ਸਮਿਥ ਨੇ ਦਿੱਤਾ ਬਿਆਨ ਨਹੀਂ ਵੱਜਣਗੇ ਤਾਅਨੇ-ਮਿਹਣੇ

09/10/2017 10:28:38 PM

ਚੇਨਈ— ਸੀਮਤ ਓਵਰਾਂ ਦੀ ਸੀਰੀਜ਼ ਖੇਡਣ ਲਈ ਭਾਰਤ ਪਹੁੰਚੀ ਆਸਟ੍ਰੇਲੀਆਈ ਕ੍ਰਿਕਟ ਟੀਮ ਦੇ ਕਪਤਾਨ ਸਟੀਵ ਸਮਿਥ ਨੇ ਕਿਹਾ ਹੈ ਕਿ ਮੌਜੂਦਾ ਸੀਰੀਜ਼ 'ਚ ਖਿਡਾਰੀ ਮੈਦਾਨ 'ਤੇ ਆਪਣੀ ਖੇਡ ਭਾਵਨਾ ਦਾ ਮਿਸਾਲ ਪੇਸ਼ ਕਰਨਗੇ ਅਤੇ ਪਿਛਲੀਆਂ ਘਟਨਾਵਾਂ ਨੂੰ ਦੁਹਰਾਉਣ ਤੋਂ ਬਚਣਗੇ।
ਸਮਿਥ ਨੇ ਐਤਵਾਰ ਆਪਣੇ ਪਹਿਲੇ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਬਿਹਤਰ ਖੇਡ ਭਾਵਨਾ ਨਾਲ ਖੇਡਾਂਗੇ। ਭਾਰਤ ਖਿਲਾਫ ਮੁਕਾਬਲਾ ਕਾਫੀ ਚੁਣੌਤੀਪੂਰਨ ਰਿਹਾ ਹੈ ਪਰ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਨੂੰ ਲੈ ਕੇ ਅਸੀਂ ਉਤਸ਼ਾਹਿਤ ਹਾਂ ਤੇ ਇਸ ਸੀਰੀਜ਼ ਦੌਰਾਨ ਤਾਅਨੇ-ਮਿਹਣੇ ਨਹੀਂ ਵੱਜਣਗੇ। 2013 'ਚ ਜਦੋਂ ਟੀਮ ਇਥੇ ਵਨ ਡੇ ਸੀਰੀਜ਼ ਖੇਡਣ ਆਈ ਸੀ ਤਾਂ ਮੈਂ ਉਸ ਟੀਮ ਦਾ ਹਿੱਸਾ ਨਹੀਂ ਸੀ ਪਰ ਇਥੋਂ ਦੀਆਂ ਸਪਾਟ ਵਿਕਟਾਂ 'ਤੇ ਵੱਡੇ ਸਕੋਰ ਬਣੇ ਸਨ।
ਆਸਟ੍ਰੇਲੀਆਈ ਟੀਮ ਇਸ ਸਾਲ ਫਰਵਰੀ-ਮਾਰਚ 'ਚ ਜਦੋਂ ਸਮਿਥ ਦੀ ਅਗਵਾਈ 'ਚ ਟੈਸਟ ਸੀਰੀਜ਼ ਖੇਡਣ ਭਾਰਤ ਆਈ ਸੀ ਤਾਂ ਉਸ ਸਮੇਂ ਕਾਫੀ ਵਿਵਾਦ ਹੋਇਆ ਸੀ। ਕਪਤਾਨ ਵਿਰਾਟ ਕੋਹਲੀ ਨੇ ਤਾਂ ਇਥੋਂ ਤਕ ਕਹਿ ਦਿੱਤਾ ਸੀ ਕਿ ਆਸਟ੍ਰੇਲੀਆ ਦੇ ਕੁਝ ਖਿਡਾਰੀ ਉਸ ਦੇ ਦੋਸਤ ਨਹੀਂ ਹਨ। ਭਾਰਤ ਨੇ ਸੀਰੀਜ਼ 2-1 ਨਾਲ ਆਪਣੇ ਨਾਂ ਕੀਤੀ ਸੀ। ਉਸ ਸਮੇਂ ਜਿਹੜੇ 12 ਖਿਡਾਰੀ ਆਸਟ੍ਰੇਲੀਆਈ ਟੈਸਟ ਟੀਮ ਦਾ ਹਿੱਸਾ ਸਨ, ਉਹੀ ਇਸ ਵਾਰ ਵਨ ਡੇ ਸੀਰੀਜ਼ ਦਾ ਵੀ ਹਿੱਸਾ ਹਨ। ਅਜਿਹੀ ਸਥਿਤੀ 'ਚ ਮੈਦਾਨ 'ਤੇ ਫਿਰ ਤੋਂ ਤਾਅਨੇ-ਮਿਹਣੇ ਵੱਜਣ ਦੀ ਸੰਭਾਵਨਾ ਹੈ।


Related News