਰੇਲੀਆ ਦੇ ਟੀ-20 ਸੈਟਅਪ ਵਿਚ ਜਾਰੀ ਰਹਿਣਗੇ? ਸਮਿਥ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕਰਦੇ।
ਸਮਿਥ ਟੀ-20 ਟੀਮ 'ਚ ਜਗ੍ਹਾ ਬਣਾਉਣ ਲਈ ਬੇਕਰਾਰ
ਹਾਲਾਂਕਿ ਸਮਿਥ ਨੂੰ ਓਲੰਪਿਕ 'ਚ ਖੇਡਣ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਰਾਸ਼ਟਰੀ ਟੀਮ 'ਚ ਆਪਣੀ ਜਗ੍ਹਾ ਦੁਬਾਰਾ ਹਾਸਲ ਕਰਨੀ ਹੋਵੇਗੀ। ਆਸਟ੍ਰੇਲੀਆਈ ਬੱਲੇਬਾਜ਼ ਨੇ ਕਿਹਾ, ''ਮੈਂ ਘੱਟੋ-ਘੱਟ ਅਗਲੇ ਚਾਰ ਸਾਲਾਂ ਤੱਕ ਟੀ-20 ਕ੍ਰਿਕਟ ਖੇਡਦਾ ਰਹਾਂਗਾ। ਇਹ ਇਕ ਅਜਿਹਾ ਫਾਰਮੈਟ ਹੈ ਜਿਸ ਨੂੰ ਮੈਂ ਹੋਰ ਫਾਰਮੈਟਾਂ ਦੇ ਉਲਟ ਲੰਬੇ ਸਮੇਂ ਤੱਕ ਖੇਡ ਸਕਦਾ ਹਾਂ, ਖਾਸ ਤੌਰ 'ਤੇ ਫਰੈਂਚਾਈਜ਼ੀ ਕ੍ਰਿਕਟ 'ਚ, ਮੈਂ ਤਿੰਨ ਸਾਲ ਦਾ ਕਰਾਰ ਕੀਤਾ ਹੈ ਅਤੇ ਇਕ ਸਾਲ ਬਾਅਦ ਓਲੰਪਿਕ ਹੋਵੇਗਾ। ਮੈਂ ਓਲੰਪਿਕ ਦਾ ਹਿੱਸਾ ਬਣਨਾ ਚਾਹੁੰਦਾ ਹਾਂ, ਇਹ ਬਹੁਤ ਵਧੀਆ ਅਨੁਭਵ ਹੋਵੇਗਾ।''
ਹਾਲਾਂਕਿ ਅਜਿਹਾ ਨਹੀਂ ਹੈ ਕਿ ਸਮਿਥ ਨੇ ਦੂਜੇ ਫਾਰਮੈਟਾਂ ਤੋਂ ਸੰਨਿਆਸ ਲੈਣ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਨੇ ਕਿਹਾ, ''ਮੇਰੀ ਫਿਲਹਾਲ ਅਜਿਹੀ ਕੋਈ ਯੋਜਨਾ ਨਹੀਂ ਹੈ। ਮੈਂ ਇਸ ਸਮੇਂ ਕ੍ਰਿਕਟ ਦਾ ਮਜ਼ਾ ਲੈ ਰਿਹਾ ਹਾਂ ਅਤੇ ਇਸ ਗਰਮੀ ਦਾ ਇੰਤਜ਼ਾਰ ਕਰ ਰਿਹਾ ਹਾਂ।''