ਹਾਰ ਤੋਂ ਪਰੇਸ਼ਾਨ ਸ਼੍ਰੀਲੰਕਾਈ ਟੀਮ ਨੇ ਤੋੜਿਆ ਨਿਯਮ, ICC ਕਾਰਵਾਈ ਦੇ ਮੂਡ ''ਚ
Sunday, Jun 16, 2019 - 05:08 PM (IST)

ਲੰਡਨ— ਆਸਟਰੇਲੀਆ ਖਿਲਾਫ ਮਿਲੀ 87 ਦੌੜਾਂ ਦੀ ਹਾਰ ਦੇ ਬਾਅਦ ਮੀਡੀਆ ਵਚਨਬੱਧਤਾਵਾਂ ਪੂਰੀਆਂ ਨਹੀਂ ਕਰਨ 'ਤੇ ਕੌਮਾਂਤਰੀ ਕ੍ਰਿਕਟ ਪਰਿਸ਼ਦ ਸ਼੍ਰੀਲੰਕਾ 'ਤੇ ਜੁਰਮਾਨਾ ਲਗਾ ਸਕਦਾ ਹੈ। ਸ਼ਨੀਵਾਰ ਨੂੰ ਆਸਟਰੇਲੀਆ ਖਿਲਾਫ ਹਾਰ ਤੋਂ ਨਿਰਾਸ਼ ਕਪਤਾਨ ਦਿਮੁਥ ਕਰੁਣਾਰਤਨੇ ਅਤੇ ਸ਼੍ਰੀਲੰਕਾ ਦੇ ਹੋਰਨਾਂ ਖਿਡਾਰੀਆਂ ਨੇ ਲਾਜ਼ਮੀ ਪ੍ਰੈੱਸ ਕਾਨਫਰੰਸ ਅਤੇ 'ਮਿਕਸਡ ਜ਼ੋਨ' ਲਈ ਨਹੀਂ ਆਉਣ ਦਾ ਫੈਸਲਾ ਕੀਤਾ।
ਸ਼੍ਰੀਲੰਕਾ ਨੂੰ ਹੁਣ ਆਈ.ਸੀ.ਸੀ. ਦੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਪੁੱਛਣ 'ਤੇ ਕਿ ਕੀ ਪ੍ਰੈੱਸ ਕਾਨਫਰੰਸ 'ਚ ਨਹੀਂ ਆਉਣ 'ਤੇ ਸ਼੍ਰੀਲੰਕਾ ਨੂੰ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਆਈ.ਸੀ.ਸੀ. ਦੇ ਬੁਲਾਰੇ ਨੇ ਕਿਹਾ- ਹਾਂ। ਸ਼੍ਰੀਲੰਕਾ ਨੇ ਸਾਨੂੰ ਕਿਹਾ ਸੀ ਕਿ ਉਹ ਅਜਿਹਾ ਨਹੀਂ ਕਰਨਾ ਚਾਹੁੰਦੇ। ਆਈ.ਸੀ.ਸੀ. ਉਨ੍ਹਾਂ ਨਾਲ ਗੱਲ ਕਰੇਗਾ। ਆਸਟਰੇਲੀਆ ਖਿਲਾਫ ਮੈਚ ਤੋਂ ਪਹਿਲਾਂ ਸ਼੍ਰੀਲੰਕਾ ਦੇ ਟੀਮ ਮੈਨੇਜਰ ਅਸੰਥਾ ਡਿ ਮੇਲ ਨੇ 'ਮਤਰੇਏ' ਵਿਵਹਾਰ ਲਈ ਆਈ.ਸੀ.ਸੀ. ਨੂੰ ਫਿੱਟਕਾਰ ਲਗਾਈ ਸੀ। ਡਿ ਮੇਲ ਨੇ ਮੌਜੂਦਾ ਵਰਲਡ ਕੱਪ 'ਚ ਸ਼੍ਰੀਲੰਕਾ ਦੀ ਟੀਮ ਨੂੰ ਮੁਹੱਈਆ ਕਰਾਈ ਜਾ ਰਹੀਆਂ ਪਿੱਚਾਂ, ਟ੍ਰੇਨਿੰਗ ਅਤੇ ਆਵਾਜਾਈ ਦੀਆਂ ਸਹੂਲਤਾਂ ਤੋਂ ਇਲਾਵਾ ਘਟੀਆ ਦਰਜੇ ਦੀਆਂ ਰਹਿਣ ਦੀਆਂ ਸਹੂਲਤਾਂ ਦੀ ਸ਼ਿਕਾਇਤ ਕੀਤੀ ਸੀ।