ਭਾਰਤੀ ਟੈਸਟ ਗੇਂਦਬਾਜ਼ਾਂ ਦੀ ਮੌਜੂਦਗੀ ਦੇ ਬਾਵਜੂਦ ਦੱਖਣੀ ਅਫਰੀਕਾ-ਏ ਨੇ ਭਾਰਤ-ਏ ਨੂੰ 5 ਵਿਕਟਾਂ ਨਾਲ ਹਰਾਇਆ

Sunday, Nov 09, 2025 - 09:23 PM (IST)

ਭਾਰਤੀ ਟੈਸਟ ਗੇਂਦਬਾਜ਼ਾਂ ਦੀ ਮੌਜੂਦਗੀ ਦੇ ਬਾਵਜੂਦ ਦੱਖਣੀ ਅਫਰੀਕਾ-ਏ ਨੇ ਭਾਰਤ-ਏ ਨੂੰ 5 ਵਿਕਟਾਂ ਨਾਲ ਹਰਾਇਆ

ਬੈਂਗਲੁਰੂ (ਭਾਸ਼ਾ)–ਚੋਟੀਕ੍ਰਮ ਦੇ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ’ਤੇ ਦੱਖਣੀ ਅਫਰੀਕਾ-ਏ ਨੇ ਨਿਯਮਤ ਟੈਸਟ ਗੇਂਦਬਾਜ਼ਾਂ ਦੀ ਮੌਜੂਦਗੀ ਵਾਲੇ ਭਾਰਤ-ਏ ਵਿਰੁੱਧ ਐਤਵਾਰ ਨੂੰ ਦੂਜੇ ਚਾਰ ਦਿਨਾ ਗੈਰ ਅਧਿਕਾਰਤ ਮੈਚ ਦੇ ਚੌਥੇ ਦਿਨ 5 ਵਿਕਟਾਂ ਨਾਲ ਯਾਦਗਾਰ ਜਿੱਤ ਦਰਜ ਕਰ ਲਈ। ਦੱਖਣੀ ਅਫਰੀਕਾ-ਏ ਨੇ ਦਿਨ ਦੀ ਸ਼ੁਰੂਆਤ ਵਿਚ ਬਿਨਾਂ ਕਿਸੇ ਨੁਕਸਾਨ ਦੇ 25 ਦੌੜਾਂ ਤੋਂ ਅੱਗੇ ਖੇਡਦੇ ਹੋਏ 417 ਦੌੜਾਂ ਦੇ ਵੱਡੇ ਟੀਚੇ ਦਾ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਆਸਾਨੀ ਨਾਲ ਪਿੱਛਾ ਕਰ ਲਿਆ। ਜੌਰਡਨ ਹਰਮਨ (123 ਗੇਂਦਾਂ ’ਤੇ 91 ਦੌੜਾਂ), ਲੇਸੇਗੋ ਸੇਨੋਕਾਨੇ (174 ਗੇਂਦਾਂ ’ਤੇ 77 ਦੌੜਾਂ), ਤੇਂਬਾ ਬਾਵੂਮਾ (101 ਗੇਂਦਾਂ ’ਤੇ 59 ਦੌੜਾਂ), ਜੁਬੈਰ ਹਮਜ਼ਾ (88 ਗੇਂਦਾਂ ’ਤੇ 77 ਦੌੜਾਂ) ਤੇ ਕਾਨਰ ਐਸਟਰਹੂਈਜ਼ਨ (54 ਗੇਂਦਾਂ ’ਤੇ ਅਜੇਤੂ 52 ਦੌੜਾਂ) ਨੇ ਸ਼ਾਨਦਾਰ ਅਰਧ ਸੈਂਕੜੇ ਲਾਏ, ਜਿਸ ਨਾਲ ਦੱਖਣੀ ਅਫਰੀਕਾ-ਏ ਨੇ 3 ਓਵਰ ਬਾਕੀ ਰਹਿੰਦਿਆਂ 5 ਵਿਕਟਾਂ ’ਤੇ 417 ਦੌੜਾਂ ਦਾ ਸਕੋਰ ਬਣਾ ਕੇ ਯਾਦਗਾਰ ਜਿੱਤ ਦਰਜ ਕੀਤੀ।

