ਨਿਊਜ਼ੀਲੈਂਡ ਦੀਆਂ ਪਹਿਲੀਆਂ ਸਿੱਖ ਖੇਡਾਂ ਦਾ ਹੋਇਆ ਸ਼ਾਨਦਾਰ ਆਗਾਜ਼
Saturday, Nov 30, 2019 - 05:13 PM (IST)
ਸਪੋਰਟਸ ਡੈਸਕ, (ਰਮਨ ਸੋਢੀ, ਮਨਦੀਪ ਸੈਣੀ, ਸੁਰਿੰਦਰ ਖੁਰਦ)— ਨਿਊਜ਼ੀਲੈਂਡ 'ਚ ਪਹਿਲੀਆਂ ਸਿੱਖ ਖੇਡਾਂ ਦੀ ਅੱਜ ਸ਼ੁਰੂਆਤ ਹੋ ਗਈ ਹੈ। ਆਕਲੈਂਡ ਦੇ ਟਾਕਾਨੀਨੀ ਕਸਬੇ 'ਚ ਪੈਂਦੇ ਪੁਲਮਨ ਪਾਰਕ ਵਿਖੇ ਦੋ ਦਿਨ ਚੱਲਣ ਵਾਲੀਆਂ ਖੇਡਾਂ ਦੇ ਪਹਿਲੇ ਦਿਨ ਦੀ ਸ਼ੁਰੂਆਤ ਦੌਰਾਨ ਸਕਾਟਿਸ਼ ਬੈਗ ਪਾਈਪ ਬੈਂਡ ਦੇ ਨਾਲ ਪ੍ਰੇਡ ਕੱਢੀ ਗਈ ਜਿਸ ਵਿਚ ਸਮੂਹ ਖਿਡਾਰੀ, ਕਲੱਬ ਮੈਂਬਰ ਅਤੇ ਸਿੱਖ ਹੈਰੀਟੇਜ ਸਕੂਲ ਦੀ ਟੀਮ ਨੇ ਮਾਰਚ ਪਾਸ ਕੀਤਾ। ਇਸ ਤੋਂ ਬਾਅਦ ਜਿੱਥੇ ਨਿਊਜ਼ੀਲੈਂਡ ਦਾ ਰਾਸ਼ਟਰੀ ਗੀਤ ਮੋਹਰੀ ਅਤੇ ਅੰਗਰੇਜ਼ੀ ਜ਼ੁਬਾਨ 'ਚ ਗਾਇਆ ਗਿਆ, ਉੱਥੇ ਹੀ ਭਾਰਤ ਦਾ ਰਾਸ਼ਟਰੀ ਗੀਤ ਵੀ ਗਾਇਆ ਗਿਆ ਅਤੇ ਨਿਊਜ਼ੀਲੈਂਡ ਦੇ ਝੰਡੇ ਨਾਲ ਭਾਰਤੀ ਝੰਡਾ ਵੀ ਮਾਰਚ 'ਚ ਸ਼ਾਮਲ ਕੀਤਾ ਗਿਆ।
ਖੇਡਾਂ ਦੀ ਸ਼ੁਰੂਆਤ ਵੇਲੇ ਗਿੱਧਾ, ਭੰਗੜਾ ਅਤੇ ਗੀਤ ਵੀ ਗਾਏ ਗਏ ਜਿਸ ਵਿਚ ਵਿਰਸਾ ਅਕੈਡਮੀ, ਸਾਂਝ ਗਰੁੱਪ, ਸ਼ਾਨ ਪੰਜਾਬ ਦੀ ਅਤੇ ਬਰਿਸਬੇਨ ਸ਼ੇਰੇ ਪੰਜਾਬ ਦੀ ਟੀਮ ਨੇ ਭਾਗ ਲਿਆ। ਸਿੱਖ ਖੇਡਾਂ ਦੇ ਪਹਿਲੇ ਦਿਨ ਕਬੱਡੀ, ਰੈਸਲਿੰਗ, ਵਾਲੀਵਾਲ, ਬਾਸਕਟਬਾਲ, ਨੈਟਵਾਲ, ਸਾਕਰ, ਸ਼ੂਟਿੰਗ, ਹਾਕੀ, ਖੋ-ਖੋ, ਅਤੇ ਅਥਲੈਟਿਕਸ, ਸਮੇਤ ਕੁੱਲ 16 ਖੇਡਾਂ ਦੇ ਮੁਕਾਬਲੇ ਕਰਵਾਏ ਗਏ।
