ਚੈੱਸ ਫੈੱਡਰੇਸ਼ਨ ਨੂੰ ਝਟਕਾ, ਦਿੱਲੀ HC ਵਲੋਂ ਭਾਰਤ ਸਿੰਘ ਚੌਹਾਨ ਦੀ ਸਕੱਤਰ ਅਹੁਦੇ ਦੀ ਨਿਯੁਕਤੀ ਨਾਜਾਇਜ਼ ਕਰਾਰ

Saturday, Jun 04, 2022 - 04:22 PM (IST)

ਸਪੋਰਟਸ ਡੈਸਕ- ਅਗਲੇ ਮਹੀਨੇ ਹੋਣ ਜਾ ਰਹੇ ਚੈੱਸ ਓਲੰਪਿਆਡ ਤੋਂ ਇਕ ਮਹੀਨੇ ਪਹਿਲਾਂ ਦਿੱਲੀ ਹਾਈ ਕੋਰਟ ਨੇ ਆਲ ਇੰਡੀਆ ਚੈੱਸ ਫੈੱਡਰੇਸ਼ਨ ਨੂੰ ਵੱਡਾ ਝਟਕਾ ਦਿੰਦੇ ਹੋਏ ਫੈੱਡਰੇਸ਼ਨ ਦੇ ਸਕੱਤਰ ਭਾਰਤ ਸਿੰਘ ਚੌਹਾਨ ਦੀ ਨਿਯੁਕਤੀ ਨੂੰ ਨਾਜਾਇਜ਼ ਕਰਾਰ ਦਿੱਤਾ ਹੈ।

ਇਹ ਵੀ ਪੜ੍ਹੋ : ਸਟਾਰ ਫੁੱਟਬਾਲਰ ਪਿਕ ਨੇ ਪੌਪ ਸਿੰਗਰ ਸ਼ਕੀਰਾ ਨੂੰ ਦਿੱਤਾ ਧੋਖਾ! ਹੋ ਸਕਦੇ ਨੇ ਇਕ ਦੂਜੇ ਤੋਂ ਵੱਖ

2 ਜੂਨ ਨੂੰ ਹਾਈ ਕੋਰਟ ਦੇ ਫ਼ੈਸਲੇ ਦੇ ਬਾਅਦ ਹੁਣ ਭਾਰਤ ਸਿੰਘ ਚੌਹਾਨ ਸਕੱਤਰ ਦੇ ਅਹੁਦੇ 'ਤੇ ਨਹੀਂ ਰਹਿ ਸਕਣਗੇ। ਇਸ ਮਾਮਲੇ 'ਚ ਸਕੱਤਰ ਦੀ ਚੋਣ ਲੜਨ ਵਾਲੇ ਰਵਿੰਦਰ ਡੋਗਰੇ ਨੇ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ ਤੇ ਉਸ ਦੀ ਇਸ ਪਟੀਸ਼ਨ 'ਤੇ ਹਾਈ ਕੋਰਟ ਨੇ ਇਹ ਅੰਤ੍ਰਿਮ ਫ਼ੈਸਲਾ ਦਿੱਤਾ। ਹਾਲਾਂਕਿ ਇਸ ਮਾਮਲੇ 'ਚ ਅਜੇ ਅਗਲੀ ਸੁਣਵਾਲੀ 22 ਅਗਸਤ ਨੂੰ ਹੋਵੇਗੀ ਤੇ ਅੰਤਿਮ ਫ਼ੈਸਲਾ ਆਉਣਾ ਅਜੇ ਬਾਕੀ ਹੈ ਪਰ ਇਸ ਵਿਚਾਲੇ ਚੈੱਸ ਓਲੰਪਿਆਡ ਦਾ ਆਯੋਜਨ ਹੋ ਚੁੱਕਾ ਹੋਵੇਗਾ। ਚੈੱਸ ਓਲੰਪਿਆਡ 28 ਜੁਲਾਈ ਤੋਂ ਲੈ ਕੇ 10 ਅਗਸਤ ਵਿਚਾਲ ਹੋਵੇਗਾ ਤੇ ਫੈਡਰੇਸ਼ਨ ਦਾ ਸਕੱਤਰ ਭਾਰਤ ਸਿੰਘ ਚੌਹਾਨ ਇਸ ਟੂਰਨਾਮੈਂਟ ਦਾ ਡਾਇਰੈਕਟਰ ਹੈ। 

