ਸਪਿੰਨ ਵਿਰੁੱਧ ਤਿਆਰੀ ਤੇ ਹਾਲਾਤ ਨਾਲ ਤਾਲਮੇਲ ਬਿਠਾਉਣ ਦੀ ਮਾਨਸਿਕਤਾ ਰਾਹੁਲ ਦੀ ਸਫਲਤਾ ਦਾ ਰਾਜ਼
Monday, Aug 17, 2026 - 10:27 AM (IST)
ਗਾਲੇ- ਕੇ. ਐੱਲ. ਰਾਹੁਲ ਨੇ ਭਾਰਤ ਤੇ ਸ਼੍ਰੀਲੰਕਾ ਦੇ ਗਾਲੇ ’ਚ ਖੇਡੇ ਜਾ ਰਹੇ ਪਹਿਲੇ ਟੈਸਟ ਕ੍ਰਿਕਟ ਮੈਚ ਦੇ ਪਹਿਲੇ ਦਿਨ ਰਿਟਾਇਰਡ ਹਰਟ ਹੋਣ ਤੋਂ ਪਹਿਲਾਂ 77 ਦੌੜਾਂ ਬਣਾ ਕੇ ਇਸ ਦੌਰੇ ਲਈ ਆਪਣੀ ਪਹਿਲਾਂ ਤੋਂ ਤਿਆਰੀ ਨੀਤੀ ਦੀ ਤਿਆਰੀ ਅਤੇ ਹਾਲਾਤ ਨਾਲ ਸੁਮੇਲ ਬਿਠਾਉਣ ਦੀ ਆਪਣੀ ਮਾਨਸਿਕਤਾ ਦਾ ਸ਼ਾਨਦਾਰ ਨਮੂਨਾ ਪੇਸ਼ ਕੀਤਾ।
ਉਸ ਨੇ ਜਦੋਂ ਪ੍ਰਭਾਤ ਜਯਸੂਰੀਆ ’ਤੇ ਸ਼ਾਨਦਾਰ ਕਵਰ ਡਰਾਈਵ ਨਾਲ ਚੌਕਾ ਲਾਇਆ ਤਾਂ ਸ਼੍ਰੀਲੰਕਾ ਦਾ ਇਹ ਪ੍ਰਮੁੱਖ ਗੇਂਦਬਾਜ਼ ਵੀ ਖੁਦ ਨੂੰ ਮੁਸਕਰਾਉਣ ਤੋਂ ਨਹੀਂ ਰੋਕ ਸਕਿਆ। ਇਸ ਨਾਲ ਨਿਊਜ਼ੀਲੈਂਡ ਤੇ ਦੱਖਣੀ ਅਫਰੀਕਾ ਦੇ ਹੌਲੀ ਗਤੀ ਦੇ ਗੇਂਦਬਾਜ਼ਾਂ ਵਿਰੁੱਧ ਘਰੇਲੂ ਮੈਦਾਨ ’ਤੇ ਮਿਲੀ ਹਾਰ ਤੋਂ ਬਾਅਦ ਸਪਿੰਨਰਾਂ ਨੂੰ ਖੇਡਣ ਦੇ ਭਾਰਤੀ ਟੀਮ ਦੇ ਨਵੇਂ ਆਤਮਵਿਸ਼ਵਾਸ ਦਾ ਵੀ ਪਤਾ ਲੱਗਦਾ ਹੈ। ਅਜਿਹੇ ਸਮੇਂ ’ਚ ਭਾਰਤੀ ਟੀਮ ਦੇ ਸਭ ਤੋਂ ਸੀਨੀਅਰ ਬੱਲੇਬਾਜ਼ ਰਾਹੁਲ ਨੇ ਸ਼੍ਰੀਲੰਕਾਈ ਸਪਿੰਨਰਾਂ ਨੂੰ ਰੋਕਣ ਦਾ ਜ਼ਿੰਮੇਵਾਰੀ ਆਪਣੇ ਮੋਢਿਆਂ ’ਤੇ ਲਈ।
ਰਾਹੁਲ ਨੇ ਇਸ ਲਈ ਮੁੰਬਈ ਦੇ ਵਿੰਗਜ਼ ਸਪੋਰਟਸ ਸੈਂਟਰ ’ਚ ਸਖਤ ਤਿਆਰੀ ਕੀਤੀ ਸੀ। ਇਸ ਸੈਂਟਰ ਦਾ ਸੰਚਾਲਨ ਸਾਬਕਾ ਭਾਰਤੀ ਖਿਡਾਰੀ ਅਤੇ ਚੋਣਕਾਰ ਜਤਿਨ ਪਰਾਂਜਪੇ ਕਰਦਾ ਹੈ। ਰਾਹੁਲ ਦੇ ਸਾਥੀ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਨੇ ਵੀ ਉੱਥੇ ਅਭਿਆਸ ਕੀਤਾ ਸੀ। ਰਾਹੁਲ ਦੇ ਪਹਿਲੇ ਕੋਚ ਸੈਮੁਅਲ ਜਯਰਾਜ ਨੂੰ ਇਸ ਬੱਲੇਬਾਜ਼ ਦੇ ਪ੍ਰਦਰਸ਼ਨ ’ਤੇ ਜ਼ਰਾ ਵੀ ਹੈਰਾਨੀ ਨਹੀਂ ਹੋਈ। ਉਸ ਨੇ ਕਿਹਾ, ‘‘ਉਹ ਸ਼ੁਰੂ ਤੋਂ ਹੀ ਮਿਹਨਤੀ ਅਤੇ ਦ੍ਰਿੜ੍ਹ ਨਿਸ਼ਚੇ ਵਾਲਾ ਖਿਡਾਰੀ ਰਿਹਾ ਹੈ। ਉਸ ਦਾ ਦਿਮਾਗ ਤੇ ਤਕਨੀਕ ਦੋਵੇਂ ਹੀ ਮਜ਼ਬੂਤ ਹਨ ਪਰ ਉਸ ਤੋਂ ਵੀ ਵੱਧ ਕੇ ਉਹ ਹਮੇਸ਼ਾ ਸਿੱਖਣ ਅਤੇ ਹਾਲਾਤ ਨਾਲ ਤਾਲਮੇਲ ਬਿਠਾਉਣ ਲਈ ਤਿਆਰ ਰਹਿੰਦਾ ਹੈ।’’
ਜਯਰਾਜ ਨੇ ਕਿਹਾ, ‘‘ਇਕ ਵਾਰ ਚੰਗੀ ਸ਼ੁਰੂਆਤ ਮਿਲਣ ’ਤੇ ਰਾਹੁਲ ਜਾਣਦਾ ਹੈ ਕਿ ਇਸ ਦਾ ਪੂਰਾ ਫਾਇਦਾ ਕਿਵੇਂ ਚੁੱਕਣਾ ਹੈ। ਮੇਰੇ ਵਿਚਾਰ ’ਚ ਉਸ ਲਈ ਸਭ ਤੋਂ ਜ਼ਰੂਰੀ ਸੀ ਲੰਬੇ ਸਮੇਂ ਤੱਕ ਆਪਣੀ ਇਕਾਗਰਤਾ ਬਣਾਈ ਰੱਖਣਾ। ਹੁਣ ਉਹ ਸਟ੍ਰਾਈਕ ਰੋਟੇਟ ਕਰਨ ’ਚ ਵੀ ਕਾਫੀ ਮਾਹਿਰ ਹੋ ਗਿਆ ਹੈ।’’
ਗਾਲੇ ’ਚ ਚੱਲ ਰਹੇ ਟੈਸਟ ਮੈਚ ’ਚ ਕਰਨਾਟਕ ਦੇ ਇਸ ਬੱਲੇਬਾਜ਼ ਦਾ ਅਰਧ ਸੈਂਕੜਾ ਇਸ ਦਾ ਸਬੂਤ ਹੈ। ਰਾਹੁਲ ਨੇ 77 ਦੌੜਾਂ ਬਣਾਉਣ ਲਈ 162 ਗੇਂਦਾਂ ਖੇਡੀਆਂ ਪਰ ਉਸ ਨੂੰ ਹੱਥ ’ਚ ਦਰਦ ਦੇ ਕਾਰਨ ਮੈਦਾਨ ਛੱਡਣਾ ਪਿਆ। ਉਸ ਨੇ ਭਾਵੇਂ ਹੀ ਹੌਲੀ ਬੱਲੇਬਾਜ਼ੀ ਕੀਤੀ ਪਰ ਇਸ ਨਾਲ ਉਸ ਦੇ ਸਾਥੀ ਖਿਡਾਰੀਆਂ ਨੂੰ ਖੁੱਲ੍ਹ ਕੇ ਖੇਡਣ ਦਾ ਮੌਕਾ ਮਿਲਿਆ ਪਰ ਇਕ ਸਲਾਮੀ ਬੱਲੇਬਾਜ਼ ਦੇ ਰੂਪ ’ਚ ਰਾਹੁਲ ਵੱਖਰੇ ਰਿਕਾਰਡ ਦੀ ਬਜਾਏ ਟੀਮ ਦੇ ਹਿੱਤ ਨੂੰ ਜ਼ਿਆਦਾ ਮਹੱਤਵ ਦਿੰਦਾ ਹੈ।