ਮੁੱਖ ਮਹਿਮਾਨ ਵਜੋਂ ਜੂਡਿਥ ਕਾਲਿਨਸ, ਸਥਾਨਕ ਸਾਂਸਦ, ਜੇਨੀ ਸਾਲੀਸਾ ਐਥਨਿਕ ਮਨਿਸਟਰ, ਭਵ ਢਿੱਲੋਂ ਇੰਡੀਅਨ ਕਾਂਸਲੇਟ ਇਨ ਹਾਈ ਕਮਿਸ਼ਨ, ਡੇਨੀਅਲ ਨਿਊਮਨ ਸੀਨੀਅਰ ਕਾਂਊਸਰ ਲੋਕਲ ਬੋਰਡ, ਪ੍ਰਿਯੰਕਾ ਰਾਧਾ ਕਰਿਸ਼ਨਾ ਲੇਬਰ ਪਾਰਟੀ ਦੀ ਸੀਨੀਅਰ ਇੰਡੀਅਨ ਡੈਲੀਗੇਟ, ਖੜਕ ਸਿੰਘ ਸਿੱਧੂ, ਪ੍ਰਿਥਵੀ ਪਾਲ ਸਿੰਘ ਬਸਰਾ ਅਤੇ ਰਣਬੀਰ ਸਿੰਘ ਲਾਲੀ ਹਾਜਰ ਹੋਏ । ਖੇਡਾਂ ਦੇ ਮੁੱਖ ਪ੍ਰਬੰਧਕ ਦਲਜੀਤ ਸਿੱਧੂ, ਨਵਤੇਜ ਸਿੰਘ ਰੰਧਾਵਾ, ਪਰਮਿੰਦਰ ਸਿੰਘ ਪਾਪਾਟੋਏਟੋਏ, ਅਤੇ ਤਾਰਾ ਸਿੰਘ ਬੈਂਸ ਨੇ ਮੰਚ ਤੋਂ ਸੰਬੋਧਨ ਕਰਦਿਆਂ ਜਿੱਥੇ ਪਹੁੰਚੇ ਹੋਏ ਲੋਕਾਂ ਦਾ ਸੁਆਗਤ ਤੇ ਧੰਨਵਾਦ ਕੀਤਾ ਉੱਥੇ ਖੇਡਾਂ ਕਰਵਾਉਣ ਦੀ ਅਹਿਮੀਅਤ ਤੇ ਮਕਸਦ ਬਾਰੇ ਵੀ ਜਾਣਕਾਰੀ ਦਿੱਤੀ। ਪਰਮਿੰਦਰ ਪਾਪਾਟੋਏਟੋਏ ਨੇ ਦੱਸਿਆ ਕਿ ਖੇਡਾਂ ਕਰਵਾਉਣ ਦਾ ਮੁੱਖ ਮਕਸਦ ਅੱਜ ਦੀ ਪੀੜ੍ਹੀ ਨੂੰ ਆਪਣੇ ਸੱਭਿਆਚਾਰ ਨਾਲ ਜੋੜ ਕੇ ਰੱਖਣਾ ਹੈ। ਸਾਡੀ ਕੋਸ਼ਿਸ਼ ਹੈ ਕਿ ਅੱਗੇ ਵੀ ਇਸ ਸਿਲਸਿਲੇ ਨੂੰ ਜਾਰੀ ਰੱਖਿਆ ਜਾਵੇ, ਜਿਸ ਲਈ ਸਥਾਨਕ ਲੋਕਾਂ ਦਾ ਸਾਥ ਦੀ ਬਹੁਤ ਲੋੜ ਹੈ। ਇਨ੍ਹਾਂ ਖੇਡਾਂ ਦੌਰਾਨ ਹਰਮੀਕ ਸਿੰਘ ਅਤੇ ਸ਼ਰਨਦੀਪ ਸਿੰਘ ਨੇ ਮੰਚ ਸੰਚਾਲਨ ਕੀਤਾ। ਦੱਸਣਯੋਗ ਹੈ ਕਿ 42 ਹੈਕਟੇਅਰ ਦੇ ਪੁਲਮਨ ਪਾਰਕ 'ਚ ਇਹ ਖੇਡਾਂ ਹੋ ਰਹੀਆਂ ਹਨ। ਇਸ ਦੌਰਾਨ ਖਾਸ ਗੱਲ ਇਹ ਰਹੀ ਕਿ ਜਿਸ ਵਿਅਕਤੀ ਦੇ ਨਾਮ 'ਤੇ ਇਹ ਪਾਰਕ ਹੈ, ਖੁਦ ਬਰੂਸ ਪੁਲਮਨ ਅਤੇ ਉਸਦੀ ਪਤਨੀ ਜੈਸੀ ਪੁਲਮਨ ਨੇ ਵੀ ਖੇਡਾਂ 'ਚ ਸ਼ਿਰਕਤ ਕੀਤੀ।
ਇਸ ਤੋਂ ਇਲਾਵਾ ਪੰਜਾਬੀ ਗਾਇਕ ਦੇਬੀ ਮਖਸੂਸਪੁਰੀ, ਹਰਵਿੰਦਰ ਨੂਰਪੁਰੀ ਤੇ ਹਰਜੀਤ ਸਿੱਧੂ ਨੇ ਵੀ ਆਪਣੀ ਗਾਇਕੀ ਰਾਹੀਂ ਦਰਸ਼ਕਾਂ ਨੂੰ ਬੰਨ੍ਹੀ ਰੱਖਿਆ। ਵੱਡੀ ਗਿਣਤੀ 'ਚ ਜਿੱਥੇ ਸਥਾਨਕ ਲੋਕਾਂ ਨੇ ਤਾਂ ਖੇਡ ਮੇਲੇ ਦੀ ਰੌਣਕ ਵਧਾਈ, ਉੱਥੇ ਹੀ ਖੇਡਾਂ ਵੇਖਣ ਲਈ ਆਸਟਰੇਲੀਆ ਤੋਂ ਵੀ ਕਈ ਲੋਕ ਪਹੁੰਚੇ। ਇਸ ਦੌਰਾਨ ਸਥਾਨਕ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਦਸਤਾਰ ਕੈਂਪ ਵੀ ਲਗਾਇਆ ਗਿਆ ਜਿਸ ਵਿਚ ਸਪੈਸ਼ਲ ਪੰਜਾਬ ਤੋਂ ਪੱਗਾਂ ਬੰਨਣ ਦੇ ਮਾਹਿਰ ਮਨਜੀਤ ਫਿਰੋਜ਼ਪੁਰੀਆ ਨੂੰ ਬੁਲਾਇਆ ਗਿਆ। ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਐਗਜ਼ੀਬਿਸ਼ਨ ਵੀ ਲਗਾਈ ਗਈ।
ਅੱਜ ਕੀ ਹੋਵੇਗਾ?
ਅੱਜ ਸੈਮੀਫਾਈਨਲ ਤੇ ਫਾਈਨਲ ਮੁਕਾਬਲੇ ਹੋਣਗੇ। ਵੱਖ-ਵੱਖ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਬੱਚਿਆਂ ਦੀਆਂ ਅੰਡਰ 12, 15, 16 ਦੀਆਂ ਸਾਕਰ ਦੀਆਂ ਖੇਡਾਂ ਹੋਣਗੀਆਂ। ਦੇਬੀ ਮਖਸੂਸਪੁਰੀ ਆਪਣੀ ਸ਼ਾਇਰੀ ਸੁਣਾਉਣਗੇ।