Aus ਤੋਂ ਮਿਲੀ ਹਾਰ ''ਤੇ ਬੋਲੇ ਹੋਪ- ਇਸ ਵੱਡੀ ਵਜ੍ਹਾ ਨਾਲ ਹਾਰ ਨੂੰ ਪਚਾਉਣਾ ਹੈ ਮੁਸ਼ਕਲ
Friday, Jun 07, 2019 - 04:52 PM (IST)

ਨਾਟਿੰਘਮ— ਵਿਕਟਕੀਪਰ ਬੱਲੇਬਾਜ਼ ਸ਼ਾਈ ਹੋਪ ਨੇ ਸਵੀਕਾਰ ਕੀਤਾ ਹੈ ਕਿ ਜਿਸ ਤਰ੍ਹਾਂ ਨਾਲ ਵੈਸਟਇੰਡੀਜ਼ ਨੇ ਵਰਲਡ ਕੱਪ 'ਚ ਆਸਟਰੇਲੀਆ ਖਿਲਾਫ ਚੰਗੀ ਸਥਿਤੀ 'ਚ ਹੋਣ ਦੇ ਬਾਵਜੂਦ ਮੈਚ ਗੁਆਇਆ, ਉਸ ਨੂੰ ਪਚਾ ਸਕਣਾ ਮੁਸ਼ਕਲ ਹੈ। ਆਸਟਰੇਲੀਆ ਦਾ ਸਕੋਰ ਇਕ ਸਮੇਂ ਪੰਜ ਵਿਕਟਾਂ 'ਤੇ 79 ਦੌੜਾਂ ਸੀ ਪਰ ਨਾਥਨ ਕੂਲਟਰ ਨਾਈਲ (92) ਅਤੇ ਸਟੀਵ ਸਮਿਥ (73) ਦੀਆਂ ਪਾਰੀਆਂ ਤੋਂ ਉਹ 288 ਦੌੜਾਂ ਬਣਾਉਣ 'ਚ ਸਫਲ ਰਿਹਾ।
ਇਸ ਤੋਂ ਬਾਅਦ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ 46 ਦੌੜਾਂ ਦੇ ਕੇ ਪੰਜ ਵਿਕਟ ਲਏ ਜਿਸ ਨਾਲ ਵੈਸਟਇੰਡੀਜ਼ ਨੂੰ ਹੋਪ ਦੀਆਂ 68 ਦੌੜਾਂ ਦੇ ਬਾਵਜੂਦ 15 ਦੌੜਾਂ ਨਾਲ ਹਾਰ ਝਲਣੀ ਪਈ। ਹੋਪ ਨੇ ਕਿਹਾ, ''ਅਸੀਂ ਅਸਲ 'ਚ ਮੈਚ 'ਚ ਜ਼ਿਆਦਾਤਰ ਸਮਾਂ ਦਬਦਬਾ ਬਣਾਏ ਰਖਿਆ ਸੀ ਅਤੇ ਇਸ ਲਈ ਇਸ ਹਾਰ ਨੂੰ ਪਚਾ ਸਕਣਾ ਮੁਸ਼ਕਲ ਹੈ।'' ਉਨ੍ਹਾਂ ਕਿਹਾ, ''ਜੋ ਵੀ ਹੋਵੇ ਸਾਨੂੰ ਚੰਗੀ ਕ੍ਰਿਕਟ ਖੇਡਣੀ ਹੋਵੇਗੀ। ਅਸੀਂ ਹਮੇਸ਼ਾ ਆਪਣੇ ਵੱਲੋਂ ਸਰਵਸ੍ਰੇਸ਼ਠ ਕ੍ਰਿਕਟ ਖੇਡਦੇ ਹਾਂ ਅਤੇ ਉਸ ਦਿਨ ਜੋ ਵੀ ਟੀਮ ਚੰਗਾ ਪ੍ਰਦਰਸ਼ਨ ਕਰੇਗੀ ਉਹ ਜਿੱਤੇਗੀ।''