ਸ਼੍ਰੀਲੰਕਾ ਟੀਮ ਨੂੰ ਪਾਕਿ ''ਚ ਮਿਲੀ ਰਾਸ਼ਟਰੀ ਆਗੂਆਂ ਵਰਗੀ ਸੁਰੱਖਿਆ
Wednesday, Sep 25, 2019 - 05:42 PM (IST)

ਕਰਾਚੀ : ਵਨ ਡੇ ਅਤੇ ਟੀ-20 ਕੌਮਾਂਤਰੀ ਮੈਚਾਂ ਦੀ ਸੀਰੀਜ਼ ਲਈ ਪਾਕਿਸਤਾਨ ਪਹੁੰਚੀ ਸ਼੍ਰੀਲੰਕਾ ਦੀ ਟੀਮ ਨੂੰ ਏਅਰਪੋਰਟ ਤੋਂ ਹੀ ਰਾਸ਼ਟਰੀ ਆਗੂਆਂ ਦੀ ਤਰ੍ਹਾਂ ਸੁਰੱਖਿਆ ਦਿੱਤੀ ਗਈ ਹੈ। ਸ਼੍ਰੀਲੰਕਾਈ ਟੀਮ ਇੱਥੇ ਸੁਰੱਖਿਆ ਮਾਹਰਾਂ ਦੇ ਪਹੁੰਚਣ ਤੋਂ ਕੁਝ ਘੰਟੇ ਬਾਅਦ ਪਹੁੰਚੀ। ਖਿਡਾਰੀਆਂ ਨੂੰ ਭਾਰੀ ਸੁਰੱਖਿਆ ਵਿਚਾਲੇ ਓਲਡ ਕਰਾਚੀ ਏਅਰਪੋਰਟ ਤੋਂ ਬੁਲਟਪਰੂਫ ਕੋਸਟਰ ਅਤੇ ਕਾਰ ਤੋਂ ਸਿੱਧੇ ਹੋਟਲ ਲਿਜਾਇਆ ਗਿਆ। ਪਾਕਿਸਤਾਨ ਦੀ ਟੀਮ ਵੀ ਕਰਾਚੀ ਪਹੁੰਚ ਚੁੱਕੀ ਹੈ।
ਸ਼੍ਰੀਲੰਕਾਈ ਟੀਮ 'ਤੇ ਮਾਰਚ 2009 ਦੌਰੇ ਦੌਰਾਨ ਲਾਹੌਰ ਵਿਚ ਅੱਤਵਾਦੀ ਹਮਲਾ ਹੋਇਆ ਸੀ ਜਿਸ ਵਿਚ 6 ਖਿਡਾਰੀ ਜ਼ਖਮੀ ਹੋਏ ਸੀ। ਇਸ ਹਮਲੇ ਵਿਚ ਪਾਕਿਸਤਾਨੀ ਪੁਲਸ ਕਰਮਚਾਰੀ ਅਤੇ 2 ਨਾਗਰਿਕਾਂ ਦੀ ਮੌਤ ਹੋ ਗਈ ਸੀ। ਇਸ ਹਮਲੇ ਤੋਂ ਬਾਅਦ ਜ਼ਿਆਦਾਤਰ ਕੌਮਾਂਤਰੀ ਟੀਮਾਂ ਨੇ ਪਾਕਿਸਤਾਨ ਦਾ ਦੌਰਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਸ਼੍ਰੀਲੰਕਾ ਦੇ ਵੀ 10 ਚੋਟੀ ਖਿਡਾਰੀਆਂ ਨੇ ਹਮਲੇ ਦੇ ਡਰ ਤੋਂ ਦੌਰੇ ਤੋਂ ਹਟਣ ਦਾ ਫੈਸਲਾ ਕੀਤਾ ਹੈ। ਇਸ ਦੌਰੇ 'ਤੇ 3 ਵਨ ਡੇ ਅਤੇ 3 ਟੀ-20 ਮੈਚ ਖੇਡੇ ਜਾਣਗੇ।