ਅਫਗਾਨਿਸਤਾਨ ਨੂੰ ਹਰਾ ਕੇ ਸ਼੍ਰੀਲੰਕਾ ਸੁਪਰ-4 ਵਿਚ
Friday, Sep 19, 2025 - 11:48 PM (IST)

ਅਬੂਧਾਬੀ (ਭਾਸ਼ਾ)- ਨੁਵਾਨ ਤੁਸ਼ਾਰਾ ਦੀ ਤੂਫਾਨੀ ਗੇਂਦਬਾਜ਼ੀ ਤੋਂ ਬਾਅਦ ਸਲਾਮੀ ਬੱਲੇਬਾਜ਼ ਕੁਸਾਲ ਮੈਂਡਿਸ ਦੇ ਅਜੇਤੂ ਅਰਧ-ਸੈਂਕੜੇ ਨਾਲ ਸ਼੍ਰੀਲੰਕਾ ਨੇ ਏਸ਼ੀਆ ਕੱਪ ਟੀ-20 ਕ੍ਰਿਕਟ ਟੂਰਨਾਮੈਂਟ ਦੇ ਗਰੁੱਪ-ਬੀ ਮੈਚ ’ਚ ਵੀਰਵਾਰ ਨੂੰ ਇਥੇ ਅਫਗਾਨਿਸਤਾਨ ਨੂੰ 6 ਵਿਕਟਾਂ ਨਾਲ ਹਰਾ ਕੇ ਸੁਪਰ-4 ਲਈ ਕੁਆਲੀਫਾਈ ਕੀਤਾ। ਅਫਗਾਨਿਸਤਾਨ ਦੀ ਟੀਮ 3 ਮੈਚਾਂ ’ਚ 1 ਜਿੱਤ ਨਾਲ 2 ਅੰਕ ਹੀ ਬਣਾ ਸਕੀ ਅਤੇ ਪ੍ਰਤੀਯੋਗਿਤਾ ’ਚੋਂ ਬਾਹਰ ਹੋ ਗਈ। ਸ਼੍ਰੀਲੰਕਾ ਦੀ ਟੀਮ ਆਪਣੇ ਤਿੰਨੋਂ ਮੈਚ ਜਿੱਤ ਕੇ 6 ਅੰਕਾਂ ਨਾਲ ਟਾਪ ’ਤੇ ਰਹੀ, ਜਦਕਿ ਬੰਗਲਾਦੇਸ਼ 3 ਮੈਚਾਂ ’ਚੋਂ 4 ਅੰਕਾਂ ਨਾਲ ਗਰੁੱਪ ’ਚੋਂ ਸੁਪਰ 4 ਵਿਚ ਜਗ੍ਹਾ ਬਣਾਉਣ ਵਾਲੀ ਦੂਸਰੀ ਟੀਮ ਰਹੀ।
ਅਫਗਾਨਿਸਤਾਨ ਦੇ 170 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਸ਼੍ਰੀਲੰਕਾ ਨੇ ਮੈਂਡਿਸ ਦੀ ਹੌਸਲੇ ਵਾਲੀ ਪਾਰੀ ਦੀ ਬਦੌਲਤ 18.4 ਓਵਰ ’ਚ 4 ਵਿਕਟਾਂ ’ਤੇ 171 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਮੈਂਡਿਸ ਨੇ ਕੁਸਾਲ ਪਰੇਰਾ (28) ਨਾਲ ਤੀਸਰੀ ਵਿਕਟ ਲਈ 45 ਅਤੇ ਕਾਮਿੰਦੁ ਮੈਂਡਿਸ ਨਾਲ ਪੰਜਵੀਂ ਵਿਕਟ ਲਈ 52 ਦੌੜਾਂ ਦੀ ਸਾਂਝੇਦਾਰੀ ਕਰ ਕੇ ਸ਼੍ਰੀਲੰਕਾ ਨੂੰ ਆਸਾਨ ਜਿੱਤ ਪੱਕੀ ਕੀਤੀ।
ਅਫਗਾਨਿਸਤਾਨ ਨੇ ਇਸ ਤੋਂ ਪਹਿਲਾਂ ਮੁਹੰਮਦ ਨਬੀ (60 ਦੌੜਾਂ, 22 ਗੇਂਦ, 6 ਛੱਕੇ, 3 ਚੌਕੇ) ਦੇ ਤੂਫਾਨੀ ਅਰਧ-ਸੈਂਕੜੇ ਦੀ ਮਦਦ ਨਾਲ ਖਰਾਬ ਸ਼ੁਰੂਆਤ ਤੋਂ ਉਭਰਦੇ ਹੋਏ 8 ਵਿਕਟਾਂ ’ਤੇ 169 ਦੌੜਾਂ ਬਣਾਈਆਂ।