ਪੰਜਾਬ 'ਚ ਖਿਡਾਰੀਆਂ ਦੀ ਮੰਦਹਾਲੀ ਬਿਆਨ ਕਰਦੀ ਹੈ ਜੂਡੋ ਖਿਡਾਰੀ ਮਨਪ੍ਰੀਤ ਦੀ ਕਹਾਣੀ

01/30/2019 1:10:17 PM

ਗੁਰਦਾਸਪੁਰ  (ਹਰਮਨਪ੍ਰੀਤ)- ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਦੇ ਕੀਤੇ ਜਾ ਰਹੇ ਦਾਅਵਿਆਂ ਦੇ ਉਲਟ ਪੰਜਾਬ ਦੇ ਅਨੇਕਾਂ ਹੋਣਹਾਰ ਖਿਡਾਰੀ ਆਰਥਿਕ ਤੰਗੀਆਂ ਤੋਂ ਇਲਾਵਾ ਕਈ ਪ੍ਰੇਸ਼ਾਨੀਆਂ ਨਾਲ ਜੂਝ ਰਹੇ ਹਨ। ਇਨ੍ਹਾਂ  'ਚੋਂ ਕਈ ਖਿਡਾਰੀ ਆਪਣੇ ਆਪ ਨੂੰ ਸਰੀਰਕ ਪੱਖੋਂ ਫਿੱਟ ਰੱਖਣ ਤੇ ਖੇਡਣ ਲਈ ਲੋਂੜੀਦੇ ਖਰਚੇ ਨਾ ਕਰ ਸਕਣ ਕਾਰਨ ਜਾਂ ਤਾਂ ਖੇਡਾਂ ਤੋਂ ਦੂਰ ਹੁੰਦੇ ਜਾ ਰਹੇ ਹਨ ਤੇ ਜਾਂ ਫਿਰ ਉਹ ਹੋਰ ਸੂਬਿਆਂ ਤੇ ਵਿਦੇਸ਼ਾਂ ਵੱਲ ਪਲਾਇਨ ਕਰ ਰਹੇ ਹਨ। ਪੰਜਾਬ ਦੇ ਹਾਲਾਤ ਅਜਿਹੇ ਬਣੇ ਹੋਏ ਹਨ ਕਿ ਕਈ ਪ੍ਰਾਪਤੀਆਂ ਹਾਸਲ ਕਰਨ ਵਾਲੇ ਹੋਣਹਾਰ ਖਿਡਾਰੀਆਂ ਨੂੰ ਸਰਕਾਰ ਵੱਲੋਂ ਸਨਮਾਨ ਪੱਤਰ ਤਾਂ ਦੇ ਦਿੱਤੇ ਜਾਂਦੇ ਹਨ ਪਰ ਸਮਾਜ 'ਚ ਸਨਮਾਨਤ ਜ਼ਿੰਦਗੀ ਬਤੀਤ ਕਰਨ ਲਈ ਉਨ੍ਹਾਂ ਦੀ ਆਰਥਿਕ ਸਹਾਇਤਾ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਗੁਰਦਾਸਪੁਰ ਸ਼ਹਿਰ ਨਾਲ ਸਬੰਧਤ ਕਰੀਬ 17 ਸਾਲ ਦੇ ਹੋਣਹਾਰ ਜੂਡੋ ਖਿਡਾਰੀ ਮਨਪ੍ਰੀਤ ਦੀ ਕਹਾਣੀ ਵੀ ਕੁਝ ਅਜਿਹੀ ਹੀ ਹੈ, ਜੋ ਸਾਡੇ ਸੂਬੇ ਅੰਦਰ ਖਿਡਾਰੀਆਂ ਦੀ ਮੰਦਹਾਲੀ ਅਤੇ ਮਜਬੂਰੀਆਂ ਨੂੰ ਆਪਣੇ ਮੂੰਹੋਂ ਬਿਆਨ ਕਰਦੀ ਹੈ। ਮਨਪ੍ਰੀਤ ਹੁਣ ਤਕ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਜੂਡੋ ਦੇ ਜੌਹਰ ਦਿਖਾ ਕੇ ਕਈ ਸੋਨ ਤਮਗੇ ਜਿੱਤ ਚੁੱਕਾ ਹੈ ਪਰ ਉਸ ਦੀ ਆਰਥਿਕ ਹਾਲਤ ਇੰਨੀ ਪਤਲੀ ਹੈ ਕਿ ਉਸ ਨੂੰ ਲੋੜੀਂਦੀਆਂ  ਜੂਡੋ ਕਿੱਟਾਂ, ਖੁਰਾਕ ਅਤੇ ਹੋਰ ਅਹਿਮ ਕੰਮਾਂ ਲਈ ਜ਼ਰੂਰੀ ਖਰਚੇ ਪੂਰੇ ਕਰਨ ਲਈ ਹੋਰਨਾਂ 'ਤੇ ਨਿਰਭਰ ਹੋਣਾ ਪੈ ਰਿਹਾ ਹੈ। 2 ਭੈਣਾਂ ਅਤੇ 2 ਭਰਾਵਾਂ ਦੇ ਸਭ ਤਂੋ ਛੋਟੇ ਭਰਾ ਮਨਪ੍ਰੀਤ ਨੇ ਦੱਸਿਆ ਕਿ ਉਸ ਦਾ ਪਿਤਾ ਹਰਨਾਮ ਦਾਸ ਮਜ਼ਦੂਰੀ ਕਰਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹੈ ਅਤੇ ਕਰੀਬ 10 ਸਾਲ ਪਹਿਲਾਂ ਜਦੋਂ ਉਸ ਨੇ ਜੂਡੋ ਦੀ ਕੋਚਿੰਗ ਲੈਣੀ ਸ਼ੁਰੂ ਕੀਤੀ ਸੀ ਤਾਂ ਦਿਨੋਂ ਦਿਨ ਇਸ ਖੇਡ ਪ੍ਰਤੀ ਉਸ ਦਾ ਰੁਝਾਨ ਵੱਧਦਾ ਗਿਆ।

