ਸਿੰਧੂ, ਸਮੀਰ ਨੇ ਏਸ਼ੀਅਨ ਬੈਡਮਿੰਟਨ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ''ਚ ਬਣਾਈ ਜਗ੍ਹਾ
Thursday, Apr 25, 2019 - 01:43 PM (IST)
ਵੁਹਾਨ : ਭਾਰਤੀ ਬੈਡਮਿੰਟਨ ਖਿਡਾਰੀ ਪੀ. ਵੀ. ਸਿੰਧੂ ਅਤੇ ਸਮੀਰ ਵਰਮਾ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਬਰਕਰਾਰ ਰੱਖਦਿਆਂ ਏਸ਼ੀਅਨ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਵੀਰਵਾਰ ਨੂੰ ਮਹਿਲਾ ਅਤੇ ਪੁਰਸ਼ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਚੌਥਾ ਦਰਜਾ ਪ੍ਰਾਪਤ ਸਿੰਧੂ ਨੇ 33 ਮਿੰਟ ਵਿਚ ਇੰਡੋਨੇਸ਼ੀਆ ਦੀ ਚੋਈਰੂਨਿਸਾ ਨੂੰ 21-15, 21-19 ਨਾਲ ਹਰਾਇਆ। ਹੁਣ ਉਸ ਦਾ ਸਾਹਮਣਾ ਚੀਨ ਦੀ ਗੈਰ ਦਰਜਾ ਪ੍ਰਾਪਤ ਕੇਈੂ ਯਾਨਯਾਨ ਨਾਲ ਹੋਵੇਗਾ। ਪੁਰਸ਼ ਸਿੰਗਲਜ਼ ਵਿਚ ਸਮੀਰ ਨੇ ਹਾਂਗਕਾਂਗ ਦੇ ਏਂਗ ਕਾ ਲੋਂਗ ਏਂਗਸ ਨੂੰ 21-12, 21-19 ਨਾਲ ਹਰਾਇਆ। ਹੁਣ ਉਹ ਥਾਈਲੈਂਡ ਦੇ ਸਿਤਿਕੋਮ ਥੰਮਾਸਿਨ ਜਾਂ ਦੂਜਾ ਦਰਜਾ ਪ੍ਰਾਪਤ ਚੀਨ ਦੇ ਸ਼ਿ ਯੁਕੀ ਨਾਲ ਖੇਡਣਗੇ। ਮਿਕਸਡ ਡਬਲਜ਼ ਵਿਚ ਭਾਰਤ ਦੇ ਉਤਕਰਸ਼ ਅਰੋੜਾ ਅਤੇ ਕਰਿਸ਼ਮਾ ਵਾਡਕਰ ਦੂਜੇ ਦੌਰ ਵਿਚ ਇੰਡੋਨੇਸ਼ੀਆ ਦੇ ਹਫੀਜ਼ ਫੈਜ਼ਲ ਅਤੇ ਗਲੋਰੀਆ ਏਮੈਨਿਊਅਲ ਤੋਂ 10-21, 15-21 ਨਾਲ ਹਾਰ ਗਏ। ਸਾਈਨਾ ਨੇਹਵਾਲ ਅੱਜ ਦੱਖਣੀ ਕੋਰੀਆ ਦੀ ਕਿਮ ਗਾ ਯੁਨ ਨਾਲ ਖੇਡੇਗੀ।