ਸਾਤਵਿਕ-ਚਿਰਾਗ ਦੀਆਂ ਨਜ਼ਰਾਂ ਜਾਪਾਨ ਓਪਨ ਖਿਤਾਬ ’ਤੇ

Tuesday, Jul 15, 2025 - 11:31 AM (IST)

ਸਾਤਵਿਕ-ਚਿਰਾਗ ਦੀਆਂ ਨਜ਼ਰਾਂ ਜਾਪਾਨ ਓਪਨ ਖਿਤਾਬ ’ਤੇ

ਸਪੋਰਟਸ ਡੈਸਕ- ਸਾਤਵਿਕਸਾਈਰਾਜ ਰੰਕੀਰੈਡੀ ਅਤੇ ਚਿਰਾਗ ਸ਼ੈੱਟੀ ਦੀ ਭਾਰਤੀ ਪੁਰਸ਼ ਡਬਲਜ਼ ਜੋੜੀ ਮੰਗਲਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਜਪਾਨ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਵਿੱਚ ਆਪਣੀ ਮੁਹਿੰਮ ਦਾ ਆਗਾਜ਼ ਖ਼ਿਤਾਬੀ ਸੋਕੇ ਨੂੰ ਖਤਮ ਕਰਨ ਦੇ ਇਰਾਦੇ ਨਾਲ ਕਰੇਗੀ। ਵਿਸ਼ਵ ਦਰਜਾਬੰਦੀ ਵਿੱਚ 15ਵੇਂ ਸਥਾਨ ’ਤੇ ਕਾਬਜ਼ ਸਾਤਵਿਕ ਤੇ ਚਿਰਾਗ ਦੀ ਜੋੜੀ ਇਸ ਸੀਜ਼ਨ ਵਿੱਚ ਤਿੰਨ ਟੂਰਨਾਮੈਂਟਾਂ ਦੇ ਸੈਮੀਫਾਈਨਲ ਤੱਕ ਪਹੁੰਚ ਚੁੱਕੀ ਹੈ।

ਇਸ ਤੋਂ ਇਲਾਵਾ ਉਸ ਨੇ ਪਿਛਲੇ ਮਹੀਨੇ ਇੰਡੋਨੇਸ਼ੀਆ ਓਪਨ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ ਸੀ। ਹਾਲਾਂਕਿ, ਇਹ ਜੋੜੀ ਇਸ ਸੀਜ਼ਨ ਵਿੱਚ ਅਜੇ ਤੱਕ ਕੋਈ ਖ਼ਿਤਾਬ ਨਹੀਂ ਜਿੱਤ ਸਕੀ। ਜਪਾਨ ਓਪਨ ਵਿੱਚ ਇਹ ਜੋੜੀ ਕੋਰੀਆ ਦੇ ਕਾਂਗ ਮਿਨ ਹਿਊਕ ਅਤੇ ਕੀ ਡੌਂਗ ਜ਼ੂ ਖ਼ਿਲਾਫ਼ ਸ਼ੁਰੂਆਤ ਕਰੇਗੀ।

ਸਿੰਗਲਜ਼ ਵਰਗ ਵਿੱਚ ਲਕਸ਼ੈ ਸੈਨ ਅਤੇ ਪੀਵੀ ਸਿੰਧੂ ਨੂੰ 950,000 ਡਾਲਰ ਇਨਾਮੀ ਰਾਸ਼ੀ ਵਾਲੇ ਟੂਰਨਾਮੈਂਟ ਵਿੱਚ ਆਪਣੀ ਲੈਅ ਮੁੜ ਹਾਸਲ ਕਰਨ ਦੀ ਉਮੀਦ ਹੋਵੇਗੀ। ਲਕਸ਼ੈ ਇਸ ਸੀਜ਼ਨ ਵਿੱਚ ਕਈ ਵਾਰ ਪਹਿਲੇ ਦੌਰ ਵਿੱਚੋਂ ਹੀ ਬਾਹਰ ਹੋ ਚੁੱਕਾ ਹੈ। ਮੌਜੂਦਾ ਸੀਜ਼ਨ ਵਿੱਚ ਉਸ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਆਲ ਇੰਗਲੈਂਡ ਵਿੱਚ ਰਿਹਾ ਜਿਸ ਵਿੱਚ ਉਹ ਕੁਆਰਟਰ ਫਾਈਨਲ ਤੱਕ ਪੁੱਜਾ ਸੀ।


author

Tarsem Singh

Content Editor

Related News