ਮੁੱਕੇਬਾਜ਼ੀ ਮਹਾਸੰਘ ਨੇ ਸਿਮਰਨਜੀਤ, ਗੌਰਵ ਦੇ ਨਾਂ ਅਰਜੁਨ ਪੁਰਸਕਾਰ ਲਈ ਭੇਜੇ
Monday, Jun 28, 2021 - 09:02 PM (IST)
ਨਵੀਂ ਦਿੱਲੀ— ਓਲੰਪਿਕ ਲਈ ਕੁਆਲੀਫ਼ਾਈ ਕਰ ਚੁੱਕੀ ਸਿਮਰਨਜੀਤ ਕੌਰ, ਰਾਸ਼ਟਰਮੰਡਲ ਦੇ ਸੋਨ ਤਮਗ਼ਾ ਜੇਤੂ ਗੌਰਵ ਸੋਲੰਕੀ ਤੇ ਵਿਸ਼ਵ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਮਗ਼ਾ ਜੇਤੂ ਸੋਨੀਆ ਚਹਿਲ ਦੇ ਨਾਂ ਭਾਰਤੀ ਮੁੱਕੇਬਾਜ਼ੀ ਮਹਾਸੰਘ ਨੇ ਅਰਜੁਨ ਪੁਰਸਕਾਰ ਲਈ ਭੇਜੇ ਹਨ। ਸਿਮਰਨਜੀਤ (60 ਕਿਲੋ) 2018 ਵਿਸ਼ਵ ਚੈਂਪੀਅਨਸ਼ਿਪ ਕਾਂਸੀ ਤਮਗਾ ਜੇਤੂ ਹੈ ਤੇ ਟੋਕੀਓ ਓਲੰਪਿਕ ਲਈ ਕੁਆਲੀਫ਼ਾਈ ਕਰ ਚੁੱਕੀਆਂ ਚਾਰ ਭਾਰਤੀ ਮਹਿਲਾ ਮੁੱਕੇਬਾਜ਼ਾਂ ’ਚੋਂ ਇਕ ਹੈ।
ਸੋਲੰਕੀ (57 ਕਿਲੋ) ਨੇ 2018 ਰਾਸ਼ਟਰਮੰਡਲ ਖੇਡਾਂ ’ਚ ਸੋਨ ਤਮਗ਼ਾ ਜਿੱਤਿਆ ਸੀ ਜਦਕਿ ਚਹਿਲ (57 ਕਿਲੋ) ਨੇ ਉਸੇ ਸਾਲ ਵਿਸ਼ਵ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਮਗ਼ਾ ਜਿੱਤਿਆ ਸੀ। ਬੀ. ਐੱਫ. ਆਈ. ਸਕੱਤਰ ਹੇਮੰਤ ਕਲੀਤਾ ਨੇ ਕਿਹਾ ਕਿ ਪਿਛਲੇ ਚਾਰ ਸਾਲ ਦੇ ਪ੍ਰਦਰਸ਼ਨ ਦੇ ਆਧਾਰ ’ਤੇ ਇਹ ਤਿੰਨ ਨਾਂ ਤੈਅ ਕੀਤੇ ਗਏ ਹਨ। ਅਰਜੁਨ ਪੁਰਸਕਾਰ ਜੇਤੂ ਨੂੰ 15 ਲੱਖ ਰੁਪਏ ਇਨਾਮ ਦੇ ਤੌਰ ’ਤੇ ਮਿਲਦੇ ਹਨ। ਮਹਾਸੰਘ ਨੇ ਦ੍ਰੋਣਾਚਾਰਿਆ ਪੁਰਸਕਾਰ ਲਈ ਮਹਿਲਾ ਟੀਮ ਦੀ ਸਹਾਇਕ ਕੋਚ ਸੰਧਿਆ ਗੁਰੰਗ ਤੇ ਰਾਸ਼ਟਰੀ ਯੁਵਾ ਮੁੱਖ ਕੋਚ ਭਾਸਕਰ ਭੱਟ ਦੇ ਨਾਂ ਭੇਜੇ ਹਨ।