ਸਵਿਤਾ ਤੇ ਹਰਮਨਪ੍ਰੀਤ ਸਾਲ ਦੇ ਸਰਵੋਤਮ ਖਿਡਾਰੀ, 1975 ਵਿਸ਼ਵ ਕੱਪ ਜੇਤੂ ਟੀਮ ਵੀ ਸਨਮਾਨਿਤ
Sunday, Mar 16, 2025 - 11:07 AM (IST)

ਨਵੀਂ ਦਿੱਲੀ– ਪੈਰਿਸ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੂੰ ਹਾਕੀ ਇੰਡੀਆ ਦੇ 7ਵੇਂ ਸਾਲਾਨਾ ਐਵਾਰਡ ਸਮਾਰੋਹ ਵਿਚ ਸਾਲ 2024 ਦੇ ਸਰਵੋਤਮ ਖਿਡਾਰੀ ਤੇ ਧਾਕੜ ਗੋਲਕੀਪਰ ਸਵਿਤਾ ਨੂੰ ਸਰਵੋਤਮ ਮਹਿਲਾ ਖਿਡਾਰੀ ਦਾ ਬਲਬੀਰ ਸਿੰਘ ਸੀਨੀਅਰ ਐਵਾਰਡ ਮਿਲਿਆ।
50 ਸਾਲ ਪਹਿਲਾਂ 15 ਮਾਰਚ ਨੂੰ ਹੀ ਕੁਆਲਾਲੰਪੁਰ ਵਿਚ ਭਾਰਤ ਨੂੰ ਇਕਲੌਤਾ ਵਿਸ਼ਵ ਕੱਪ ਜਿਤਾਉਣ ਵਾਲੀ ਅਜੀਤਪਾਲ ਸਿੰਘ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੂੰ ਧਿਆਨਚੰਦ ਲਾਈਫਟਾਈਮ ਅਚਵੀਮੈਂਟ ਐਵਾਰਡ ਪ੍ਰਦਾਨ ਕੀਤਾ ਗਿਆ। ਪਿਛਲੇ ਸਾਲ ਪੈਰਿਸ ਓਲੰਪਿਕ ਵਿਚ 10 ਗੋਲ ਕਰ ਕੇ ਭਾਰਤ ਨੂੰ ਲਗਾਤਾਰ ਦੂਜਾ ਓਲੰਪਿਕ ਤਮਗਾ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਡ੍ਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਨੇ ਕਿਹਾ, ‘‘ਐਵਾਰਡ ਕਾਫੀ ਮਾਇਨੇ ਰੱਖਦੇ ਹਨ ਤੇ ਨੌਜਵਾਨਾਂ ਨੂੰ ਇਸ ਨਾਲ ਪ੍ਰੇਰਣਾ ਮਿਲਦੀ ਹੈ। ਮੈਂ ਉਨ੍ਹਾਂ ਨੂੰ ਇੰਨਾ ਹੀ ਕਹਾਂਗਾ ਕਿ ਨਤੀਜੇ ਦਾ ਦਬਾਅ ਲਏ ਬਿਨਾਂ ਸਖਤ ਮਿਹਨਤ ਕਰਦੇ ਰਹੋ।’’
ਉੱਥੇ ਹੀ, ਤੀਜੀ ਵਾਰ ਐਵਾਰਡ ਜਿੱਤਣ ਵਾਲੀ ਸਾਬਕਾ ਕਪਤਾਨ ਸਵਿਤਾ ਨੇ ਵੀਡੀਓ ਸੰਦੇਸ਼ ਵਿਚ ਕਿਹਾ,‘‘ਇਸ ਐਵਾਰਡ ਨਾਲ ਮੈਨੂੰ ਅੱਗੇ ਹੋਰ ਮਿਹਨਤ ਕਰਨ ਦੀ ਪ੍ਰੇਰਣਾ ਮਿਲੇਗੀ। ਇਹ ਮੇਰੇ ਸਾਥੀ ਖਿਡਾਰੀਆਂ ਨੂੰ ਸਮਰਪਿਤ ਹੈ।’’
ਉੱਥੇ ਹੀ, ਸਾਲ ਦੇ ਸਰਵੋਤਮ ਗੋਲਕੀਪਰ ਦਾ ਬਲਜੀਤ ਸਿੰਘ ਐਵਾਰਡ ਵੀ ਸਵਿਤਾ ਨੂੰ ਮਿਲਿਆ। ਸਰਵੋਤਮ ਡਿਫੈਂਡਰ ਦਾ ਪਰਗਟ ਸਿੰਘ ਐਵਾਰਡ ਅਮਿਤ ਰੋਹਿਦਾਸ ਨੇ ਜਿੱਤਿਆ ਜਦਕਿ ਸਰਵੋਤਮ ਮਿਡਫੀਲਡਰ ਦਾ ਅਜੀਤਪਾਲ ਸਿੰਘ ਐਵਾਰਡ ਹਾਰਦਿਕ ਸਿੰਘ ਨੂੰ ਮਿਲਿਆ। ਸਰਵੋਤਮ ਫਾਰਵਰਡ ਦਾ ਧਨਰਾਜ ਪਿੱਲੈ ਐੈਵਾਰਡ ਅਭਿਸ਼ੇਕ ਨੂੰ ਦਿੱਤਾ ਗਿਆ।
ਸਾਲ 2024 ਦੀ ਸਰਵੋਤਮ ਅੰਡਰ-21 ਮਹਿਲਾ ਖਿਡਾਰੀ ਦਾ ਅਸੁੰਥਾ ਲਾਕੜਾ ਐਵਾਰਡ ਡ੍ਰੈਗ ਫਲਿੱਕਰ ਦੀਪਿਕਾ ਨੂੰ ਮਿਲਿਆ ਜਦਕਿ ਪੁਰਸ਼ ਵਰਗ ਵਿਚ ਜੁਗਰਾਜ ਸਿੰਘ ਐਵਾਰਡ ਅਰਾਈਜੀਤ ਸਿੰਘ ਹੁੰਦਲ ਨੇ ਜਿੱਤਿਆ।