ਧੋਨੀ ਨੂੰ 7ਵੇਂ ਨੰਬਰ ''ਤੇ ਭੇਜਣਾ ਹੀ ਘਾਤਕ ਸੀ : ਗਾਵਸਕਰ

07/13/2019 4:11:50 AM

ਲੰਡਨ/ਨਵੀਂ ਦਿੱਲੀ— ਸਾਬਕਾ ਭਾਰਤੀ ਕਪਤਾਨ ਤੇ ਹੁਣ ਕੁਮੈਂਟੇਟਰ ਸੁਨੀਲ ਗਾਵਸਕਰ ਨੇ ਨਿਊਜ਼ੀਲੈਂਡ ਵਿਰੁੱਧ ਸੈਮੀਫਾਈਨਲ ਮੁਕਾਬਲੇ ਵਿਚ ਮਹਿੰਦਰ ਸਿੰਘ ਧੋਨੀ ਵਰਗੇ ਤਜਰਬੇਕਾਰ ਖਿਡਾਰੀ ਨੂੰ ਬੱਲੇਬਾਜ਼ੀ ਕ੍ਰਮ ਵਿਚ ਹੇਠਾਂ ਭੇਜਣ 'ਤੇ ਟੀਮ ਮੈਨੇਜਮੈਂਟ ਨੂੰ ਫਿਟਕਾਰ ਲਾਈ ਹੈ। ਗਾਵਸਕਰ ਨੇ ਧੋਨੀ ਨੂੰ ਬੱਲੇਬਾਜ਼ੀ ਕ੍ਰਮ ਵਿਚ 7ਵੇਂ ਨੰਬਰ 'ਤੇ ਭੇਜਣ 'ਤੇ ਅਸੰਤੋਸ਼ ਪ੍ਰਗਟਾਉਂਦਿਆਂ ਟੀਮ ਮੈਨੇਜਮੈਂਟ ਦੇ ਫੈਸਲੇ ਨੂੰ ਘਾਤਕ ਦੱਸਿਆ ਹੈ। ਭਾਰਤ ਨੂੰ ਇਸ ਮੁਕਾਬਲੇ ਵਿਚ 18 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਟੀਮ ਵਿਸ਼ਵ ਕੱਪ ਵਿਚੋਂ ਬਾਹਰ ਹੋ ਗਈ।
ਭਾਰਤ 240 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਆਪਣੀਆਂ 3 ਵਿਕਟਾਂ ਸਿਰਫ 5 ਦੌੜਾਂ 'ਤੇ ਗੁਆ ਚੁੱਕਾ ਸੀ। ਇਨ੍ਹਾਂ ਹਾਲਾਤ ਵਿਚ ਉਮੀਦ ਸੀ ਕਿ ਪਾਰੀ ਨੂੰ ਸੰਭਾਲਣ ਲਈ ਧੋਨੀ ਨੂੰ ਉਪਰ ਭੇਜਿਆ ਜਾਵੇਗਾ ਪਰ ਟੀਮ ਮੈਨੇਜਮੈਂਟ ਨੇ ਉਸ ਨੂੰ ਰਿਸ਼ਭ ਪੰਤ, ਦਿਨੇਸ਼ ਕਾਰਤਿਕ ਤੇ ਹਾਰਦਿਕ ਪੰਡਯਾ ਤੋਂ ਬਾਅਦ 7ਵੇਂ ਨੰਬਰ 'ਤੇ ਭੇਜਿਆ। ਟੀਮ ਮੈਨੇਜਮੈਂਟ ਦੇ ਇਸ ਫੈਸਲੇ ਦੀ ਹਰ ਜਗ੍ਹਾ ਸਖਤ ਆਲੋਚਨਾ ਹੋ ਰਹੀ ਹੈ ਤੇ ਗਾਵਸਕਰ ਵਰਗੇ ਧਾਕੜ ਖਿਡਾਰੀ ਨੇ ਵੀ ਕਿਹਾ ਹੈ ਕਿ ਧੋਨੀ ਨੂੰ ਉੱਪਰ ਭੇਜਿਆ ਜਾਣਾ ਚਾਹੀਦਾ ਸੀ। 
