ਸ਼੍ਰੀਲੰਕਾ-UAE ਨਹੀਂ, ਇਸ ਦੇਸ਼ ''ਚ ਹੋ ਸਕਦਾ ਹੈ IPL!

07/07/2020 12:51:24 AM

ਨਵੀਂ ਦਿੱਲੀ– ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੀ ਵਜ੍ਹਾ ਨਾਲ ਜੇਕਰ ਇੰਡੀਅਨ ਪ੍ਰੀਮੀਅਰ ਲੀਗ ਨੂੰ ਭਾਰਤ ਵਿਚ ਆਯੋਜਿਤ ਨਹੀਂ ਕਰਵਾਇਆ ਜਾ ਸਕਦਾ ਹੈ ਤਾਂ ਸੰਯੁਕਤ ਅਰਬ ਅਮੀਰਾਤ ਤੇ ਸ਼੍ਰੀਲੰਕਾ ਤੋਂ ਬਾਅਦ ਹੁਣ ਨਿਊਜ਼ੀਲੈਂਡ ਨੇ ਇੰਡੀਅਨ ਪ੍ਰੀਮੀਅਰ ਲੀਗ ਦੀ ਮੇਜ਼ਬਾਨੀ ਦੀ ਪੇਸ਼ਕਸ਼ ਕੀਤੀ ਹੈ। ਅਕਤੂਬਰ-ਨਵੰਬਰ ਵਿਚ ਆਸਟਰੇਲੀਆ ਵਿਚ ਹੋਣ ਵਾਲਾ ਟੀ-20 ਵਿਸ਼ਵ ਕੱਪ ਮੁਲਤਵੀ ਹੋਣਾ ਤੈਅ ਮੰਨਿਆ ਜਾ ਰਿਹਾ ਹੈ, ਜਿਸ ਨਾਲ ਆਈ. ਪੀ. ਐੱਲ. ਲਈ ਵਿੰਡੋ ਬਣਦੀ ਹੈ। ਬੀ. ਸੀ. ਸੀ. ਆਈ. ਪਹਿਲਾਂ ਹੀ ਸਤੰਬਰ ਦੇ ਆਖਿਰ ਤੋਂ ਨਵੰਬਰ ਵਿਚਾਲੇ ਆਈ. ਪੀ. ਐੱਲ. ਕਰਵਾਉਣ ਦੀ ਸੰਭਾਵਨਾ ’ਤੇ ਵਿਚਾਰ ਕਰ ਰਿਹਾ ਹੈ। ਬੋਰਡ ਦਾ ਪਹਿਲਾ ਬਦਲ ਭਾਰਤ ਵਿਚ ਹੀ ਇਸ ਨੂੰ ਕਰਵਾਉਣਾ ਹੋਵੇਗਾ ਪਰ ਇੱਥੇ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਦੇਖ ਕੇ ਇਹ ਸੰਭਵ ਨਹੀਂ ਲੱਗਦਾ। ਅਮਰੀਕਾ ਤੇ ਬ੍ਰਾਜ਼ੀਲ ਤੋਂ ਬਾਅਦ ਸਭ ਤੋਂ ਵੱਧ ਮਾਮਲੇ ਭਾਰਤ ਵਿਚ ਹੀ ਹਨ।