ਕਾਮਨਵੈਲਥ ਤੇ ਖੇਲੋ ਇੰਡੀਆ 'ਚ ਜਿੱਤ ਚੁੱਕੈ ਸੋਨ ਤਮਗੇ  
ਇਸ ਮੌਕੇ ਮਨਪ੍ਰੀਤ ਗੁਰਦਾਸਪੁਰ ਸ਼ਹਿਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ 12ਵੀਂ ਜਮਾਤ ਦਾ ਵਿਦਿਆਰਥੀ ਹੈ । ਉਹ ਪਿਛਲੇ ਸਾਲ ਹੋਈਆਂ ਕਾਮਨਵੈਲਥ ਖੇਡਾਂ 'ਚ  ਸੋਨ ਤਮਗਾ ਜਿੱਤਣ ਤੋਂ ਇਲਾਵਾ 'ਖੇਲੋ ਇੰਡੀਆ' ਵਿਚ ਵੀ ਸੋਨ ਤਮਗਾ ਜਿੱਤ ਚੁੱਕਾ ਹੈ। ਇਸੇ ਤਰ੍ਹਾਂ ਨੈਸ਼ਨਲ ਸਕੂਲ ਖੇਡਾਂ 'ਚ ਸੋਨ ਤਮਗਾ ਜਿੱਤਣ ਦੇ ਨਾਲ-ਨਾਲ ਉਹ ਏਸ਼ੀਅਨ ਕੱਪ 'ਚ ਵੀ ਕਾਂਸੀ ਦਾ ਤਮਗਾ ਹਾਸਿਲ ਕਰ ਚੁੱਕਾ ਹੈ। ਇਸ ਤੋਂ ਇਲਾਵਾ ਉਸ ਨੇ ਹੋਰ ਵੀ ਕਈ ਵੱਡੀਆਂ ਮੱਲਾਂ ਮਾਰੀਆਂ ਹਨ  ਪਰ ਸਰਕਾਰ ਵਲੋਂ ਉਸ ਨੂੰ ਸਨਮਾਨਿਤ ਕਰਨ ਤੋਂ ਬਿਨਾਂ ਹੋਰ ਕੋਈ ਵੀ ਅਜਿਹੀ ਰਾਹਤ ਨਹੀਂ ਦਿੱਤੀ ਗਈ,  ਜਿਸ ਨਾਲ ਉਹ ਆਪਣੀ ਖੇਡ ਤੇ ਜ਼ਿੰਦਗੀ ਨੂੰ ਸੁਖਾਲੇ ਰੂਪ 'ਚ ਅਗਾਂਹ ਵਧਾ ਸਕੇ।

