29 ਅਗਸਤ ਤੋਂ ਸ਼ੁਰੂ ਹੋਵੇਗਾ ਪੰਜਾਬ ਖੇਡ ਮੇਲਾ, 3 ਲੱਖ ਦੇ ਕਰੀਬ ਖਿਡਾਰੀ 30 ਖੇਡਾਂ 'ਚ ਲੈਣਗੇ ਹਿੱਸਾ

Thursday, Jul 28, 2022 - 04:27 PM (IST)

29 ਅਗਸਤ ਤੋਂ ਸ਼ੁਰੂ ਹੋਵੇਗਾ ਪੰਜਾਬ ਖੇਡ ਮੇਲਾ, 3 ਲੱਖ ਦੇ ਕਰੀਬ ਖਿਡਾਰੀ 30 ਖੇਡਾਂ 'ਚ ਲੈਣਗੇ ਹਿੱਸਾ

ਚੰਡੀਗੜ (ਬਿਊਰੋ) - ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਉੱਤੇ ਖੇਡ ਵਿਭਾਗ ਵੱਲੋਂ ਸੂਬੇ ਵਿੱਚ ਖਿਡਾਰੀਆਂ ਦੀ ਹੁਨਰ ਦੀ ਸ਼ਨਾਖਤ, ਖੇਡਾਂ ਪੱਖੀ ਮਾਹੌਲ ਸਿਰਜਣ ਅਤੇ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਦੇ ਮੰਤਵ ਤਹਿਤ ਪੰਜਾਬ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਅੰਡਰ 14 ਤੋਂ 60 ਸਾਲ ਵੈਟਰਨ ਗਰੁੱਪ ਤੱਕ 30 ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ। ਬਲਾਕ ਤੋਂ ਸੂਬਾ ਪੱਧਰ ਤੱਕ ਚੱਲਣ ਵਾਲੇ ਇਸ ਖੇਡ ਮੇਲੇ ਦੀ ਸ਼ੁਰੂਆਤ ਕੌਮੀ ਖੇਡ ਦਿਵਸ ਮੌਕੇ 29 ਅਗਸਤ ਨੂੰ ਹੋਵੇਗੀ, ਜਿਹੜਾ ਦੋ ਤੋਂ ਤਿੰਨ ਮਹੀਨੇ ਤੱਕ ਚੱਲੇਗਾ। ਇਸ ਤੋਂ ਪਹਿਲਾਂ ਸਿਰਫ਼ ਤਿੰਨ ਵਰਗਾਂ ਦੇ ਜ਼ਿਲ੍ਹਾ ਤੇ ਸੂਬਾ ਪੱਧਰ ਦੇ ਮੁਕਾਬਲੇ ਕਰਵਾਏ ਜਾਂਦੇ ਸਨ ਅਤੇ ਹੁਣ ਪਹਿਲੀ ਵਾਰ ਛੇ ਵਰਗਾਂ ਦੇ ਬਲਾਕ ਪੱਧਰ ਤੋਂ ਮੁਕਾਬਲੇ ਹੋਣਗੇ। ਇਹ ਜਾਣਕਾਰੀ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇਥੇ ਪੰਜਾਬ ਭਵਨ ਵਿਖੇ ਖੇਡ ਮੇਲੇ ਦੀਆਂ ਤਿਆਰੀਆਂ ਸਬੰਧੀ ਡਾਇਰੈਕਟਰ ਰਾਜੇਸ਼ ਧੀਮਾਨ ਦੇ ਨਾਲ ਸਮੂਹ ਜ਼ਿਲ੍ਹਾ ਖੇਡ ਅਫ਼ਸਰਾਂ ਦੀ ਸੱਦੀ ਮੀਟਿੰਗ ਉਪਰੰਤ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ।

ਇਹ ਵੀ ਪੜ੍ਹੋ: ਰਾਸ਼ਟਰਮੰਡਲ ਖੇਡਾਂ ਦੇ ਉਦਘਾਟਨੀ ਸਮਾਰੋਹ 'ਚ ਭਾਰਤ ਦੇ ਝੰਡਾਬਰਦਾਰ ਹੋਣਗੇ ਸਿੰਧੂ ਅਤੇ ਮਨਪ੍ਰੀਤ