ਚੌਹਾਨ ਤੋਂ ਹੋ ਸਕਦੀ ਹੈ ਰਿਕਵਰੀ
ਹਾਈ ਕੋਰਟ ਨੇ ਆਪਣੇ ਫ਼ੈਸਲੇ 'ਚ ਸਪੋਰਟਸ ਕੋਡ ਦੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਲਿਖਿਆ ਕਿ ਜੇਕਰ ਕੋਈ ਵਿਅਕਤੀ ਨਾਜਾਇਜ਼ ਤਰੀਕੇ ਨਾਲ ਫੈੱਡਰੇਸ਼ਨ ਦੇ ਕਿਸੇ ਅਹੁਦੇ 'ਤੇ ਰਹਿੰਦਾ ਹੈ ਤਾਂ ਉਸ ਅਹੁਦੇ 'ਤੇ ਰਹਿੰਦੇ ਸਮੇਂ ਫੈੱਡਰੇਸ਼ਨ ਤੇ ਸਰਕਾਰ ਵਲੋਂ ਦਿੱਤਾ ਗਿਆ ਸਾਰਾ ਖ਼ਰਚਾ ਨਿਯੁਕਤੀ ਨਾਜਾਇਜ਼ ਹੋਣ ਦੀ ਸਥਿਤੀ 'ਚ ਵਾਪਸ ਦੇਣਾ ਪਵੇਗਾ। ਹਾਲਾਂਕਿ ਇਸ ਮਾਮਲੇ 'ਚ ਇਹ ਅੰਤ੍ਰਿਮ ਫ਼ੈਸਲਾ ਹੈ ਤੇ ਉਸ ਨੂੰ ਆਪਣੇ ਅਹੁਦੇ 'ਤੇ ਰਹਿਣ ਦੌਰਾਨ ਕੀਤੇ ਗਏ ਸਾਰੇ ਖ਼ਰਚੇ ਵੀ ਵਾਪਸ ਕਰਨੇ ਪੈ ਸਕਦੇ ਹਨ।

ਇਹ ਵੀ ਪੜ੍ਹੋ : ਓਲੰਪਿਕ 'ਚ Break Dance ਈਵੈਂਟ 'ਤੇ ਭਾਰਤ ਦੀ ਨਜ਼ਰ, ਇਸ ਸੂਬੇ 'ਚ ਖੁੱਲ੍ਹੇਗੀ ਅਕੈਡਮੀ

ਵਿਪਨੇਸ਼ ਭਾਰਦਵਾਜ ਬਣੇ ਸਕੱਤਰ
ਦਿੱਲੀ ਹਾਈ ਕੋਰਟ ਵਲੋਂ ਭਾਰਤ ਸਿੰਘ ਚੌਹਾਨ ਦੀ ਨਿਯੁਕਤੀ ਨਾਜਾਇਜ਼ ਠਹਿਰਾਏ ਜਾਣ ਤੋਂ ਬਾਅਦ ਆਲ ਇੰਡੀਆ ਚੈੱਸ ਫੈੱਡਰੇਸ਼ਨ ਦਾ ਸਕੱਤਰ ਨਿਯੁਕਤ ਕਰ ਦਿੱਤਾ ਗਿਆ ਹੈ। ਵਿਪਨੇਸ਼ ਭਾਰਦਵਾਜ ਨਵੇਂ ਸਕੱਤਰ ਚੁਣੇ ਗਏ ਹਨ। ਫੈੱਡਰੇਸ਼ਨ ਵਲੋਂ ਇਸ ਮਾਮਲੇ 'ਚ ਜਾਰੀ ਪੱਤਰ ਦੀ ਸੂਚਨਾ ਖੇਡ ਮੰਤਰਾਲਾ ਤੇ ਸਪੋਰਟਸ ਅਥਾਰਿਟੀ ਆਫ ਇੰਡੀਆ ਨੂੰ ਵੀ ਭੇਜੀ ਗਈ ਹੈ। ਪੱਤਰ 'ਚ ਲਿਖਿਆ ਗਿਆ ਹੈ ਕਿ 44ਵੇਂ ਚੈੱਸ ਓਲੰਪਿਆਡ ਨੂੰ ਦੇਖਦੇ ਹੋਏ ਇਹ ਨਿਯੁਕਤੀ ਕੀਤੀ ਗਈ ਹੈ ਤੇ ਉਹ ਫੈਡਰੇਸ਼ਨ ਦੀ ਅਗਲੀ ਜਨਰਲ ਬਾਡੀ ਮੀਟਿੰਗ ਤਕ ਫੈੱਡਰੇਸ਼ਨ ਦੇ ਸਕੱਤਰ ਰਹਿਣਗੇ।

