ਸਿੰਗਾਪੁਰ ਓਪਨ : ਸਿੰਧੂ ਨੇ ਹਾਨ ਨੂੰ ਰੋਮਾਂਚਕ ਮੁਕਾਬਲੇ ''ਚ ਹਰਾਇਆ, ਸੈਮੀਫਾਈਨਲ ''ਚ ਪੁੱਜੀ
Friday, Jul 15, 2022 - 07:25 PM (IST)

ਸਿੰਗਾਪੁਰ- ਦੋ ਵਾਰ ਦੀ ਓਲੰਪਿਕ ਤਮਗ਼ਾ ਜੇਤੂ ਪੀ. ਵੀ. ਸਿੰਧੂ ਨੇ ਚੀਨ ਦੀ ਹਾਨ ਯੁਈ ਨੂੰ ਇਕ ਘੰਟੇ ਤੋਂ ਵੱਧ ਚਲੇ ਮੁਕਾਬਲੇ 'ਚ ਹਰਾ ਕੇ ਸਿੰਗਾਪੁਰ ਓਪਨ ਸੁਪਰ 500 ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਦੁਨੀਆ ਦੀ ਸਤਵੇਂ ਨੰਬਰ ਦੀ ਖਿਡਾਰੀ ਨੇ ਇਕ ਸੈੱਟ ਗੁਆਉਣ ਦੇ ਬਾਅਦ 17-21, 21-11, 21-19 ਨਾਲ ਜਿੱਤ ਦਰਜ ਕੀਤੀ।
ਸਿੰਧੂ ਦਾ ਹੁਣ ਇਸ ਚੀਨੀ ਵਿਰੋਧੀ ਮੁਕਾਬਲੇਬਾਜ਼ ਦੇ ਖ਼ਿਲਾਫ਼ ਰਿਕਾਰਡ 3-0 ਹੋ ਗਿਆ ਹੈ। ਮਈ 'ਚ ਥਾਈਲੈਂਡ ਓਪਨ ਦੇ ਬਾਅਦ ਸਿੰਧੂ ਪਹਿਲੀ ਵਾਰ ਸੈਮੀਫਾਈਨਲ 'ਚ ਪੁੱਜੀ ਹੈ। ਹੁਣ ਦੇਖਣਾ ਇਹ ਹੈ ਕਿ ਬਰਮਿੰਘਮ ਰਾਸ਼ਟਰ ਮੰਡਲ ਖੇਡਾਂ ਤੋਂ ਪਹਿਲਾਂ ਉਹ ਖ਼ਿਤਾਬ ਜਿੱਤ ਸਕੇਗੀ ਜਾਂ ਨਹੀਂ।
ਸਿੰਧੂ ਦਾ ਸਾਹਮਣਾ ਹੁਣ ਗ਼ੈਰ ਦਰਜਾ ਪ੍ਰਾਪਤ ਸਾਇਨਾ ਕਾਵਾਕਾਮੀ ਨਾਲ ਹੋਵੇਗਾ। ਜਾਪਾਨ ਦੀ ਇਸ ਖਿਡਾਰੀ ਨੇ ਛੇਵਾਂ ਦਰਜਾ ਪ੍ਰਾਪਤ ਥਾਈਲੈਂਡ ਦੀ ਪੋਰਨਪਾਵੀ ਚੋਚੁਵੋਂਗ ਨੂੰ 21-17, 21-19 ਨਾਲ ਹਰਾ ਕੇ ਵੱਡਾ ਉਲਟਫੇਰ ਕੀਤਾ। ਸਾਇਨਾ ਨੇਹਵਾਲ ਤੇ ਐੱਚ. ਐੱਸ. ਪ੍ਰਣਯ ਨੇ ਅਜੇ ਆਪਣੇ ਮੁਕਾਬਲੇ ਖੇਡਣੇ ਹਨ।