ਸਰਫਰਾਜ਼ ਨੂੰ ਪਾਕਿ ਟੀਮ ''ਚੋਂ ਹਟਾਉਣ ''ਤੇ ਸ਼ੋਏਬ ਅਖਤਰ ਦਾ ਪ੍ਰਤੀਕਰਮ ਆਇਆ ਸਾਹਮਣੇ
Saturday, Oct 19, 2019 - 02:54 PM (IST)
ਸਪੋਰਟਸ ਡੈਸਕ— ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਦਾ ਮੰਨਣਾ ਹੈ ਕਿ ਕਪਤਾਨੀ ਤੋਂ ਹਟਾਏ ਜਾਣ ਦੇ ਬਾਅਦ ਹੁਣ ਪਾਕਿਸਤਾਨੀ ਕ੍ਰਿਕਟ ਟੀਮ 'ਚ ਸਰਫਰਾਜ਼ ਅਹਿਮਦ ਨੂੰ ਜਗ੍ਹਾ ਨਹੀਂ ਮਿਲੇਗੀ। ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਸੀ ਕਿ ਸਰਫਰਾਜ਼ ਟੈਸਟ ਅਤੇ ਟੀ-20 'ਚ ਪਾਕਿਸਤਾਨ ਦੀ ਕਪਤਾਨੀ ਨਹੀਂ ਕਰਨਗੇ। ਅਖਤਰ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ, ''ਮੈਨੂੰ ਪਤਾ ਸੀ ਕਿ ਸਰਫਰਾਜ਼ ਦੇ ਨਾਲ ਅਜਿਹਾ ਹੋਵੇਗਾ। ਇਸ ਦੇ ਲਈ ਸਿਰਫ ਉਹੀ ਦੋਸ਼ੀ ਹੈ। ਮੈਂ ਉਸ ਨੂੰ ਦੋ ਸਾਲਾਂ ਤੋਂ ਕਹਿ ਰਿਹਾ ਸੀ ਕਿ ਆਪਣੇ ਪ੍ਰਦਰਸ਼ਨ 'ਚ ਸੁਧਾਰ ਕਰੋ।''
I saw it coming for Sarfraz. Nobody else is to be blamed but him. Been telling him for two years to pull up his socks.
— Shoaib Akhtar (@shoaib100mph) October 18, 2019
ਕਪਤਾਨੀ ਤੋਂ ਹਟਾਏ ਜਾਣ ਤੋਂ ਇਲਾਵਾ, ਸਰਫਰਾਜ਼ ਨੂੰ ਆਸਟਰੇਲੀਆ ਦੌਰੇ ਲਈ ਵੀ ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਪਾਕਿਸਤਾਨ ਦੀ ਟੀਮ ਆਸਟਰੇਲੀਆ ਦੇ ਖਿਲਾਫ ਤਿੰਨ ਟੀ-20 ਅਤੇ ਦੋ ਟੈਸਟ ਮੈਚ ਖੇਡੇਗੀ। ਅਖਤਰ ਨੇ ਆਪਣੇ ਯੂ ਟਿਊਬ ਚੈਨਲ 'ਤੇ ਕਿਹਾ ਕਿ ਇਹ ਸਥਿਤੀ ਉਸ ਦੀ ਗਲਤੀ ਦੇ ਕਾਰਨ ਹੀ ਪੈਦਾ ਹੋਈ ਹੈ। ਇਸ 'ਚ ਕਿਸੇ ਹੋਰ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ ਹੈ। ਮੈਂ ਤੁਹਾਨੂੰ ਇਹ ਵੀ ਕਹਿਣਾ ਚਾਹਾਂਗਾ ਕਿ ਚੋਣਕਰਤਾ ਹੁਣ ਉਸ ਨੂੰ ਟੀਮ 'ਚ ਨਹੀਂ ਰੱਖਣਗੇ ਅਤੇ ਮੈਂ ਇਸ ਦੀ ਗਾਰੰਟੀ ਦੇ ਸਕਦਾ ਹਾਂ। ਅਖਤਰ ਨੇ ਕਿਹਾ ਕਿ ਸਰਫਰਾਜ਼ ਦੀ ਕਪਤਾਨੀ 'ਚ ਕਦੀ ਆਤਮਵਿਸ਼ਵਾਸ ਨਹੀਂ ਦਿੱਸਿਆ। ਤਜਰਬੇਕਾਰ ਅਜ਼ਹਰ ਅਲੀ ਨੂੰ ਟੈਸਟ ਅਤੇ ਬਾਬਰ ਆਜ਼ਮ ਨੂੰ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਤਕ ਸਭ ਤੋਂ ਛੋਟੇ ਫਾਰਮੈਟ ਦੀ ਟੀਮ ਦੀ ਕਮਾਨ ਸੌਂਪੀ ਗਈ ਹੈ।