ਇਹ ‘ਏ’ ਮੈਚਾਂ ਵਿਚ ਟੀਚੇ ਦਾ ਪਿੱਛਾ ਕਰਦੇ ਹੋਏ ਸਭ ਤੋਂ ਵੱਡਾ ਸਕੋਰ ਹੈ। ਦੱਖਣੀ ਅਫਰੀਕਾ-ਏ ਨੂੰ ਪਾਰੀ ਦੀ ਹਾਰ ਤੋਂ ਬਚਣ ਲਈ ਚੌਥੇ ਦਿਨ 392 ਦੌੜਾਂ ਬਣਾਉਣੀਆਂ ਸਨ। ਹਰਮਨ ਤੇ ਸੇਨੋਕਾਨੇ ਨੇ ਸ਼ੁਰੂਆਤੀ ਵਿਕਟ ਲਈ ਸ਼ਾਨਦਾਰ ਸਾਂਝੇਦਾਰੀ ਕਰ ਕੇ ਟੀਮ ਨੂੰ ਕਮਾਲ ਦੀ ਸ਼ੁਰੂਆਤ ਦਿਵਾਈ। ਇਸ ਜੋੜੀ ਨੇ ਦਿਨ ਦੇ ਪਹਿਲੇ ਸੈਸ਼ਨ ਵਿਚ 27 ਓਵਰਾਂ ਵਿਚ 114 ਦੌੜਾਂ ਬਣਾਉਣ ਦੇ ਨਾਲ 258 ਗੇਂਦਾਂ ਵਿਚ 156 ਦੌੜਾਂ ਦੀ ਸਾਂਝੇਦਾਰੀ ਕੀਤੀ।

ਸ਼ੁਰੂਆਤੀ ਸੈਸ਼ਨ ਦੀ ਖੇਡ ਤੋਂ ਬਾਅਦ ਦੱਖਣੀ ਅਫਰੀਕਾ ਦਾ ਸਕੋਰ ਬਿਨਾਂ ਕਿਸੇ ਨੁਕਸਾਨ ਦੇ 139 ਦੌੜਾਂ ਸੀ ਤੇ ਤਦ ਤੱਕ ਇਹ ਸਾਫ ਹੋ ਚੁੱਕਾ ਸੀ ਕਿ ਭਾਰੀ ਰੋਲਰ ਦੇ ਇਸਤੇਮਾਲ ਕਾਰਨ ਪਿੱਚ ਤੋਂ ਗੇਂਦਬਾਜ਼ਾਂ ਲਈ ਮਦਦ ਘੱਟ ਹੋ ਗਈ ਸੀ। ਭਾਰਤ ਦੇ ਤਜਰਬੇਕਾਰ ਗੇਂਦਬਾਜ਼ਾਂ ਦਾ ਡਟ ਕੇ ਸਾਹਮਣਾ ਕਰਨ ਲਈ ਹਰਮਨ ਤੇ ਸੇਨੋਕਾਨੇ ਨੂੰ ਪੂਰਾ ਸਿਹਰਾ ਦਿੱਤਾ ਜਾਣਾ ਚਾਹੀਦਾ ਹੈ।

