ਦੱਖਣੀ ਅਫਰੀਕਾ ਨੇ ਪਾਕਿਸਤਾਨ ਨੂੰ 10 ਵਿਕਟਾਂ ਨਾਲ ਹਰਾਇਆ, ਸੀਰੀਜ਼ 2-0 ਨਾਲ ਜਿੱਤੀ

Tuesday, Jan 07, 2025 - 10:55 AM (IST)

ਦੱਖਣੀ ਅਫਰੀਕਾ ਨੇ ਪਾਕਿਸਤਾਨ ਨੂੰ 10 ਵਿਕਟਾਂ ਨਾਲ ਹਰਾਇਆ, ਸੀਰੀਜ਼ 2-0 ਨਾਲ ਜਿੱਤੀ

ਕੇਪਟਾਊਨ– ਕੈਗਿਸੋ ਰਬਾਡਾ, ਕੇਸ਼ਵ ਮਹਾਰਾਜ (3-3 ਵਿਕਟ) ਤੇ ਮਾਰਕੋ ਜਾਨਸੇਨ (2 ਵਿਕਟਾਂ) ਤੋਂ ਬਾਅਦ ਡੇਵਿਡ ਬੇਡਿੰਘਮ (ਅਜੇਤੂ 44) ਦੀ ਸ਼ਾਨਦਾਰ ਪਾਰੀ ਦੀ ਬਦੌਲਤ ਦੱਖਣੀ ਅਫਰੀਕਾ ਨੇ ਅੱਜ ਇੱਥੇ ਦੂਜੇ ਟੈਸਟ ਮੈਚ ਦੇ ਚੌਥੇ ਦਿਨ ਪਾਕਿਸਤਾਨ ਨੂੰ 10 ਵਿਕਟਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਨੇ 2 ਮੈਚਾਂ ਦੀ ਸੀਰੀਜ਼ ਵਿਚ 2-0 ਨਾਲ ਪਾਕਿਸਤਾਨ ਦਾ ਸੂਪੜਾ ਸਾਫ ਕਰ ਦਿੱਤਾ।

ਦੱਖਣੀ ਅਫਰੀਕਾ ਨੇ ਪਾਕਿਸਤਾਨ ਨੂੰ ਦੂਜੀ ਪਾਰੀ ਵਿਚ 478 ਦੌੜਾਂ ’ਤੇ ਸਮੇਟਣ ਤੋਂ ਬਾਅਦ ਮਿਲੇ 58 ਦੌੜਾਂ ਦੇ ਟੀਚੇ ਨੂੰ ਬਿਨਾਂ ਕੋਈ ਵਿਕਟ ਗੁਆਏ 7.1 ਓਵਰਾਂ ਵਿਚ ਹਾਸਲ ਕਰ ਲਿਆ।

ਦੂਜੀ ਪਾਰੀ ਵਿਚ ਬੱਲੇਬਾਜ਼ੀ ਕਰਨ ਉਤਰੀ ਦੱਖਣੀ ਅਫਰੀਕਾ ਦੀ ਡੇਵਿਡ ਬੇਡਿੰਘਮ ਤੇ ਐਡਨ ਮਾਰਕ੍ਰਾਮ ਦੀ ਸਲਾਮੀ ਜੋੜੀ ਨੇ ਸ਼ਾਨਦਾਰ ਬੱਲੇਬਾਜ਼ੀ ਦਾ ਮੁਜ਼ਾਹਰਾ ਕਰਦੇ ਹੋਏ ਤੇਜ਼ੀ ਨਾਲ ਦੌੜਾਂ ਬਣਾਈਆਂ। ਡੇਵਿਡ ਬੇਡਿੰਘਮ ਨੇ 30 ਗੇਂਦਾਂ ਵਿਚ 4 ਚੌਕੇ ਤੇ 2 ਛੱਕੇ ਲਾਉਂਦੇ ਹੋਏ ਅਜੇਤੂ 44 ਦੌੜਾਂ ਬਣਾਈਆਂ। ਉੱਥੇ ਹੀ, ਐਡਨ ਮਾਰਕ੍ਰਾਮ 13 ਗੇਂਦਾਂ ਵਿਚ 14 ਦੌੜਾਂ ਬਣਾ ਕੇ ਅਜੇਤੂ ਰਿਹਾ।

ਅੱਜ ਇੱਥੇ ਪਾਕਿਸਤਾਨ ਨੇ ਕੱਲ ਦੀਆਂ 1 ਵਿਕਟ ’ਤੇ 213 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ। ਮਾਰਕੋ ਜਾਨਸੇਨ ਨੇ ਖੁਰਮ ਸ਼ਹਿਜ਼ਾਦ (18) ਨੂੰ ਆਊਟ ਕਰਕੇ ਪਾਕਿਸਤਾਨ ਨੂੰ ਦੂਜਾ ਝਟਕਾ ਦਿੱਤਾ।

ਇਸ ਤੋਂ ਬਾਅਦ ਤਾਂ ਪਾਕਿਸਤਾਨੀ ਬੱਲੇਬਾਜ਼ ਲਗਾਤਾਰ ਫਰਕ ’ਤੇ ਆਪਣੀਆਂ ਵਿਕਟਾਂ ਗਵਾਉਂਦੇ ਚਲੇ ਗਏ। ਕਾਮਰਾਨ ਗੁਲਾਮ ਨੇ 28, ਸਊਦ ਸ਼ਕੀਲ ਨੇ 23, ਕਪਤਾਨ ਸ਼ਾਨ ਮਸਮੂਦ ਨੇ 145, ਆਗਾ ਸਲਮਾਨ ਨੇ 48, ਮੁਹੰਮਦ ਰਿਜ਼ਵਾਨ ਨੇ 41, ਆਮੋਰ ਜਮਾਲ ਨੇ 34 ਅਤੇ ਮੀਰ ਹਮਜ਼ਾ ਨੇ 16 ਦੌੜਾਂ ਦਾ ਯੋਗਦਾਨ ਦਿੱਤਾ।

ਪਾਕਿਸਤਾਨ ਦੀ ਪੂਰੀ ਟੀਮ 122.1 ਓਵਰਾਂ ਵਿਚ 478 ਦੌੜਾਂ ਦੇ ਸਕੋਰ ’ਤੇ ਸਿਮਟ ਗਈ। ਇਸ ਤੋਂ ਪਹਿਲਾਂ ਮੈਚ ਦੇ ਤੀਜੇ ਦਿਨ ਦੱਖਣੀ ਅਫਰੀਕਾ ਨੇ ਪਾਕਿਸਤਾਨ ਨੂੰ ਪਹਿਲੀ ਪਾਰੀ ਵਿਚ 194 ਦੇ ਸਕੋਰ ’ਤੇ ਸਿਮਟਣ ਤੋਂ ਬਾਅਦ ਫਾਲੋਆਨ ਖੇਡਣ ਲਈ ਮਜਬੂਰ ਕੀਤਾ ਸੀ। ਦੱਖਣੀ ਅਫਰੀਕਾ ਨੇ ਪਹਿਲੀ ਪਾਰੀ ਵਿਚ ਰਾਇਨ ਰਿਕਲਟਨ (259), ਤੇਂਬਾ ਬਾਵੂਮਾ (106) ਤੇ ਕਾਇਲ ਵੇਰੇਨ (100) ਦੇ ਮਹੱਤਵਪੂਰਨ ਯੋਗਦਾਨ ਨਾਲ 615 ਦੌੜਾਂ ਦਾ ਸਕੋਰ ਖੜ੍ਹਾ ਕੀਤਾ ਸੀ।


author

Tarsem Singh

Content Editor

Related News