ਰਿਜ਼ਵਾਨ ਦੀ ਜਗ੍ਹਾ ਸ਼ਾਹੀਨ ਸ਼ਾਹ ਅਫਰੀਦੀ ਬਣਿਆ ਪਾਕਿਸਤਾਨ ਦੀ ਵਨ ਡੇ ਟੀਮ ਦਾ ਕਪਤਾਨ

Wednesday, Oct 22, 2025 - 05:04 PM (IST)

ਰਿਜ਼ਵਾਨ ਦੀ ਜਗ੍ਹਾ ਸ਼ਾਹੀਨ ਸ਼ਾਹ ਅਫਰੀਦੀ ਬਣਿਆ ਪਾਕਿਸਤਾਨ ਦੀ ਵਨ ਡੇ ਟੀਮ ਦਾ ਕਪਤਾਨ

ਸਪੋਰਟਸ ਡੈਸਕ- ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਅਗਲੇ ਮਹੀਨੇ ਦੱਖਣੀ ਅਫਰੀਕਾ ਵਿਰੁੱਧ ਹੋਣ ਵਾਲੀ ਵਨ ਡੇ ਲੜੀ ਤੋਂ ਪਹਿਲਾਂ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਨੂੰ ਆਪਣੀ ਵਨ ਡੇ ਟੀਮ ਦਾ ਕਪਤਾਨ ਨਿਯੁਕਤ ਕੀਤਾ ਹੈ, ਜਿਹੜਾ ਮੁਹੰਮਦ ਰਿਜ਼ਵਾਨ ਦੀ ਜਗ੍ਹਾ ਲਵੇਗਾ।

ਪੀ. ਸੀ. ਬੀ. ਨੇ ਸੋਮਵਾਰ ਨੂੰ ਕਿਹਾ ਕਿ ਸ਼ਾਹੀਨ 4 ਤੋਂ 8 ਨਵੰਬਰ ਤੱਕ ਫੈਸਲਾਬਾਦ ਵਿਚ ਦੱਖਣੀ ਅਫਰੀਕਾ ਵਿਰੁੱਧ ਹੋਣ ਵਾਲੀ 3 ਮੈਚਾਂ ਦੀ ਵਨ ਡੇ ਲੜੀ ਵਿਚ ਪਾਕਿਸਤਾਨ ਦੀ ਟੀਮ ਦੀ ਅਗਵਾਈ ਕਰੇਗਾ।

ਪੀ. ਸੀ. ਬੀ. ਨੇ ਕਿਹਾ ਕਿ ਸ਼ਾਹੀਨ ਅਫਰੀਦੀ ਨੂੰ ਕਪਤਾਨ ਬਣਾਉਣ ਦਾ ਫੈਸਲਾ ਇਸਲਾਮਾਬਾਦ ਵਿਚ ਹੋਈ ਮੀਟਿੰਗ ਵਿਚ ਲਿਆ ਗਿਆ, ਜਿਸ ਵਿਚ ਰਾਸ਼ਟਰੀ ਚੋਣਕਾਰ, ਸਲਾਹਕਾਰ ਬੋਰਡ ਦੇ ਮੈਂਬਰ ਤੇ ਸੀਮਤ ਓਵਰਾਂ ਦੀ ਰਾਸ਼ਟਰੀ ਟੀਮ ਦਾ ਮੁੱਖ ਕੋਚ ਮਾਈਕ ਹੈਸਨ ਸ਼ਾਮਲ ਸੀ।

ਸ਼ਾਹੀਨ ਨੂੰ 2023 ਦੇ ਆਖਿਰ ਵਿਚ ਰਾਸ਼ਟਰੀ ਟੀ-20 ਕਪਤਾਨ ਵੀ ਬਣਾਇਆ ਗਿਆ ਸੀ ਪਰ ਨਿਊਜ਼ੀਲੈਂਡ ਵਿਚ ਸਿਰਫ ਇਕ ਲੜੀ ਤੋਂ ਬਾਅਦ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ। ਉਸ ਦੀ ਜਗ੍ਹਾ ਫਿਰ ਤੋਂ ਬਾਬਰ ਆਜ਼ਮ ਨੂੰ ਕਪਤਾਨ ਬਣਾਇਆ ਗਿਆ ਸੀ, ਜਿਸ ਨੇ ਪਿਛਲੇ ਵਿਸ਼ਵ ਟੀ-20 ਕੱਪ ਵਿਚ ਪਾਕਿਸਤਾਨ ਦੀ ਟੀਮ ਦੀ ਅਗਵਾਈ ਕੀਤੀ ਸੀ।

ਇਕ ਭਰੋਸੇਯੋਗ ਸੂਤਰ ਨੇ ਕਿਹਾ ਕਿ ਇਹ ਹੈਸਨ ਹੀ ਸੀ, ਜਿਹੜਾ ਸਲਮਾਨ ਅਲੀ ਆਗਾ ਨੂੰ ਟੀ-20 ਤੇ ਸ਼ਾਹੀਨ ਨੂੰ ਵਨ ਡੇ ਟੀਮ ਦਾ ਕਪਤਾਨ ਬਣਾਉਣ ਦੇ ਪੱਖ ਵਿਚ ਸੀ। ਉਸ ਦਾ ਮੰਨਣਾ ਹੈ ਕਿ ਲੰਬੀ ਮਿਆਦ ਲਈ ਕਪਤਾਨ ਨਿਯੁਕਤ ਕੀਤੇ ਜਾਣ ਨਾਲ ਉਸ ਨੂੰ ਮਜ਼ਬੂਤ ਟੀਮ ਤਿਆਰ ਕਰਨ ਿਵਚ ਮਦਦ ਮਿਲੇਗੀ। ਸ਼ਾਹੀਨ ਨੇ ਪਾਕਿਸਤਾਨ ਲਈ 66 ਵਨ ਡੇ ਤੇ 92 ਟੀ-20 ਮੈਚ ਖੇਡਣ ਤੋਂ ਇਲਾਵਾ 32 ਟੈਸਟ ਮੈਚ ਵੀ ਖੇਡੇ ਹਨ। ਪੀ. ਸੀ. ਬੀ. ਪਿਛਲੇ 2 ਸਾਲਾਂ ਵਿਚ ਲਗਾਤਾਰ ਕੋਚ ਤੇ ਕਪਤਾਨ ਬਦਲਦਾ ਰਿਹਾ ਹੈ। ਉਸ ਨੇ ਰਿਜ਼ਵਾਨ ਨੂੰ ਹਟਾਉਣ ਦਾ ਕੋਈ ਠੋਸ ਕਾਰਨ ਨਹੀਂ ਦੱਸਿਆ, ਹਾਲਾਂਕਿ ਉਸਦੀ ਕਪਤਾਨੀ ਵਿਚ ਪਾਕਿਸਤਾਨ ਨੇ ਆਸਟ੍ਰੇਲੀਆ, ਜ਼ਿੰਬਾਬਵੇ ਤੇ ਦੱਖਣੀ ਅਫਰੀਕਾ ਵਿਚ ਵਨ ਡੇ ਸੀਰੀਜ਼ ਜਿੱਤੀ ਪਰ ਇਸ ਤੋਂ ਬਾਅਦ ਟੀਮ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ, ਜਿਸ ਵਿਚ ਚੈਂਪੀਅਨਸ ਟਰਾਫੀ ਵਿਚ ਖਰਾਬ ਪ੍ਰਦਰਸ਼ਨ ਵੀ ਸ਼ਾਮਲ ਹੈ।


author

Rakesh

Content Editor

Related News