ਅਗਲੇ ਮਹੀਨੇ ਲੰਕਾ ਪ੍ਰੀਮੀਅਰ ਲੀਗ ਦਾ ਆਯੋਜਨ ਕਰਨਾ ਚਾਹੁੰਦੈ ਸ਼੍ਰੀਲੰਕਾ

07/02/2020 11:47:24 PM

ਕੋਲੰਬੋ– ਸ਼੍ਰੀਲੰਕਾ ਕ੍ਰਿਕਟ (ਐੱਸ. ਐੱਲ. ਸੀ.) 8 ਤੋਂ 22 ਅਗਸਤ ਵਿਚਾਲੇ ਆਪਣੀ ਪਹਿਲੀ ਟੀ-20 ਲੀਗ ਦੇ ਆਯੋਜਨ ਨੂੰ ਲੈ ਕੇ ਆਸਵੰਦ ਹੈ, ਭਾਵੇਂ ਹੀ ਸਰਕਾਰ ਨੇ ਕੋਵਿਡ-19 ਮਹਾਮਾਰੀ ਦੇ ਕਾਰਣ ਦੇਸ਼ ਦੇ ਕੌਮਾਂਤਰੀ ਹਵਾਈ ਅੱਡੇ ਫਿਰ ਤੋਂ ਖੋਲ੍ਹਣ ਦੀ ਮਿਤੀ 1 ਅਗਸਤ ਤਕ ਵਧਾ ਦਿੱਤੀ ਹੈ। ਐੱਸ. ਐੱਲ. ਸੀ. ਨੂੰ ਟੂਰਨਾਮੈਂਟ ਦੇ ਆਯੋਜਨ ਲਈ ਖੇਡ ਮੰਤਰਾਲਾ ਤੋਂ ਹਰੀ ਝੰਡੀ ਮਿਲ ਚੁੱਕੀ ਹੈ ਪਰ ਲੰਕਾ ਪ੍ਰੀਮੀਅਰ ਲੀਗ (ਐੱਲ. ਪੀ. ਐੱਲ.) ਦਾ ਭਵਿੱਖ ਦੇਸ਼ ਦੀਆਂ ਸੀਮਾਵਾਂ ਖੋਲ੍ਹਣ ਦੇ ਸਰਕਾਰ ਦੇ ਫੈਸਲੇ ’ਤੇ ਨਿਰਭਰ ਕਰੇਗਾ। ਸ਼੍ਰੀਲੰਕਾ ਕ੍ਰਿਕਟ ਦੇ ਸਕੱਤਰ ਐਸ਼ਲੇ ਡਿਸਿਲਵਾ ਨੇ ਕਿਹਾ,‘‘ਅਸੀਂ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨਾਲ ਗੱਲ ਕਰਨ ਦੀ ਉਮੀਦ ਕਰ ਰਹੇ ਹਾਂ ਤੇ ਦੇਖਦੇ ਹਾਂ ਕਿ ਅਸੀਂ ਕਿਸੇ ਨਤੀਜੇ ’ਤੇ ਪਹੁੰਚਦੇ ਹਾਂ ਜਾਂ ਨਹੀਂ।’’
ਉਸ ਨੇ ਕਿਹਾ,‘‘ਸ਼੍ਰੀਲੰਕਾ ਨੇ ਖੇਤਰ ਦੇ ਹੋਰ ਦੇਸ਼ਾਂ ਦੀ ਤੁਲਨਾ ਵਿਚ ਕੋਰੋਨਾ ਵਾਇਰਸ ਨੂੰ ਰੋਕਣ ਲਈ ਬਹੁਤ ਚੰਗਾ ਕੰਮ ਕੀਤਾ ਹੈ ਤੇ ਇਸ ਲਈ ਵਿਦੇਸ਼ੀ ਖਿਡਾਰੀ ਇਸ ਟੂਰਨਾਮੈਂਟ ਵਿਚ ਹਿੱਸਾ ਲੈਣ ਵਿਚ ਦਿਲਚਸਪੀ ਦਿਖਾ ਰਹੇ ਹਨ।’’ ਸ਼੍ਰੀਲੰਕਾ ਵਿਚ ਕੋਰੋਨਾ ਵਾਇਰਸ ਦੇ 2000 ਤੋਂ ਵੱਧ ਹੀ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 1700 ਤੋਂ ਵੱਧ ਸਿਹਤਮੰਦ ਹੋ ਚੁੱਕੇ ਹਨ। ਫ੍ਰੈਂਚਾਇਜ਼ੀ ਅਧਾਰਾਤ ਸ਼੍ਰੀਲੰਕਾ ਪ੍ਰੀਮੀਅਰ ਲੀਗ ਵਿਚ 5 ਟੀਮਾਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ। ਇਸ ਟੂਰਨਾਮੈਂਟ ਦੀ ਮਿਆਦ ਭਾਰਤ ਦੇ ਦੌਰੇ ’ਤੇ ਨਿਰਭਰ ਕਰੇਗੀ, ਜਿਹੜਾ ਅਜੇ ਮੁਲਤਵੀ ਕਰ ਦਿੱਤਾ ਗਿਆ ਹੈ। ਦੋਵੇਂ ਬੋਰਡ ਅਗਸਤ ਵਿਚ ਇਸਦੇ ਆਯੋਜਨ ਲਈ ਬਦਲਾਂ ’ਤੇ ਵਿਚਾਰ ਕਰ ਰਹੇ ਹਨ।


Gurdeep Singh

Content Editor

Related News