ਸਿੰਧੂ ਨੂੰ ਚਾਂਦੀ, ਭਾਰਤ ਦਾ ਸਨਹਿਰੀ ਸੁਪਨਾ ਫਿਰ ਟੁੱਟਿਆ

08/28/2017 12:32:19 AM

ਗਲਾਸਗੋ— ਓਲੰਪਿਕ ਚਾਂਦੀ ਤਮਗਾ ਜੇਤੂ ਪੀ. ਵੀ. ਸਿੰਧੂ ਨੂੰ ਜਾਪਾਨ ਦੀ ਨੋਜੋਮੀ ਓਕੂਹਾਰਾ ਵਿਰੁੱਧ ਸਾਹਾਂ ਨੂੰ ਰੋਕ ਦੇਣ ਵਾਲੇ ਬੇਹੱਦ ਉਤਾਰ-ਚੜ੍ਹਾਅ ਭਰੇ ਰੋਮਾਂਚਕ ਮੁਕਾਬਲੇ ਵਿਚ ਐਤਵਾਰ ਨੂੰ ਤਿੰਨ ਸੈੱਟਾਂ ਦੇ ਸੰਘਰਸ਼ ਵਿਚ ਹਾਰ ਕੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ।
ਚੌਥਾ ਦਰਜਾ ਸਿੰਧੂ ਤੇ ਸੱਤਵੀਂ ਸੀਡ ਓਕੂਹਾਰਾ ਵਿਚਾਲੇ ਇਹ ਹਾਈਵੋਲਟੇਜ ਮੁਕਾਬਲਾ ਇਕ ਘੰਟਾ 50 ਮਿੰਟ ਤਕ ਚੱਲਿਆ, ਜਿਸ ਵਿਚ ਜਾਪਾਨੀ ਖਿਡਾਰੀ ਨੇ 21-19, 20-22, 22-20 ਨਾਲ ਜਿੱਤ ਹਾਸਲ ਕਰਕੇ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕਰ ਲਿਆ। ਸਿੰਧੂ ਨੂੰ ਰੀਓ ਓਲੰਪਿਕ-2016 ਵਿਚ ਚਾਂਦੀ ਜਿੱਤਣ ਤੋਂ ਬਾਅਦ ਵਿਸ਼ਵ ਚੈਂਪੀਅਨਸ਼ਿਪ-2017 ਵਿਚ ਵੀ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ।
ਭਾਰਤ ਲਈ ਟੂਰਨਾਮੈਂਟ ਇਤਿਹਾਸ ਰਿਹਾ ਤੇ ਉਸ ਨੇ ਇਕ ਚੈਂਪੀਅਨਸ਼ਿਪ ਵਿਚ ਪਹਿਲੀ ਵਾਰ ਦੋ ਤਮਗੇ ਜਿੱਤਣ ਦੀ ਪ੍ਰਾਪਤੀ ਹਾਸਲ ਕੀਤੀ। ਸਾਇਨਾ ਨੇਹਵਾਲ ਨੂੰ ਕਾਂਸੀ ਤਮਗਾ ਮਿਲਿਆ। 
ਸਿੰਧੂ ਤੇ ਓਕੂਹਾਰਾ ਵਿਚਾਲੇ ਇਹ ਮੁਕਾਬਲਾ ਰੋਮਾਂਚ ਦੀ ਚੋਟੀ ਨੂੰ ਛੂਹਣ ਤੋਂ ਬਾਅਦ ਖਤਮ ਹੋਇਆ। ਦੋਵੇਂ ਹੀ ਖਿਡਾਰਨਾਂ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ। ਮੈਚ ਵਿਚ ਲੰਬੀਆਂ-ਲੰਬੀਆਂ ਰੈਲੀਆਂ, ਨੈੱਟ 'ਤੇ ਸ਼ਾਨਦਾਰ ਖੇਡ, ਕੋਰਟ 'ਤੇ ਚਾਰੇ ਪਾਸੇ ਮੂਵਮੈਂਟ, ਬਿਹਤਰੀਨ ਲਾਬ ਤੇ ਸ਼ਾਨਦਾਰ ਸਮੈਸ਼ ਦੇਖਣ ਨੂੰ ਮਿਲੇ।