ਖੇਡ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਖੇਡਾਂ ਵਿੱਚ ਮੁੜ ਮੋਹਰੀ ਸੂਬਾ ਬਣਾਉਣ ਦੇ ਕੀਤੇ ਤਹੱਈਏ ਤਹਿਤ ਖੇਡ ਵਿਭਾਗ ਨੇ ਆਪਣੇ ਕਿਸਮ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਖੇਡ ਪ੍ਰੋਗਰਾਮ ਉਲੀਕਿਆ ਹੈ, ਜਿਸ ਵਿੱਚ ਪੰਜਾਬ ਦੇ 3 ਲੱਖ ਦੇ ਕਰੀਬ ਖਿਡਾਰੀਆਂ ਦੀ ਹਿੱਸੇਦਾਰੀ ਹੋਵੇਗੀ। ਮਾਨਤਾ ਪ੍ਰਾਪਤ ਖੇਡ ਮੁਕਾਬਲਿਆਂ ਦੇ ਜੇਤੂ ਖਿਡਾਰੀ ਜਿੱਥੇ ਆਪੋ-ਆਪਣੀਆਂ ਖੇਡਾਂ ਵਿੱਚ ਗਰੇਡਿੰਗ ਕਰਵਾ ਸਕਣਗੇ, ਉਥੇ ਹੀ ਸੂਬਾ ਪੱਧਰ ਦੇ ਜੇਤੂਆਂ ਨੂੰ 5 ਕਰੋੜ ਰੁਪਏ ਦੇ ਨਗਦ ਇਨਾਮ ਅਤੇ ਸਰਟੀਫਿਕੇਟ ਵੀ ਦਿੱਤੇ ਜਾਣਗੇ। ਇਸ ਦੀ ਸ਼ੁਰੂਆਤ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ 29 ਅਗਸਤ ਵਾਲੇ ਦਿਨ ਹੋਵੇਗੀ, ਜਿਸ ਦਿਨ ਸਾਡਾ ਕੌਮੀ ਖੇਡ ਦਿਵਸ ਵੀ ਹੁੰਦਾ ਹੈ। ਖੇਡ ਮੇਲੇ ਦੇ ਉਦਘਾਟਨ ਜਾਂ ਸਮਾਪਤੀ ਸਮਾਰੋਹ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵਿਸ਼ੇਸ਼ ਤੌਰ ਉਤੇ ਸ਼ਿਰਕਤ ਕਰਨਗੇ।

ਇਹ ਵੀ ਪੜ੍ਹੋ: ਰੇਡ ਪਾਉਣ ਗਏ ਕਬੱਡੀ ਖਿਡਾਰੀ ਨਾਲ ਵਾਪਰਿਆ ਭਾਣਾ, ਲਾਈਵ ਮੈਚ ਦੌਰਾਨ ਹੋਈ ਮੌਤ (ਵੀਡੀਓ)

    
ਪੰਜਾਬ ਖੇਡ ਮੇਲੇ ਵਿੱਚ ਛੇ ਉਮਰ ਵਰਗ ਸ਼ਾਮਲ ਕੀਤੇ ਗਏ ਹਨ। ਪਹਿਲਾਂ ਕਰਵਾਏ ਜਾਂਦੇ ਅੰਡਰ-14, ਅੰਡਰ-17 ਤੇ 17 ਤੋਂ 25 ਸਾਲ ਉਮਰ ਵਰਗ ਤੋਂ ਇਲਾਵਾ ਪਹਿਲੀ ਵਾਰ 25 ਤੋਂ 40 ਸਾਲ, 40 ਤੋਂ 50 ਸਾਲ ਅਤੇ 50 ਤੋਂ 60 ਸਾਲ ਉਮਰ ਵਰਗ ਦੇ ਵੀ ਮੁਕਾਬਲੇ ਹੋਣਗੇ। ਅਥਲੈਟਿਕਸ, ਵੇਟਲਿਫਟਿੰਗ, ਬੈਡਮਿੰਟਨ, ਕ੍ਰਿਕਟ, ਸਾਈਕਲਿੰਗ, ਨਿਸ਼ਾਨੇਬਾਜ਼ੀ, ਤੀਰਅੰਦਾਜ਼ੀ, ਬਾਡੀ ਬਿਲਡਿੰਗ, ਤਲਵਾਰਬਾਜ਼ੀ, ਜਿਮਨਾਸਟਿਕ, ਰੋਇੰਗ, ਫੁਟਬਾਲ, ਸਾਫਟਬਾਲ, ਹਾਕੀ, ਨੈਟਬਾਲ, ਹੈਂਡਬਾਲ, ਕਿੱਕ ਬਾਕਸਿੰਗ, ਜੂਡੋ, ਸਤਰੰਜ, ਕਬੱਡੀ, ਗੱਤਕਾ, ਖੋ-ਖੋ, ਵਾਬੀਬਾਲ, ਲਾਅਨ ਟੈਨਿਸ, ਟੇਬਲ ਟੈਨਿਸ, ਮੁੱਕੇਬਾਜ਼ੀ, ਤੈਰਾਕੀ, ਕੁਸ਼ਤੀ ਤੇ ਰੱਸ਼ਾਕਸ਼ੀ ਦੇ ਮੁਕਾਬਲੇ ਕਰਵਾਏ ਜਾਣਗੇ।