ਹਰਮਨ ਨੇ ਖਾਸ ਤੌਰ ’ਤੇ ਜ਼ਿਆਦਾ ਪ੍ਰਭਾਵਿਤ ਕੀਤਾ। ਉਸ ਨੇ ਤੇਜ਼ ਗੇਂਦਬਾਜ਼ ਆਕਾਸ਼ ਦੀਪ ਦੀ ਗੇਂਦ ’ਤੇ ਕਵਰ ਖੇਤਰ ਦੇ ਉੱਪਰ ਤੋਂ ਕੁਝ ਸ਼ਾਨਦਾਰ ਡ੍ਰਾਈਵ ਲਾਈਆਂ। ਉਹ ਹਾਲਾਂਕਿ ਲੰਚ ਤੋਂ ਬਾਅਦ ਦੇ ਸੈਸ਼ਨ ਵਿਚ ਪ੍ਰਸਿੱਧ ਕ੍ਰਿਸ਼ਣਾ ਨੂੰ ਰਿਟਰਨ ਕੈਚ ਦੇ ਕੇ ਸੈਂਕੜਾ ਪੂਰਾ ਕਰਨ ਤੋਂ ਪਹਿਲਾਂ ਪੈਵੇਲੀਅਨ ਪਰਤ ਗਿਆ। ਸੇਨੋਕਾਨੇ ਵੀ ਇਸ ਦੇ ਤੁਰੰਤ ਬਾਅਦ ਖੱਬੇ ਹੱਥ ਦੇ ਸਪਿੰਨਰ ਹਰਸ਼ ਦੂਬੇ ਦੀ ਗੇਂਦ ’ਤੇ ਸਵੀਪ ਕਰਨ ਤੋਂ ਖੁੰਝ ਕੇ ਐੱਲ. ਬੀ. ਡਬਲਯੂ. ਕਰਾਰ ਦਿੱਤਾ ਗਿਆ।

ਹਮਜ਼ਾ ਤੇ ਬਾਵੂਮਾ ਨੇ ਇਸ ਤੋਂ ਬਾਅਦ ਕ੍ਰਮਵਾਰ ਹਮਲਾਵਰ ਤੇ ਰੱਖਿਆਤਮਕ ਖੇਡ ਦਾ ਸ਼ਾਨਦਾਰ ਮਿਸ਼ਰਣ ਦਿਖਾਉਂਦੇ ਹੋਏ ਟੀਮ ਦੇ ਸਕੋਰ ਕਾਰਡ ਨੂੰ ਅੱਗੇ ਵਧਾਉਣਾ ਜਾਰੀ ਰੱਖਿਆ। ਦੋਵਾਂ ਨੇ ਤੀਜੀ ਵਿਕਟ ਲਈ 107 ਦੌੜਾਂ ਦੀ ਸਾਂਝੇਦਾਰੀ ਕਰ ਕੇ ਸਕੋਰ ਨੂੰ 300 ਦੇ ਕੋਲ ਪਹੁੰਚਾਇਆ।

ਕ੍ਰਿਸ਼ਣਾ ਨੇ ਹਮਜ਼ਾ ਨੂੰ ਬੋਲਡ ਕਰ ਕੇ ਇਸ ਸਾਂਝੇਦਾਰੀ ਨੂੰ ਤੋੜਿਆ। ਉਂਗਲੀ ਵਿਚ ਸੱਟ ਕਾਰਨ ਲੱਗਭਗ ਇਕ ਘੰਟੇ ਤੱਕ ਮੈਦਾਨ ਵਿਚੋਂ ਬਾਹਰ ਰਹੇ ਮੁਹੰਮਦ ਸਿਰਾਜ ਨੇ ਆਪਣੇ 4 ਓਵਰਾਂ ਦੇ ਛੋਟੇ ਸਪੈੱਲ ਵਿਚ ਪਹਿਲੀ ਪਾਰੀ ਵਿਚ ਸੈਂਕੜਾ ਲਾਉਣ ਵਾਲੇ ਹਮਲਾਵਰ ਬੱਲੇਬਾਜ਼ ਮਾਰਕਸ ਐਕਰਮੈਨ (26 ਗੇਂਦਾਂ ਵਿਚ 24 ਦੌੜਾਂ) ਨੂੰ ਆਊਟ ਕਰ ਕੇ ਮੈਚ ਵਿਚ ਭਾਰਤ ਦੀ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ। ਬਾਵੂਮਾ ਹਾਲਾਂਕਿ ਆਪਣੇ ਪਾਸੇ ’ਤੇ ਮਜ਼ਬੂਤੀ ਨਾਲ ਡਟਿਆ ਰਿਹਾ ਤੇ ਭਾਰਤ ਦੇ ਤੇਜ਼ ਗੇਂਦਬਾਜ਼ਾਂ ਦੇ ਨਾਲ ਕੁਲਦੀਪ ਯਾਦਵ ਦੀ ਫਿਰਕੀ ਦਾ ਡਟ ਕੇ ਸਾਹਮਣਾ ਕੀਤਾ। ਉਹ ਪਾਰੀ ਦੇ 90ਵੇਂ ਓਵਰ ਵਿਚ ਜਦੋਂ ਆਕਾਸ਼ ਦੀਪ ਦੀ ਗੇਂਦ ’ਤੇ ਸਾਈ ਸੁਦਰਸ਼ਨ ਨੂੰ ਕੈਚ ਦੇ ਕੇ ਆਊਟ ਹੋਇਆ ਤਦ ਦੱਖਣੀ ਅਫਰੀਕਾ-ਏ ਨੂੰ ਜਿੱਤ ਲਈ 11.4 ਓਵਰਾਂ ਵਿਚ 65 ਦੌੜਾਂ ਦੀ ਲੋੜ ਸੀ।

