ਪੈਰਿਸ ਓਲੰਪਿਕ ਦੀ ਸ਼ੁਰੂਆਤ ਅੱਜ, ਤਮਗਿਆਂ ਦੀ ਗਿਣਤੀ ਦੋਹਰੇ ਅੰਕ ਤੱਕ ਲਿਜਾਣ ਦੀ ਕੋਸ਼ਿਸ਼ ਕਰਨਗੇ ਭਾਰਤੀ ਐਥਲੀਟਸ

Friday, Jul 26, 2024 - 10:57 AM (IST)

ਪੈਰਿਸ ਓਲੰਪਿਕ ਦੀ ਸ਼ੁਰੂਆਤ ਅੱਜ, ਤਮਗਿਆਂ ਦੀ ਗਿਣਤੀ ਦੋਹਰੇ ਅੰਕ ਤੱਕ ਲਿਜਾਣ ਦੀ ਕੋਸ਼ਿਸ਼ ਕਰਨਗੇ ਭਾਰਤੀ ਐਥਲੀਟਸ

ਪੈਰਿਸ– ਮੰਚ ਸਜ ਚੁੱਕਾ ਹੈ ਅਤੇ ਪੂਰੀ ਦੁਨੀਆ ਦੇ ਖਿਡਾਰੀਆਂ ਵਾਂਗ ਭਾਰਤ ਦੇ 117 ਖਿਡਾਰੀ ਵੀ ਅੱਜ ਭਾਵ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੇ ਪੈਰਿਸ ਓਲੰਪਿਕ ਖੇਡਾਂ ’ਚ ਆਪਣਾ ਵਧੀਆ ਪ੍ਰਦਰਸ਼ਨ ਕਰਨ ਲਈ ਤਿਆਰ ਹਨ, ਜਿਥੇ ਉਨ੍ਹਾਂ ਦਾ ਟੀਚਾ ਤਮਗਿਆਂ ਦੀ ਗਿਣਤੀ ਨੂੰ ਦੋਹਰੇ ਅੰਕਾਂ ਤੱਕ ਪਹੁੰਚਾਉਣਾ ਹੋਵੇਗਾ।
ਭਾਰਤ ਨੇ ਟੋਕੀਓ ਓਲੰਪਿਕ ’ਚ 7 ਤਮਗੇ ਜਿੱਤੇ ਸਨ, ਜੋ ਉਨ੍ਹਾਂ ਦਾ ਓਲੰਪਿਕ ਖੇਡਾਂ ’ਚ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਭਾਵੇਂ ਹੀ ਉਨ੍ਹਾਂ ’ਤੇ ਇਸ ਲਈ ਉਮੀਦਾਂ ਦਾ ਭਾਰ ਹੈ ਪਰ ਕੁਸ਼ਤੀ ਨੂੰ ਛੱਡ ਕੇ ਕਿਸੇ ਵੀ ਹੋਰ ਖੇਡ ਦੇ ਖਿਡਾਰੀ ਆਪਣੀ ਤਿਆਰੀ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਸ਼ਿਕਾਇਤ ਨਹੀਂ ਕਰ ਸਕਦੇ ਹਨ।
ਖਿਡਾਰੀਆਂ ਨੇ ਭਾਵੇਂ ਵਿਦੇਸ਼ ’ਚ ਅਭਿਆਸ ਕਰਵਾਉਣਾ ਹੋਵੇ ਜਾਂ ਉਨ੍ਹਾਂ ਨੂੰ ਵਧੀਆ ਸਹੂਲਤਾਂ ਮੁਹੱਈਆ ਕਰਵਾਉਣੀਆਂ ਹੋਣ, ਕਿਸੇ ਵੀ ਤਰ੍ਹਾਂ ਨਾਲ ਕੋਈ ਕਸਰ ਨਹੀਂ ਛੱਡੀ ਗਈ ਹੈ ਅਤੇ ਹੁਣ ਨਤੀਜਾ ਦੇਣਾ ਖਿਡਾਰੀਆਂ ਦਾ ਕੰਮ ਹੈ।