ਭਾਰਤ ਦੀਆਂ 4 ਵਿਕਟਾਂ 10 ਓਵਰਾਂ ਵਿਚ 24 ਦੌੜਾਂ 'ਤੇ ਡਿੱਗ ਚੁੱਕੀਆਂ ਸਨ। ਸਾਰਿਆਂ ਨੂੰ ਉਮੀਦ ਸੀ ਕਿ ਧੋਨੀ ਮੈਦਾਨ 'ਤੇ ਉਤਰੇਗਾ ਪਰ ਪੰਤ ਦਾ ਸਾਥ ਦੇਣ ਪੰਡਯਾ ਮੈਦਾਨ 'ਤੇ ਆਇਆ। ਦੋਵਾਂ ਨੇ 5ਵੀਂ ਵਿਕਟ ਲਈ 47 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਦੌੜਾਂ ਦੇ ਵਧਦੇ ਦਬਾਅ ਕਾਰਨ ਉਨ੍ਹਾਂ ਨੇ ਆਪਣਾ ਸਬਰ ਖੋਹ ਦਿੱਤਾ ਤੇ ਉੱਚੇ ਸ਼ਾਟ ਖੇਡ ਕੇ ਕੈਚ ਆਊਟ ਹੋ ਬੈਠੇ। 
ਟੀਮ ਚੋਣ ਦੇ ਫੈਸਲੇ 'ਤੇ ਵੀ ਉਠਾਏ ਸਵਾਲ 
ਟੀਮ ਦੇ ਚੋਣ ਦੇ ਫੈਸਲਿਆਂ 'ਤੇ ਵੀ ਸਵਾਲ ਉਠਾਉਂਦਿਆਂ ਗਾਵਸਕਰ ਨੇ ਕਿਹਾ, ''ਕਈ ਅਜਿਹੇ ਫੈਸਲੇ ਹੁੰਦੇ ਹਨ, ਜਿਹੜੇ ਸਮਝ ਤੋਂ ਪਰ੍ਹੇ ਹਨ। ਰਾਇਡੂ ਦੀ ਉਦਾਹਰਣ ਹੀ ਲੈ ਲਓ। ਕੀ ਕੋਈ ਮੈਨੂੰ ਸਮਝਾ ਸਕਦਾ ਹੈ ਕਿ ਮਯੰਕ ਅਗਰਵਾਲ ਨੂੰ ਇੱਥੇ ਕਿਉਂ ਲਿਆਂਦਾ ਗਿਆ ਜਦਕਿ ਉਸ ਨੇ ਇਕ ਵੀ ਵਨ ਡੇ ਨਹੀਂ ਖੇਡਿਆ ਹੈ। ਮਯੰਕ ਸ਼੍ਰੀਲੰਕਾ ਵਿਰੁੱਧ ਆਖਰੀ ਲੀਗ ਮੈਚ ਤੋਂ ਪਹਿਲਾਂ ਇੰਗਲੈਂਡ ਪਹੁੰਚਿਆ ਸੀ ਅਤੇ ਕੀ ਤੁਸੀਂ ਉਸ ਨੂੰ ਸਿੱਧੇ ਸੈਮੀਫਾਈਨਲ ਜਾਂ ਫਾਈਨਲ ਵਿਚ ਡੈਬਿਊ ਕਰਵਾ ਦਿੰਦੇ। ਰਾਇਡੂ ਨੂੰ ਕਿਉਂ ਨਹੀਂ ਲਿਆਂਦਾ ਗਿਆ, ਜਿਹੜਾ ਬਦਲਵਾਂ ਖਿਡਾਰੀ ਸੀ। ਇਹ ਸਭ ਦੇਖਣਾ ਕਾਫੀ ਨਿਰਾਸ਼ਾਜਨਕ ਸੀ।''