PunjabKesari
ਬੋਰਡ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ,‘‘ਭਾਰਤ ਵਿਚ ਆਈ. ਪੀ. ਐੱਲ. ਕਰਵਾਉਣਾ ਪਹਿਲਕਦਮੀ ਹੋਵੇਗੀ ਪਰ ਜੇਕਰ ਇੱਥੇ ਨਹੀਂ ਹੋ ਸਕਿਆ ਤਾਂ ਦੂਜੇ ਬਦਲ ਦੇਖਣੇ ਪੈਣਗੇ। ਸੰਯੁਕਤ ਅਰਬ ਅਮੀਰਾਤ, ਸ਼੍ਰੀਲੰਕਾ ਤੇ ਨਿਊਜ਼ੀਲੈਂਡ ਮੇਜ਼ਬਾਨੀ ਦੀ ਪੇਸ਼ਕਸ਼ ਕਰ ਚੁੱਕੇ ਹਨ।’’ ਉਸ ਨੇ ਕਿਹਾ,‘‘ਅਸੀਂ ਸਾਰੇ ਸਬੰਧਤ ਪੱਖਾਂ ਦੇ ਨਾਲ ਮਿਲ ਕੇ ਫੈਸਲਾ ਕਰਾਂਗੇ। ਖਿਡਾਰੀਆਂ ਦੀ ਸੁਰੱਖਿਆ ਸਭ ਤੋਂ ਉੱਪਰ ਹੈ। ਉਸ ’ਤੇ ਕੋਈ ਸਮਝੌਤਾ ਨਹੀਂ ਹੋਵੇਗਾ।’’
ਆਈ. ਪੀ. ਐੱਲ. ਦਾ 2009 ਸੈਸ਼ਨ ਭਾਰਤ ਵਿਚ ਆਮ ਚੋਣਾਂ ਦੇ ਕਾਰਣ ਦੱਖਣੀ ਅਫਰੀਕਾ ਵਿਚ ਹੋਇਆ ਸੀ। ਇਸ ਤੋਂ ਬਾਅਦ 2014 ਵਿਚ ਇਸੇ ਕਾਰਣ ਤੋਂ ਕੁਝ ਮੈਚ ਯੂ. ਏ. ਈ. ਵਿਚ ਖੇਡੇ ਗਏ ਸਨ ਪਰ 2019 ਵਿਚ ਆਮ ਚੋਣਾਂ ਦੇ ਬਾਵਜੂਦ ਆਈ. ਪੀ. ਐੱਲ. ਭਾਰਤ ਵਿਚ ਹੋਇਆ ਸੀ। ਜੇਕਰ ਆਈ. ਪੀ. ਐੱਲ. ਵਿਦੇਸ਼ ਵਿਚ ਹੁੰਦਾ ਹੈ ਤਾਂ ਅਮੀਰਾਤ ਮੇਜ਼ਬਾਨ ਦੀ ਦੌੜ ਵਿਚ ਸਭ ਤੋਂ ਅੱਗੇ ਹੈ। ਨਿਊਜ਼ੀਲੈਂਡ ਭਾਵੇਂ ਹੀ ਕੋਰੋਨਾ ਮੁਕਤ ਹੋ ਗਿਆ ਹੈ ਪਰ ਭਾਰਤ ਤੇ ਇੱਥੋਂ ਦੇ ਸਮੇਂ ਵਿਚ ਸਾਢੇ ਸੱਤ ਘੰਟੇ ਦਾ ਫਰਕ ਹੈ। ਜੇਕਰ ਮੈਚ ਦੁਪਹਿਰ 12.30 ’ਤੇ ਸ਼ੁਰੂ ਹੁੰਦੇ ਹਨ ਤਾਂ ਆਫਿਸ ਜਾਣ ਵਾਲੇ ਜਾਂ ਘਰ ਤੋਂ ਹੀ ਕੰਮ ਕਰਨ ਵਾਲੇ ਵੀ ਇਸ ਨੂੰ ਨਹੀਂ ਦੇਖ ਸਕਣਗੇ। ਹੈਮਿਲਟਨ ਤੇ ਆਕਲੈਂਡ ਦੇ ਇਲਾਵਾ ਵੇਲਿੰਗਟਨ, ਕ੍ਰਾਈਸਟਚਰਚ, ਨੇਪੀਅਰ ਜਾਂ ਡੁਨੇਡਿਨ ਹਵਾਈ ਜਹਾਜ਼ ਨਾਲ ਹੀ ਜਾਇਆ ਜਾ ਸਕਦਾ ਹੈ। ਅਧਿਕਾਰੀ ਨੇ ਦੱਸਿਆ ਕਿ ਆਈ. ਪੀ.ਐੱਲ. ਸੰਚਾਲਨ ਪ੍ਰੀਸ਼ਦ ਦੀ ਮਿਤੀ ਜਲਦੀ ਹੀ ਦੱਸੀ ਜਾਵੇਗੀ, ਜਿਸ ਵਿਚ ਇਨ੍ਹਾਂ ਸਾਰੀਆਂ ਗੱਲਾਂ ਤੇ ਚੀਨੀ ਸਪਾਂਸਰ ਕਰਾਰ ’ਤੇ ਚਰਚਾ ਹੋਵੇਗੀ। ਬੋਰਡ ਦਾ ਚੀਨੀ ਮੋਬਾਈਲ ਨਿਰਮਾਤਾ ਕੰਪਨੀ ਵੀਵੋ ਨਾਲ 5 ਸਾਲ ਦਾ ਆਈ. ਪੀ. ਐੱਲ. ਟਾਈਟਲ ਸਪਾਂਸਰ ਕਰਾਰ ਹੈ, ਜਿਸ ਤੋਂ 2022 ਤਕ ਸਾਲਾਨਾ 440 ਕਰੋੜ ਰੁਪਏ ਮਿਲਣੇ ਹਨ। ਚੀਨੀ ਨਿਵੇਸ਼ ਵਾਲੀ ਭਾਰਤੀ ਕੰਪਨੀ ਪੇ. ਟੀ. ਐੱਮ. ਵੀ ਆਈ. ਪੀ. ਐੱਲ. ਨਾਲ ਜੁੜੀ ਹੈ।


Gurdeep Singh

Content Editor

Related News