ਬਜਰੰਗ ਪੂਨੀਆ ਨੂੰ ਝਟਕਾ, ਨਾਡਾ ਨੇ ਫਿਰ ਕੀਤਾ ਮੁਅੱਤਲ, ਨੋਟਿਸ ਜਾਰੀ

Sunday, Jun 23, 2024 - 04:03 PM (IST)

ਬਜਰੰਗ ਪੂਨੀਆ ਨੂੰ ਝਟਕਾ, ਨਾਡਾ ਨੇ ਫਿਰ ਕੀਤਾ ਮੁਅੱਤਲ, ਨੋਟਿਸ ਜਾਰੀ

ਸਪੋਰਟਸ ਡੈਸਕ- ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ ਭਾਰਤੀ ਪਹਿਲਵਾਨ ਬਜਰੰਗ ਪੂਨੀਆ ਨੂੰ ਮੁਅੱਤਲ ਕਰ ਦਿੱਤਾ ਹੈ। ਡੋਪਿੰਗ ਵਿਰੋਧੀ ਨਿਯਮਾਂ ਦੀ ਉਲੰਘਣਾ ਲਈ ਮੁਅੱਤਲ ਬਜਰੰਗ ਪੂਨੀਆ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਗਿਆ ਹੈ। ਸੋਨੀਪਤ 'ਚ ਹੋਏ ਰਾਸ਼ਟਰੀ ਟਰਾਇਲ ਦੌਰਾਨ ਡੋਪ ਟੈਸਟ 'ਚ ਉਨ੍ਹਾਂ ਨੇ ਆਪਣਾ ਸੈਂਪਲ ਨਹੀਂ ਦਿੱਤਾ ਸੀ, ਜਿਸ ਤੋਂ ਬਾਅਦ ਨਾਡਾ ਨੇ ਇਹ ਵੱਡੀ ਕਾਰਵਾਈ ਕੀਤੀ ਹੈ। ਇਸ ਤੋਂ ਪਹਿਲਾਂ ਵੀ ਉਸ ਨੂੰ ਮੁਅੱਤਲ ਕੀਤਾ ਜਾ ਚੁੱਕਾ ਹੈ।
ਬਜਰੰਗ ਪੂਨੀਆ ਨੇ ਡੋਪ ਸੈਂਪਲ ਦੇਣ ਤੋਂ ਕੀਤਾ ਸੀ ਇਨਕਾਰ 
ਏਸ਼ੀਅਨ ਕੁਆਲੀਫਾਇਰ ਦੇ ਰਾਸ਼ਟਰੀ ਟਰਾਇਲਾਂ ਦੌਰਾਨ ਨਾਡਾ ਨੇ ਬਜਰੰਗ ਪੂਨੀਆ ਨੂੰ ਡੋਪ ਟੈਸਟ ਲਈ ਆਪਣਾ ਨਮੂਨਾ ਦੇਣ ਲਈ ਕਿਹਾ ਸੀ। ਪਰ ਉਨ੍ਹਾਂ ਨੇ ਇਸ ਗੱਲ ਤੋਂ ਸਾਫ਼ ਇਨਕਾਰ ਕਰ ਦਿੱਤਾ। ਫਿਰ ਉਨ੍ਹਾਂ ਨੇ ਕਿਹਾ ਸੀ ਕਿ ਟੈਸਟ ਲਈ ਜੋ ਉਨ੍ਹਾਂ ਨੂੰ ਕਿੱਟ ਭੇਜੀ ਗਈ ਸੀ ਉਹ ਐਕਸਪਾਇਰਡ ਕਿੱਟ ਭੇਜੀ ਗਈ ਸੀ। ਇਸ ਕਾਰਨ ਉਨ੍ਹਾਂ ਨੇ ਸੈਂਪਲ ਨਹੀਂ ਦਿੱਤਾ। ਇਸ ਕਾਰਨ ਉਨ੍ਹਾਂ ਨੂੰ 5 ਮਈ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਪਰ ਕੋਈ ਨੋਟਿਸ ਜਾਰੀ ਨਹੀਂ ਕੀਤਾ ਗਿਆ ਸੀ। ਪਰ ਇਸ ਵਾਰ ਨਾਡਾ ਨੇ ਉਨ੍ਹਾਂ ਨੂੰ ਵੀ ਮੁਅੱਤਲ ਕਰ ਦਿੱਤਾ ਹੈ ਅਤੇ 11 ਜੁਲਾਈ ਤੱਕ ਨੋਟਿਸ ਦਾ ਜਵਾਬ ਦੇਣ ਲਈ ਕਿਹਾ ਹੈ।
ਓਲੰਪਿਕ ਵਿੱਚ ਭਾਰਤ ਲਈ ਜਿੱਤ ਚੁੱਕੇ ਹਨ ਕਾਂਸੀ ਦੇ ਤਮਗੇ 
ਬਜਰੰਗ ਪੂਨੀਆ ਨੂੰ ਪੈਰਿਸ ਓਲੰਪਿਕ ਕੁਆਲੀਫਾਇਰ ਲਈ ਆਯੋਜਿਤ ਰਾਸ਼ਟਰੀ ਚੋਣ ਟਰਾਇਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ਉਹ ਇਸ ਵਾਰ ਓਲੰਪਿਕ ਖੇਡਣ ਨਹੀਂ ਜਾਣਗੇ। ਬਜਰੰਗ ਪੂਨੀਆ ਨੇ ਓਲੰਪਿਕ ਵਿੱਚ ਭਾਰਤ ਲਈ ਕਾਂਸੀ ਦਾ ਤਮਗਾ ਜਿੱਤਿਆ ਸੀ। ਉਨ੍ਹਾਂ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਇੱਕ ਚਾਂਦੀ ਅਤੇ 3 ਕਾਂਸੀ ਦੇ ਤਮਗੇ ਜਿੱਤੇ ਹਨ। ਉਨ੍ਹਾਂ ਨੇ ਏਸ਼ਿਆਈ ਖੇਡਾਂ ਵਿੱਚ ਇੱਕ ਗੋਲਡ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਦੋ ਗੋਲਡ ਆਪਣੇ ਨਾਮ ਕੀਤੇ ਹਨ।
ਬਜਰੰਗ ਪੂਨੀਆ ਉਨ੍ਹਾਂ ਪਹਿਲਵਾਨਾਂ ਵਿੱਚੋਂ ਸਨ ਜਿਨ੍ਹਾਂ ਨੇ ਡਬਲਯੂਐੱਫਆਈ ਦੇ ਸਾਬਕਾ ਮੁਖੀ ਬ੍ਰਿਜਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਅੰਦੋਲਨ ਕੀਤਾ ਸੀ। ਉਦੋਂ ਮਹਿਲਾ ਪਹਿਲਵਾਨਾਂ ਨੇ ਬ੍ਰਿਜਭੂਸ਼ਣ ਸ਼ਰਨ ਸਿੰਘ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਸਨ। ਬਜਰੰਗ ਪੂਨੀਆ, ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਦੀ ਅਗਵਾਈ ਵਿੱਚ ਭਾਰਤੀ ਪਹਿਲਵਾਨਾਂ ਨੇ ਵੀ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਕੀਤਾ।


author

Aarti dhillon

Content Editor

Related News