ਗਾਵਸਕਰ ਨੇ ਕਿਹਾ, ''ਕੁਝ ਮਹੀਨੇ ਪਹਿਲਾਂ ਕਪਤਾਨ ਵਿਰਾਟ ਕੋਹਲੀ ਕਹਿੰਦਾ ਹੈ ਕਿ ਰਾਇਡੂ ਚੌਥੇ ਨੰਬਰ ਲਈ ਸਭ ਤੋਂ ਫਿੱਟ ਹੈ ਪਰ ਫਿਰ ਚੌਥੇ ਨੰਬਰ ਦਾ ਕੀ ਹੋਇਆ। ਉਸ ਨੂੰ ਤਾਂ ਟੀਮ ਵਿਚ ਹੀ ਨਹੀਂ ਰੱਖਿਆ ਗਿਆ। ਸਿਰਫ ਚੋਣ ਕਮੇਟੀ ਹੀ ਨਹੀਂ ਸਗੋਂ ਟੀਮ ਮੈਨੇਜਮੈਂਟ ਵੀ ਇਸਦੇ ਲਈ ਜ਼ਿੰਮੇਵਾਰ ਹੈ। ਸਾਨੂੰ ਸਾਰਿਆਂ ਨੂੰ ਇਹ ਜਾਨਣ ਦਾ ਹੱਕ ਹੈ।''
ਕਪਤਾਨ ਅਤੇ ਕੋਚ ਦੇ ਪਰਤਣ ਤੋਂ ਬਾਅਦ ਭਾਰਤ ਦੇ ਵਿਸ਼ਵ ਕੱਪ ਪ੍ਰਦਰਸ਼ਨ ਦੀ ਸਮੀਖਿਆ ਕਰੇਗਾ ਸੀ. ਓ. ਏ.
ਸੁਪਰੀਮ ਕੋਰਟ ਵਲੋਂ ਨਿਯੁਕਤ ਅਧਿਕਾਰੀਆਂ ਦੀ ਕਮੇਟੀ ਕੋਚ ਰਵੀ ਸ਼ਾਸਤਰੀ ਅਤੇ ਕਪਤਾਨ ਵਿਰਾਟ ਕੋਹਲੀ ਦੇ ਪਰਤਣ ਤੋਂ ਬਾਅਦ ਵਿਸ਼ਵ ਕੱਪ ਵਿਚ ਭਾਰਤ ਦੇ ਪ੍ਰਦਰਸ਼ਨ ਦੀ ਸਮੀਖਿਆ ਕਰੇਗੀ ਅਤੇ ਫੋਕਸ ਵੱਡੇ ਟੂਰਨਾਮੈਂਟਾਂ ਵਿਚ ਟੀਮ ਚੋਣ 'ਤੇ ਰਹੇਗਾ। ਵਿਨੋਦ ਰਾਏ ਦੀ ਪ੍ਰਧਾਨਗੀ ਵਾਲੀ ਕਮੇਟੀ ਪ੍ਰਮੁੱਖ ਚੋਣਕਾਰ ਐੱਮ. ਐੱਸ. ਕੇ. ਪ੍ਰਸਾਦ ਨਾਲ ਵੀ ਗੱਲ ਕਰੇਗੀ। ਕਮੇਟੀ ਵਿਚ ਡਾਇਨਾ ਇਡੁਲਿਜੀ ਅਤੇ ਲੈਫਟੀਨੈਂਟ ਜਨਰਲ (ਰਿਟਾ.) ਰਿਵ ਥੋੜਗੇ ਵੀ ਹਨ।  ਰਾਏ ਨੇ ਕਿਹਾ, ਕਪਤਾਨ ਅਤੇ ਕੋਚ ਦੇ ਪਰਤਣ ਤੋਂ ਬਾਅਦ ਮੀਟਿੰਗ ਜ਼ਰੂਰੀ ਹੋਵੇਗੀ। ਮੈਂ ਮਿਤੀ ਅਤੇ ਸਮਾਂ ਨਹੀਂ ਦੱਸ ਸਕਦਾ ਪਰ ਅਸੀਂ ਉਨ੍ਹਾਂ ਨਾਲ ਗੱਲ ਕਰਾਂਗੇ। ਅਸੀਂ ਚੋਣ ਕਮੇਟੀ ਨਾਲ ਵੀ ਗੱਲ ਕਰਾਂਗੇ।''


Gurdeep Singh

Content Editor

Related News