ਇਹ ਵੀ ਪੜ੍ਹੋ: ਪਤਨੀ ਵੱਲੋਂ TikTok ਵੀਡੀਓ ਬਣਾਉਣ 'ਤੇ ਖ਼ਫ਼ਾ ਹੋਇਆ ਪਾਕਿਸਤਾਨੀ ਪਤੀ, ਅਮਰੀਕਾ ਜਾ ਕੇ ਕੀਤਾ ਕਤ

ਖੇਡ ਮੰਤਰੀ ਮੀਤ ਹੇਅਰ ਨੇ ਸਾਰੇ ਜ਼ਿਲ੍ਹਾ ਖੇਡ ਅਫ਼ਸਰਾਂ ਨਾਲ ਗੱਲਬਾਤ ਕਰਦਿਆਂ ਖੇਡ ਮੇਲੇ ਨੂੰ ਸਫ਼ਲ ਬਣਾਉਣ ਲਈ ਸੁਝਾਅ ਅਤੇ ਜ਼ਮੀਨੀ ਹਕੀਕਤਾਂ ਵੀ ਪੁੱਛੀਆਂ। ਉਨਾਂ ਇਸ ਸਬੰਧੀ ਲੋੜੀਂਦੇ ਪ੍ਰਬੰਧ ਕਰਨ ਵਿੱਚ ਆਉਣ ਵਾਲੀਆਂ ਸੰਭਵੀ ਮੁਸ਼ਕਲਾਂ ਬਾਰੇ ਵੀ ਗੱਲ ਕੀਤੀ। ਉਨਾਂ ਕਿਹਾ ਕਿ ਵੱਡੀ ਉਮਰ ਵਰਗ ਦੇ ਸ਼ਾਮਲ ਕਰਵਾਉਣ ਦਾ ਮਕਸਦ ਸੂਬੇ ਵਿੱਚ ਖੇਡਾਂ ਦਾ ਮਾਹੌਲ ਸਿਰਜਣਾ ਹੈ। ਖੇਡ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਜ ਕਮਲ ਚੌਧਰੀ ਨੇ ਕਿਹਾ ਕਿ ਖੇਡਾਂ ਵਿੱਚ ਖਿਡਾਰੀਆਂ ਤੇ ਟੀਮਾਂ ਦੀ ਹਿੱਸੇਦਾਰੀ ਨੂੰ ਦੇਖ ਕੇ ਹੀ ਕੁਝ ਖੇਡਾਂ ਦੇ ਮੁਕਾਬਲੇ ਬਲਾਕ ਪੱਧਰੀ ਹੋਣਗੇ ਜਦੋਂ ਕਿ ਕੁਝ ਸਿੱਧੇ ਜ਼ਿਲਾ ਪੱਧਰੀ ਅਤੇ ਸੂਬਾ ਪੱਧਰੀ ਹੋਣਗੇ। ਡਾਇਰੈਕਟਰ ਰਾਜੇਸ਼ ਧੀਮਾਨ ਨੇ ਕਿਹਾ ਕਿ ਵਿਭਾਗ ਵੱਲੋਂ ਖਿਡਾਰੀਆਂ ਦੇ ਆਉਣ-ਜਾਣ ਅਤੇ ਖਾਣ-ਪੀਣ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਉਨ੍ਹਾਂ ਖੇਡ ਅਫ਼ਸਰਾਂ ਨੂੰ ਇਸ ਦੀਆਂ ਤਿਆਰੀਆਂ ਹੁਣੇ ਤੋਂ ਵਿੱਢਣ ਅਤੇ ਖੇਡ ਮੈਦਾਨ ਤਿਆਰ ਕਰਨ ਲਈ ਕਿਹਾ।

ਇਹ ਵੀ ਪੜ੍ਹੋ: ਤੁਰਕੀ ’ਚ ਫਲਾਈਟ ਅਟੈਂਡੈਂਟ ਦੇ ਖਾਣੇ ’ਚੋਂ ਨਿਕਲੀ ਸੱਪ ਦੀ ਸਿਰੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News