ਐਸਟਰਹੂਈਜਨ ਨੇ ਹਮਲਾਵਰ ਬੱਲੇਬਾਜ਼ੀ ਕਰ ਕੇ 51 ਗੇਂਦਾਂ ਵਿਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਉਸ ਨੂੰ ਤਿਆਨ ਵਾਨ ਵੁਰੇਨ (ਅਜੇਤੂ 20) ਦਾ ਸ਼ਾਨਦਾਰ ਸਾਥ ਮਿਲਿਆ ਤੇ ਇਸ ਜੋੜੀ ਨੇ 52 ਗੇਂਦਾਂ ਵਿਚ 65 ਦੌੜਾਂ ਦੀ ਅਜੇਤੂ ਸਾਂਝੇਦਾਰੀ ਕਰ ਕੇ ਟੀਮ ਨੂੰ ਜਿੱਤ ਦਿਵਾ ਦਿੱਤੀ।

ਭਾਰਤੀ ਟੀਮ ਇਸ ਮੈਚ ਨੂੰ ਜਿੱਤਣ ਜਾਂ ਡਰਾਅ ਕਰਨ ਵਿਚ ਅਸਫਲ ਰਹੀ ਪਰ ਟੀਮ ਲਈ ਰਿਸ਼ਭ ਪੰਤ ਦਾ ਸੱਟ ਤੋਂ ਵਾਪਸੀ ਕਰ ਕੇ ਮੁਕਾਬਲੇਬਾਜ਼ੀ ਕ੍ਰਿਕਟ ਵਿਚ ਵਾਪਸੀ ਕਰਨਾ ਤੇ ਮੈਚ ਦੀਆਂ ਦੋਵਾਂ ਪਾਰੀਆਂ ਵਿਚ ਧਰੁਵ ਜੁਰੈਲ ਦੇ ਸੈਂਕੜੇ ਹਾਂ-ਪੱਖੀ ਪਹਿਲੂ ਰਹੇ। ਇਸਦੇ ਨਾਲ ਹੀ ਗੇਂਦਬਾਜ਼ਾਂ ਨੂੰ ਵੀ ਵਿਸ਼ਵ ਟੈਸਟ ਚੈਂਪੀਅਨ ਦੱਖਣੀ ਅਫਰੀਕਾ ਵਿਰੁੱਧ 2 ਮੈਚਾਂ ਦੀ ਲੜੀ ਤੋਂ ਪਹਿਲਾਂ ਆਗਾਮੀ ਚੁਣੌਤੀਆਂ ਦਾ ਅੰਦਾਜ਼ਾ ਲੱਗ ਗਿਆ ਹੋਵੇਗਾ।


author

Hardeep Kumar

Content Editor

Related News