ਮੈਚ ਦੇ ਦੌਰਾਨ ਦੋਵੇਂ ਹੀ ਖਿਡਾਰਨਾਂ ਬੁਰੀ ਤਰ੍ਹਾਂ ਥੱਕ ਚੁੱਕੀਆਂ ਸਨ ਪਰ ਕੋਈ ਵੀ ਹਿੰਮਤ ਨਹੀਂ ਹਾਰ ਰਹੀ ਸੀ। ਮੈਚ ਦਾ ਸਕੋਰ ਇਸ ਗੱਲ ਦਾ ਗਵਾਹ ਹੈ ਕਿ ਇਹ ਕਿੰਨਾ ਜ਼ਬਰਦਸਤ ਮੈਚ ਸੀ। ਸਿੰਧੂ ਕੋਲ ਮੌਕਾ ਸੀ ਪਰ ਅੰਤ ਵਿਚ ਸ਼ਾਇਦ ਥਕਾਵਟ ਉਸ 'ਤੇ ਬੁਰੀ ਤਰ੍ਹਾਂ ਹਾਵੀ ਹੋ ਗਈ। ਜਾਪਾਨੀ ਖਿਡਾਰੀ ਨੇ 21-20 ਦੇ ਸਕੋਰ 'ਤੇ ਜਿਵੇਂ ਹੀ ਮੈਚ ਜੇਤੂ ਅੰਕ ਲਿਆ, ਜਾਪਾਨੀ ਸਮਰਥਕ ਖੁਸ਼ੀ ਨਾਲ ਉਛਲ ਪਏ।
ਸਿੰਧੂ ਦੇ ਹੱਥ ਅੰਤ ਵਿਚ ਨਿਰਾਸ਼ਾ ਲੱਗੀ ਪਰ ਉਸ ਨੇ ਜ਼ੋਰਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਇਹ ਅਜਿਹਾ ਮੈਚ ਸੀ, ਜਿਸ ਨੂੰ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ। ਵਿਸ਼ਵ ਰੈਂਕਿੰਗ ਵਿਚ 12ਵੇਂ ਨੰਬਰ ਦੇ ਖਿਡਾਰੀ ਓਕੂਹਾਰਾ ਨੇ ਚੌਥੇ ਨੰਬਰ ਦੀ ਭਾਰਤੀ ਖਿਡਾਰੀ ਵਿਰੁੱਧ ਹੁਣ ਆਪਣਾ ਕਰੀਅਰ ਰਿਕਾਰਡ 4-3 ਕਰ ਦਿੱਤਾ ਹੈ ਤੇ ਨਾਲ ਹੀ ਸਿੰਧੂ ਕੋਲੋਂ ਪਿਛਲੇ ਸਾਲ ਓਲੰਪਿਕ ਤੇ ਇਸ ਸਾਲ ਸਿੰਗਾਪੁਰ ਓਪਨ ਵਿਚ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ। 
ਸਿੰਧੂ ਦੀ ਹਾਰ ਦੇ ਨਾਲ ਭਾਰਤ ਦੇ ਹੱਥੋਂ ਪਹਿਲੇ ਵਿਸ਼ਵ ਬੈਡਮਿੰਟਨ ਖਿਤਾਬ ਦਾ ਮੌਕਾ ਵੀ ਨਿਕਲ ਗਿਆ। ਸਿੰਧੂ ਦਾ ਵਿਸ਼ਵ ਚੈਂਪੀਅਨਸਿਪ ਵਿਚ ਇਹ ਕੁਲ ਤੀਜਾ ਤਮਗਾ ਹੈ।  ਉਸ ਨੇ ਇਸ ਤੋਂ ਪਹਿਲਾਂ 2013 ਤੇ 2014 ਵਿਚ ਲਗਾਤਾਰ ਕਾਂਸੀ ਤਮਗੇ ਜਿੱਤੇ ਸਨ। 


Related News