ਜਨਵਰੀ ਦੇ ਸਰਵਸ੍ਰੇਸ਼ਠ ਖਿਡਾਰੀ ਦੇ ਐਵਾਰਡ ਲਈ ਸਿਰਾਜ ਤੇ ਗਿੱਲ ਨਾਮਜ਼ਦ
Wednesday, Feb 08, 2023 - 12:01 PM (IST)

ਦੁਬਈ (ਭਾਸ਼ਾ)– ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਜਨਵਰੀ ਦੇ ਸਰਵਸ੍ਰੇਸ਼ਠ ਖਿਡਾਰੀ ਦੇ ਐਵਾਰਡ ਲਈ ਭਾਰਤ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਤੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਨਾਮਜ਼ਦ ਕੀਤਾ ਹੈ। ਆਈ. ਸੀ. ਸੀ. ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਭਾਰਤੀ ਪ੍ਰਤਿਭਾਸ਼ਾਲੀ ਬੱਲੇਬਾਜ਼ ਗਿੱਲ ਨੇ ਜਨਵਰੀ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 3 ਸੈਂਕੜੇ ਤੇ 1 ਦੋਹਰਾ ਸੈਂਕੜਾ ਲਾਇਆ। ਉਸ ਨੇ ਨਿਊਜ਼ੀਲੈਂਡ ਵਿਰੁੱਧ ਪਹਿਲੇ ਵਨ ਡੇ ਵਿਚ ਦੋਹਰਾ ਸੈਂਕੜਾ ਲਾਉਣ ਤੋਂ ਬਾਅਦ ਅਗਲੇ ਦੋ ਮੈਚਾਂ ਵਿਚ ਕ੍ਰਮਵਾਰ 40 ਅਜੇਤੂ ਤੇ 112 ਦੌੜਾਂ ਬਣਾਈਆਂ ਤੇ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਵਿਚ ਸਭ ਤੋਂ ਵੱਧ (360) ਦੌੜਾਂ ਬਣਾਉਣ ਦੇ ਬਾਬਰ ਆਜ਼ਮ ਦੇ ਰਿਕਾਰਡ ਦੀ ਬਰਾਬਰੀ ਕੀਤੀ ਸੀ।
ਉੱਥੇ ਹੀ ਦੂਜੇ ਪਾਸੇ, ਜਸਪ੍ਰੀਤ ਬੁਮਰਾਹ ਦੀ ਗੈਰ-ਹਾਜ਼ਰੀ ਵਿਚ ਭਾਰਤੀ ਗੇਂਦਬਾਜ਼ੀ ਦੀ ਅਗਵਾਈ ਕਰਨ ਵਾਲਾ ਮੁਹੰਮਦ ਸਿਰਾਜ ਇਸ ਮਹੀਨੇ ਵਨ ਡੇ ਕ੍ਰਿਕਟ ਵਿਚ ਨੰਬਰ ਇਕ ਗੇਂਦਬਾਜ਼ ਬਣ ਗਿਆ। ਸਿਰਾਜ ਨੇ ਸਾਲ ਦੇ ਪਹਿਲੇ ਮਹੀਨੇ ਵਿਚ ਹੀ 5 ਮੈਚ ਖੇਡ ਕੇ 38.4 ਦੀ ਔਸਤ ਨਾਲ 14 ਵਿਕਟਾਂ ਲਈਆਂ, ਜਿਸ ਨੇ ਉਸ ਨੂੰ ਆਈ. ਸੀ. ਸੀ. ਦੀ ਵਨ ਡੇ ਰੈਂਕਿੰਗ ਵਿਚ ਚੋਟੀ ’ਤੇ ਪਹੁੰਚਾ ਦਿੱਤਾ। ਜਨਵਰੀ ਵਿਚ ਸਿਰਾਜ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਟੀਮ ਸ਼੍ਰੀਲੰਕਾ ਵਿਰੁੱਧ ਰਿਹਾ ਜਦੋਂ ਉਸ ਨੇ ਤੀਜੇ ਵਨ ਡੇ ਵਿਚ ਸਿਰਫ 32 ਦੌੜਾਂ ਦੇ ਕੇ 4 ਵਿਕਟਾਂ ਲਈਆਂ।