ਪਰ ਇਸ ਹਕੀਕਤ ਤੋਂ ਵੀ ਮੂੰਹ ਨਹੀਂ ਮੋੜਿਆ ਜਾ ਸਕਦਾ ਹੈ ਕਿ ਟੋਕੀਓ ਓਲੰਪਿਕ ਦੇ 7 ਤਮਗਿਆਂ ਦੀ ਗਿਣਤੀ ਦੀ ਬਰਾਬਰੀ ਕਰਨਾ ਵੀ ਸੌਖਾ ਨਹੀਂ ਹੋਵੇਗਾ ਕਿਉਂਕਿ ਜੈਵਲਿਨ ਥ੍ਰੋ ਦੇ ਮੌਜੂਦਾ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੂੰ ਛੱਡ ਕੇ ਕੋਈ ਵੀ ਹੋਰ ਖਿਡਾਰੀ ਤਮਗੇ ਦਾ ਮਜ਼ਬੂਤ ਦਾਅਵੇਦਾਰ ਨਹੀਂ ਹੈ।
ਹਾਕੀ ਟੀਮ ’ਚ ਨਿਰੰਤਰਤਾ ਦੀ ਕਮੀ
ਹਾਕੀ ’ਚ ਭਾਰਤ ਨੇ ਪਿਛਲੇ ਓਲੰਪਿਕ ’ਚ ਕਾਂਸੀ ਤਮਗਾ ਜਿੱਤ ਕੇ 41 ਸਾਲਾਂ ਦੇ ਲੰਬੇ ਇੰਤਜ਼ਾਰ ਨੂੰ ਖਤਮ ਕੀਤਾ ਸੀ ਪਰ ਫਿਲਹਾਲ ਟੀਮ ਦੇ ਪ੍ਰਦਰਸ਼ਨ ’ਚ ਨਿਰੰਤਰਤਾ ਦੀ ਕਮੀ ਰਹੀ ਹੈ। ਪੈਨਲਟੀ ਕਾਰਨਰ ਨੂੰ ਗੋਲ ’ਚ ਬਦਲਣਾ ਅਤੇ ਲੈਅ ਬਣਾਈ ਰੱਖਣਾ ਟੀਮ ਦੀ ਸਭ ਤੋਂ ਵੱਡੀ ਚਿੰਤਾ ਹੈ। ਇੰਨਾ ਹੀ ਨਹੀਂ ਭਾਰਤੀ ਟੀਮ ਨੂੰ ਆਸਟ੍ਰੇਲੀਆ, ਬੈੱਲਜੀਅਮ, ਅਰਜਨਟੀਨਾ, ਨਿਊਜ਼ੀਲੈਂਡ ਅਤੇ ਆਇਰਲੈਂਡ ਨਾਲ ਮੁਸ਼ਕਿਲ ਗਰੁੱਪ ’ਚ ਰੱਖਿਆ ਗਿਆ ਹੈ। ਅਜਿਹੇ ’ਚ ਟੀਮ ਨੂੰ ਛੋਟੀ ਗਲਤੀ ਵੀ ਭਾਰੀ ਪੈ ਸਕਦੀ ਹੈ।
ਨਿਸ਼ਾਨੇਬਾਜ਼ੀ : ਭਾਰਤ ਦੇ 21 ਖਿਡਾਰੀ ਆਪਣੀ ਚੁਣੌਤੀ ਪੇਸ਼ ਕਰਨਗੇ, ਜਿਨ੍ਹਾਂ ’ਚ ਮਨੂੰ ਭਾਕਰ ਅਤੇ ਸੌਰਭ ਚੌਧਰੀ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਤਮਗੇ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਸਿਫਤ ਕੌਰ ਸਮਰਾ (50 ਮੀਟਰ ਥ੍ਰੀ ਪੋਜ਼ੀਸ਼ਨ), ਸੰਦੀਪ ਸਿੰਘ (10 ਮੀਟਰ ਏਅਰ ਰਾਈਫਲ) ਅਤੇ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ (ਮਰਦਾਂ ਦੀ 50 ਮੀਟਰ ਰਾਈਫਲ) ਨੇ ਵੀ ਨਿਸ਼ਾਨੇਬਾਜ਼ੀ ’ਚ ਤਮਗੇ ਦਾ 12 ਸਾਲਾਂ ਦਾ ਇੰਤਜ਼ਾਰ ਖਤਮ ਕਰਨ ਦਾ ਮਾਦਾ ਦਿਖਾਇਆ ਹੈ।
