ਵਿੰਡੀਜ਼ ਲਈ ਜਦ ਵੀ ਸ਼ਾਈ ਹੋਪ ਨੇ ਲਗਾਇਆ ਸੈਂਕਡ਼ਾ ਮੈਚ ਹੋਇਆ ਟਾਈ
Thursday, Oct 25, 2018 - 12:55 PM (IST)

ਨਵੀਂ ਦਿੱਲੀ— ਵਿਸ਼ਾਖਾਪਟਨਮ 'ਚ ਖੇਡਿਆ ਗਿਆ ਵਨ ਡੇ ਸੀਰੀਜ਼ ਦਾ ਦੂਜਾ ਮੁਕਾਬਲਾ ਟਾਈ ਰਿਹਾ। ਟੀਮ ਇੰਡੀਆ ਨੇ ਨਿਧਾਰਿਤ 50 ਓਵਰਾਂ 'ਚ 6 ਵਿਕਟਾਂ 'ਤੇ 321 ਦੌੜਾਂ ਬਣਾਈਆਂ। ਇਸ ਤਰ੍ਹਾਂ ਵੈਸਟ ਇੰਡੀਜ਼ ਨੂੰ ਜਿੱਤ ਲਈ 322 ਦੌੜਾਂ ਦਾ ਟੀਚਾ ਮਿਲਿਆ, ਪਰ ਜਵਾਬ 'ਚ ਉਹ ਵੀ 7 ਵਿਕਟਾਂ 'ਤੇ 321 ਦੌੜਾਂ ਤੱਕ ਹੀ ਪਹੁੰਚ ਸਕੀ। ਇਸ ਤਰ੍ਹਾਂ ਮੈਚ ਟਾਈ ਹੋ ਗਿਆ। ਵਿੰਡੀਜ਼ ਵਲੋਂ ਇਸ ਮੈਚ 'ਚ ਹੀਰੋ ਰਹੇ ਸ਼ਾਈ ਹੋਪ, ਜਿਨ੍ਹਾਂ ਨੇ 50ਵੇਂ ਓਵਰ ਦੀ ਆਖਰੀ ਗੇਂਦ 'ਤੇ ਚੌਕਾ ਲਗਾਉਂਦੇ ਹੋਏ ਮੁਕਾਬਲਾ ਬਰਾਬਰੀ 'ਤੇ ਰੋਕ ਦਿੱਤਾ।
ਸ਼ਾਈ ਹੋਪ ਦੇ ਕਰੀਅਰ 'ਤੇ ਨਜ਼ਰ ਮਾਰੀਏ ਤਾਂ ਟਾਈ ਮੈਚ ਅਤੇ ਸੈਂਕੜੇ ਦਾ ਦਿਲਚਸਪ ਸਬੰਧ ਸਾਹਮਣੇ ਆਉਂਦਾ ਹੈ। ਦਰਅਸਲ, ਉਨ੍ਹਾਂ ਨੇ ਵਨ ਡੇ 'ਚ ਦੋ ਸੈਂਕੜਾ ਲਗਾਏ ਹਨ ਅਤੇ ਦੋਵੇਂ ਹੀ ਮੁਕਾਬਲੇ ਟਾਈ ਰਹੇ। ਉਨ੍ਹਾਂ ਨੇ ਪਹਿਲਾਂ ਸੈਂਕੜਾ ਜ਼ਿੰਮਬਾਵੇ ਖਿਲਾਫ 19 ਨਵੰਬਰ, 2016 ਨੂੰ ਲਗਾਇਆ ਸੀ। ਇਹ ਮੈਚ ਟਾਈ ਰਿਹਾ ਸੀ, ਜਦਕਿ ਦੂਜਾ ਮੁਕਾਬਲਾ ਬੁੱਧਵਾਰ ਨੂੰ ਭਾਰਤ ਖਿਲਾਫ ਸੀ। ਉਨ੍ਹਾਂ ਦੇ ਸੈਂਕੜੇ ਦੀ ਵਜ੍ਹਾ ਨਾਲ ਹੀ ਵਿਰਾਟ ਕੋਹਲੀ ਦੀ ਸਭ ਤੋਂ ਤੇਜ਼ 10 ਹਜ਼ਾਰ ਵਨ ਡੇ ਦੌੜਾਂ ਦੀ ਸਪੈਸ਼ਲ ਪਾਰਟੀ ਫਿੱਕੀ ਹੋ ਗਈ।
ਇਸ ਤਰ੍ਹਾਂ ਵੈਸਟ ਇੰਡੀਜ਼ ਦੇ ਸ਼ਾਈ ਹੋਪ ਟਾਈ ਮੈਚ 'ਚ ਦੋ ਸੈਂਕੜੇ ਬਣਾਉਣ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਇੰਨਾ ਹੀ ਨਹੀਂ, ਉਹ ਟਾਈ ਮੈਚ 'ਚ ਟੀਚੇ ਦਾ ਪਿੱਛਾ ਕਰਦੇ ਹੋਏ ਅਜੇਤੂ ਸਭ ਤੋਂ ਵੱਡਾ ਸਕੋਰ ਬਣਾਉਣ ਵਾਲੇ ਖਿਡਾਰੀ ਵੀ ਬਣੇ ਹਨ। ਉਨ੍ਹਾਂ ਨੇ ਮੈਚ 'ਚ ਅਜੇਤੂ 123 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਪਾਕਿਸਤਾਨ ਦੇ ਸਈਦ ਅਨਵਰ ਦਾ ਰਿਕਾਰਡ ਤੋੜਿਆ। ਅਨਵਰ ਨੇ ਸਾਲ 1995 'ਚ ਜ਼ਿੰਮਬਾਵੇ ਖਿਲਾਫ ਅਜੇਤੂ 103* ਦੌੜਾਂ ਦੀ ਪਾਰੀ ਖੇਡੀ ਸੀ। ਸ਼ੇਨ ਹੋਪ ਨੇ 134 ਗੇਂਦਾਂ 'ਚ 10 ਚੌਕੇ ਅਤੇ 3 ਛੱਕੇ ਲਗਾਏ। ਦੱਸ ਦਈਏ ਕਿ ਮੈਚ 'ਚ ਵੈਸਟ ਇੰਡੀਜ਼ ਨੂੰ ਜਿੱਤ ਲਈ ਆਖਰੀ ਗੇਂਦ 'ਤੇ 5 ਦੌੜਾਂ ਚਾਹੀਦੀਆਂ ਸਨ ਅਤੇ ਸ਼ਾਈ ਹੋਪ ਨੇ ਉਮੇਸ਼ ਯਾਦਵ ਦੀ ਗੇਂਦ 'ਤੇ ਚੌਕਾ ਲਗਾਉਂਦੇ ਹੋਏ ਮੈਚ ਟਾਈ ਕਰਾ ਦਿੱਤਾ। ਸੀਰੀਜ਼ ਦੇ ਪਹਿਲੇ ਮੈਚ 'ਚ ਭਾਰਤੀ ਟੀਮ ਨੇ 8 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ ਉਹ 1-0 ਨਾਲ ਅੱਗੇ ਹੈ।