ਸ਼੍ਰੀਲੰਕਾ ਨੇ ਨਿਊਜ਼ੀਲੈਂਡ ਨੂੰ ਤੀਜੇ ਵਨ ਡੇ ’ਚ 140 ਦੌੜਾਂ ਨਾਲ ਹਰਾਇਆ
Sunday, Jan 12, 2025 - 11:09 AM (IST)
ਆਕਲੈਂਡ– ਅਸਿਥ ਫਰਨਾਂਡੋ ਤੇ ਮਹੀਸ਼ ਤੀਕਸ਼ਣਾ ਦੀਆਂ 6 ਵਿਕਟਾਂ ਦੀ ਮਦਦ ਨਾਲ ਸ਼੍ਰੀਲੰਕਾ ਨੇ ਨਿਊਜ਼ੀਲੈਂਡ ਨੂੰ 29.4 ਓਵਰਾਂ ਵਿਚ 150 ਦੌੜਾਂ ’ਤੇ ਆਊਟ ਕਰਕੇ ਤੀਜਾ ਵਨ ਡੇ ਕ੍ਰਿਕਟ ਮੈਚ 140 ਦੌੜਾਂ ਨਾਲ ਜਿੱਤ ਲਿਆ। ਫਰਨਾਂਡੋ ਨੇ 26 ਦੌੜਾਂ ਦੇ ਕੇ ਤੇ ਤੀਕਸ਼ਣਾ ਨੇ 35 ਦੌੜਾਂ ਦੇ ਕੇ 3-3 ਵਿਕਟਾਂ ਲਈਆਂ। ਨਿਊਜ਼ੀਲੈਂਡ ਦੀ ਟੀਮ ਜਿੱਤ ਲਈ 291 ਦੌੜਾਂ ਦੇ ਟੀਚੇ ਦੇ ਜਵਾਬ ਵਿਚ 150 ਦੌੜਾਂ ’ਤੇ ਆਊਟ ਹੋ ਗਈ। ਐਸ਼ਾਨ ਫਰਨਾਂਡੋ ਨੇ ਵੀ 35 ਦੌੜਾਂ ਦੇ ਕੇ 3 ਵਿਕਟਾਂ ਲਈਆਂ।
ਨਿਊਜ਼ੀਲੈਂਡ ਨੇ 3 ਮੈਚਾਂ ਦੀ ਲੜੀ 2-1 ਨਾਲ ਆਪਣੇ ਨਾਂ ਕੀਤੀ। ਪਾਕਿਸਤਾਨ ਤੇ ਸੰਯੁਕਤ ਅਰਬ ਅਮੀਰਾਤ ਵਿਚ ਅਗਲੇ ਮਹੀਨੇ ਹੋਣ ਵਾਲੀ ਆਈ. ਸੀ. ਸੀ. ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਇਹ ਉਸਦਾ ਆਖਰੀ ਮੈਚ ਸੀ। ਇਸ ਤੋਂ ਪਹਿਲਾਂ ਪਾਥੁਮ ਨਿਸ਼ਾਂਕਾ ਦੀਆਂ 66 ਦੌੜਾਂ ਦੀ ਮਦਦ ਨਾਲ ਸ਼੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 8 ਵਿਕਟਾਂ ’ਤੇ 290 ਦੌੜਾਂ ਬਣਾਈਆਂ। ਨਿਊਜ਼ੀਲੈਂਡ ਲਈ ਮੈਟ ਹੈਨਰੀ ਨੇ 55 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਨਿਊਜ਼ੀਲੈਂਡ ਦੀ ਪਾਰੀ ਵਿਚ ਮਾਰਕ ਚੈਪਮੈਨ ਨੇ 81 ਗੇਂਦਾਂ ਵਿਚ 81 ਦੌੜਾਂ ਦਾ ਯੋਗਦਾਨ ਦਿੱਤਾ।