ਕੁਸ਼ਤੀ : ਭਾਰਤ ਨੇ ਪਿਛਲੀਆਂ 4 ਓਲੰਪਿਕ ਖੇਡਾਂ ’ਚ ਤਮਗਾ ਜਿੱਤਿਆ ਹੈ ਪਰ ਇਸ ਵਾਰ ਭਾਰਤੀ ਕੁਸ਼ਤੀ ਮਹਾਸੰਘ ਵਿਰੁੱਧ ਵਿਰੋਧ ਪ੍ਰਦਰਸ਼ਨ ਦੇ ਕਾਰਨ ਖਿਡਾਰੀਆਂ ਦੀ ਤਿਆਰੀ ਅਨੁਕੂਲ ਨਹੀਂ ਰਹੀ ਹੈ।
ਇਸ ਦੇ ਬਾਵਜੂਦ ਅੰਸ਼ੂ ਮਲਿਕ, ਅੰਤਿਮ ਪੰਘਾਲ ਅਤੇ ਅਮਨ ਸਹਰਾਵਤ ਨੂੰ ਭਾਰਤ ਦਾ ਸਭ ਤੋਂ ਚੰਗਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਅੰਡਰ-23 ਵਿਸ਼ਵ ਚੈਂਪੀਅਨ ਰੀਤਿਕਾ ਹੁੱਡਾ ਵੀ ਛੁਪੀ ਰੁਸਤਮ ਸਾਬਿਤ ਹੋ ਸਕਦੀ ਹੈ।
ਨੀਰਜ, ਸ਼ੈੱਟੀ ਅਤੇ ਸਾਤਵਿਕ ਤੋਂ ਤਮਗੇ ਦੀਆਂ ਉਮੀਦਾਂ
ਭਾਰਤ ਦੇ ਤਮਗੇ ਦੀਆਂ ਉਮੀਦਾਂ ਨੀਰਜ ਤੇ ਚਿਰਾਗ ਸ਼ੈੱਟੀ ਅਤੇ ਸਾਤਵਿਕ ਸਾਈਰਾਜ ਰੰਕੀਰੈੱਡੀ ਦੀ ਫਾਰਮ ’ਚ ਚੱਲ ਰਹੀ ਬੈਡਮਿੰਟਨ ਜੋੜੀ ’ਤੇ ਟਿਕੀਆ ਹਨ। ਨੀਰਜ ਭਾਵੇਂ ਹੀ ਹੁਣ ਤੱਕ 90 ਮੀਟਰ ਦੀ ਦੂਰੀ ਤੱਕ ਭਾਲਾ ਨਹੀਂ ਸੁੱਟ ਸਕਿਆ ਹੈ ਪਰ ਉਨ੍ਹਾਂ ਨੇ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ ਹੈ। ਵੱਡੇ ਟੂਰਨਾਮੈਂਟਾਂ ’ਚ ਉਹ ਆਪਣੇ ਵਿਰੋਧੀਆਂ ਤੋਂ ਬਿਹਤਰ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਉਸ ਕੋਲ ਲਗਾਤਾਰ 2 ਓਲੰਪਿਕ ਖੇਡਾਂ ’ਚ ਤਮਗਾ ਜਿੱਤਣ ਵਾਲੇ ਤੀਜੇ ਭਾਰਤੀ ਖਿਡਾਰੀ ਬਣਨ ਦਾ ਸ਼ਾਨਦਾਰ ਮੌਕਾ ਹੈ। ਸਾਤਵਿਕ ਅਤੇ ਚਿਰਾਗ ਦੀ ਜੋੜੀ ਜਿਸ ਤਰ੍ਹਾਂ ਨਾਲ ਚੰਗਾ ਪ੍ਰਦਰਸ਼ਨ ਕਰ ਰਹੀ ਹੈ, ਉਸ ਨੂੰ ਦੇਖਦੇ ਹੋਏ ਉਹ ਯਕੀਨੀ ਤੌਰ ’ਤੇ ਤਮਗੇ ਦੀ ਮਜ਼ਬੂਤ ਦਾਅਵੇਦਾਰ ਹੈ। ਸਿੰਧੂ ਵੀ ਲਗਾਤਾਰ ਤੀਜਾ ਤਮਗਾ ਜਿੱਤਣ ਲਈ ਪ੍ਰਤੀਬੱਧ ਹੈ। ਉਸ ਦੀ ਹਾਲੀਆ ਫਾਰਮ ਚੰਗੀ ਨਹੀਂ ਰਹੀ ਅਤੇ ਉਸ ਨੂੰ ਡਰਾਅ ਵੀ ਮੁਸ਼ਕਿਲ ਮਿਲਿਆ ਹੈ।


author

Aarti dhillon

Content Editor

Related News