* ਆਰਥਿਕ ਤੰਗੀਆਂ ਦੇ ਬਾਵਜੂਦ ਬਣਿਆ ਚੋਟੀ ਦਾ ਖਿਡਾਰੀ * ਸਰਕਾਰ ਨੇ ਨਹੀਂ ਲਈ ਸਾਰ

PunjabKesari
ਮਨਪ੍ਰੀਤ ਦੀ ਤਰੱਕੀ ਲਈ ਉਸ ਦੇ ਸਾਥੀਆਂ ਤੇ ਸਮਾਜਸੇਵੀਆਂ ਨੇ ਕੀਤੀ ਸਹਾਇਤਾ : ਕੋਚ ਅਮਰਜੀਤ ਸ਼ਾਸਤਰੀ
ਇਸ ਹੋਣਹਾਰ ਖਿਡਾਰੀ ਦੇ ਕੋਚ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਮਨਪ੍ਰੀਤ ਦੀ ਤਰੱਕੀ ਲਈ ਉਸ ਦੇ ਸਾਥੀਆਂ ਤੇ ਸਮਾਜਸੇਵੀਆਂ ਨੇ ਆਰਥਿਕ ਸਹਾਇਤਾ ਕੀਤੀ ਹੈ। ਕੋਚ ਨੇ  ਕਿਹਾ ਕਿ 1 ਖਿਡਾਰੀ ਲਈ ਸਾਲ 'ਚ ਕਰੀਬ 22 ਹਜ਼ਾਰ ਦੀਆਂ ਦੋ ਕਿੱਟਾਂ, ਰੋਜ਼ਾਨਾ ਕਰੀਬ 400 ਤੋਂ 600 ਰੁਪਏ ਦੀ ਡਾਈਟ, ਜਿਮ ਦਾ ਖਰਚਾ, ਸਿਹਤਮੰਦ ਰਹਿਣ ਲਈ ਹੋਰ ਖਰਚੇ ਕਰਨ ਤੋਂ ਇਲਾਵਾ ਅਨੇਕਾਂ ਲੋੜਾਂ ਲਈ ਪੈਸਿਆਂ ਦੀ ਲੋੜ ਹੁੰਦੀ ਹੈ। ਸ਼ਾਸਤਰੀ ਨੇ ਕਿਹਾ ਕਿ ਬਹੁਤ ਦੁੱਖ ਹੁੰਦਾ ਹੈ ਕਿ ਜਦੋਂ ਅਜਿਹੀਆਂ ਲੋੜਾਂ ਪੂਰੀਆਂ ਕਰਨ ਤੋਂ ਅਸਮਰੱਥ ਖਿਡਾਰੀਆਂ ਦੀ ਸਰਕਾਰ ਵੀ ਸਾਰ ਨਹੀਂ ਲੈਂਦੀ ਤੇ ਉਹ ਮਜਬੂਰੀਵੱਸ ਹੋਰ ਦੇਸ਼ਾਂ ਜਾਂ ਸੂਬਿਆਂ ਵੱਲ ਪਲਾਇਨ ਕਰ ਜਾਂਦੇ ਹਨ। ਕੋਚ ਨੇ ਕਿਹਾ ਕਿ ਸਰਕਾਰ ਨੂੰ ਅਜੇ ਵੀ ਸਮਾਂ ਰਹਿੰਦਿਆਂ ਅਜਿਹੇ ਖਿਡਾਰੀਆਂ ਦੀ ਆਰਥਿਕ ਮਦਦ ਕਰਨ ਪ੍ਰਤੀ ਸੋਚਣ ਦੀ ਲੋੜ ਹੈ।


Related News