ਨਿਯਮਾਂ ਦੀ ਉਲੰਘਣਾ ਕਰ ਕੇ ਸਕੱਤਰ ਬਣੇ ਚੌਹਾਨ
ਦਰਅਸਲ ਭਾਰਤ ਸਿੰਘ 2017 ਤੋਂ ਲੈ ਕੇ 2021 ਤਕ ਫੈੱਡਰੇਸ਼ਨ ਦੇ ਸਕੱਤਰ ਰਹੇ ਹਨ। ਨੈਸ਼ਨਲ ਸਪੋਰਟਸ ਡਿਵੈਲਪਮੈਂਟ ਕੋਡ ਆਫ ਇੰਡੀਆ (ਐੱਨ. ਐੱਸ. ਡੀ. ਸੀ. ਆਈ.) ਦੇ ਨਿਯਮਾਂ ਦੇ ਮੁਤਾਬਕਾ ਆਮ ਤੌਰ 'ਤੇ ਸਕੱਤਰ ਦਾ ਕਾਰਜਕਾਲ 4 ਸਾਲ ਦਾ ਹੁੰਦਾ ਹੈ ਤੇ ਉਸ ਦਾ ਇਹਾ ਕਾਰਜਕਾਲ 2021 'ਚ ਖ਼ਤਮ ਹੋਣਾ ਸੀ ਪਰ 2020 'ਚ ਕੋਰੋਨਾ ਮਹਾਮਾਰੀ ਦੇ ਕਾਰਨ ਫੈੱਡਰੇਸ਼ਨ ਦੀਆ ਚੋਣਾਂ ਨਹੀਂ ਹੋਈਆਂ ਤੇ ਇਹ ਚੋਣਾ 2021 'ਚ ਕਰਵਾਈਆਂ ਗਈਆਂ। ਸਕੱਤਰ ਅਹੁਦੇ ਦੀਆਂ ਚੋਣਾਂ 'ਚ ਦੂਜੀ ਵਾਰ ਚੁਣੇ ਜਾਣ ਲਈ ਕਿਸੇ ਵੀ ਉਮੀਦਵਾਰ ਨੂੰ ਦੋ-ਤਿਹਾਈ ਮੈਂਬਰਾਂ ਦਾ ਬਹੁਮਤ ਹੋਣਾ ਜ਼ਰੂਰੀ ਹੈ। 2021 'ਚ ਜਦੋਂ ਫੈਡਰੇਸ਼ਨ ਦੀਆਂ ਚੋਣਾਂ ਹੋਈਆਂ ਸਨ ਤਾਂ ਉਸ 'ਚ ਕੁਲ 64 ਮੈਂਬਰਾਂ ਨੇ ਵੋਟਿੰਗ ਕੀਤੀ ਸੀ। ਭਾਰਤ ਸਿੰਘ ਚੌਹਾਨ ਨੂੰ ਇਸ ਵਿਚੋਂ 35 ਵੋਟਾਂ ਮਿਲੀਆਂ ਸਨ ਤੇ ਉਸ ਨੂੰ ਦੁਬਾਰਾ ਸਕੱਤਰ ਬਣਨ ਲਈ 44 ਵੋਟਾਂ ਦੀ ਲੋੜ ਸੀ। ਜਸਟਿਸ ਨਜਮੀ ਵਜੀਰੀ ਤੇ ਜਸਟਿਸ ਵਿਕਾਸ ਮਹਾਜਨ ਦੀ ਬੈਂਚ ਨੇ ਨੈਸ਼ਨਲ ਸਪੋਰਟਸ ਫੈਡਰੇਸ਼ਨ ਦੇ ਇਸ ਨਿਯਮ ਦਾ ਹਵਾਲਾ ਦੇ ਕੇ ਚੌਹਾਨ ਦੀ ਨਿਯੁਕਤੀ ਨੂੰ ਨਾਜਾਇਜ਼ ਐਲਾਨ ਦਿੱਤਾ ਹੈ।

ਇਹ ਵੀ ਪੜ੍ਹੋ : T 20 Blast : ਕ੍ਰਿਸ ਲਿਨ ਨੇ ਮਾਰਿਆ ਇੰਨਾ ਲੰਬਾ ਸਿਕਸ, ਸਟੇਡੀਅਮ ਪਾਰ ਕਰਕੇ ਘਰ 'ਚ ਡਿੱਗੀ ਗੇਂਦ

ਇਸ ਮਾਮਲੇ 'ਚ ਪਟੀਸ਼ਨਕਰਤਾ ਆਰ. ਐੱਮ. ਡੋਗਰੇ ਨੇ ਕਿਹਾ ਕਿ ਸਪੋਰਟਸ ਕੋਡ ਦੇ ਨਿਯਮਾਂ ਦੇ ਮੁਤਾਬਕ ਪਹਿਲੇ ਨੰਬਰ ਦੇ ਉਮੀਦਵਾਰ ਭਾਰਤ ਸਿੰਘ ਚੌਹਾਨ ਦੀ ਨਿਯੁਕਤੀ ਨਾਜਾਇਜ਼ ਠਹਿਰਾਏ ਜਾਣ ਦੇ ਬਾਅਦ ਇਹ ਜ਼ਿੰਮੇਵਾਰੀ ਮੈਨੂੰ ਮਿਲਣੀ ਚਾਹੀਦੀ ਸੀ ਪਰ ਫੈਡਰੇਸ਼ਨ ਦੇ ਮੁਖੀ ਨੇ ਮਨਮਾਨੇ ਢੰਗ ਨਾਲ ਵਿਪਨੇਸ਼ ਭਾਰਦਵਾਜ ਦੀ ਨਿਯੁਕਤੀ ਕੀਤੀ ਹੈ। ਮੈਂ ਇਸ ਮਾਮਲੇ 'ਚ ਵੀ ਅਦਾਲਤ ਦਾ ਦਰਵਾਜ਼ਾ ਖੜਕਾਵਾਂਗਾ ਤੇ ਮੈਨੂੰ ਉਮੀਦ ਹੈ ਕਿ ਅਦਾਲਤ ਤੋਂ ਮੈਨੂੰ ਇਨਸਾਫ਼ ਮਿਲੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News